ਗੁਜਰਾਤ ਦੇ ਡੇਅਰੀ ਸੈਕਟਰ ਨਾਲ ਜੁੜੀਆਂ ਔਰਤਾਂ ਕਰ ਰਹੀਆਂ ਹਨ 80 ਹਜ਼ਾਰ ਕਰੋੜ ਦਾ ਕਾਰੋਬਾਰ : ਸ਼ਾਹ
Thursday, Jul 10, 2025 - 01:28 AM (IST)

ਅਹਿਮਦਾਬਾਦ-ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੰਤਰਰਾਸ਼ਟਰੀ ਸਹਿਕਾਰੀ ਸਾਲ ਦੇ ਤਹਿਤ ਆਯੋਜਿਤ ਕੀਤੇ ਜਾ ਰਹੇ ਪ੍ਰੋਗਰਾਮਾਂ ਦੇ ਹਿੱਸੇ ਵਜੋਂ ਅਹਿਮਦਾਬਾਦ ’ਚ ਗੁਜਰਾਤ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਸਹਿਕਾਰੀ ਖੇਤਰ ਨਾਲ ਜੁੜੀਆਂ ਔਰਤਾਂ ਅਤੇ ਹੋਰ ਕਾਮਿਆਂ ਨਾਲ ‘ਸਹਿਕਾਰ ਸੰਵਾਦ’ ਕੀਤਾ। ‘ਸਹਿਕਾਰ ਸੰਵਾਦ’ ਦੌਰਾਨ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਤ੍ਰਿਭੁਵਨਦਾਸ ਪਟੇਲ ਦੇ ਨਾਂ ’ਤੇ ਆਣੰਦ ਜ਼ਿਲੇ ’ਚ ਤ੍ਰਿਭੁਵਨ ਸਹਿਕਾਰੀ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਹਿਕਾਰੀ ਖੇਤਰ ’ਚ ਨੌਜਵਾਨ ਪੇਸ਼ੇਵਰਾਂ ਨੂੰ ਤਿਆਰ ਕਰਨ ਦਾ ਮੂਲ ਵਿਚਾਰ ਤ੍ਰਿਭੁਵਨਦਾਸ ਜੀ ਦਾ ਸੀ ਅਤੇ ਇਸੇ ਉਦੇਸ਼ ਲਈ ਇਹ ਯੂਨੀਵਰਸਿਟੀ ਸਥਾਪਿਤ ਕੀਤੀ ਜਾ ਰਹੀ ਹੈ।
ਤ੍ਰਿਭੁਵਨਦਾਸ ਜੀ ਨੇ ਹੀ ਸਹੀ ਅਰਥਾਂ ’ਚ ਕੋ-ਆਪ੍ਰੇਟਿਵ ਦੀ ਨੀਂਹ ਰੱਖੀ ਸੀ, ਜਿਸ ਕਾਰਨ ਅੱਜ ਗੁਜਰਾਤ ਦੇ ਡੇਅਰੀ ਸੈਕਟਰ ਨਾਲ ਜੁੜੀਆਂ 36 ਲੱਖ ਔਰਤਾਂ 80 ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਸੰਸਦ ’ਚ ਸਹਿਕਾਰੀ ਯੂਨੀਵਰਸਿਟੀ ਦਾ ਨਾਂ ਤ੍ਰਿਭੁਵਨਦਾਸ ਜੀ ਦੇ ਨਾਂ ’ਤੇ ਰੱਖਣ ਦਾ ਐਲਾਨ ਕੀਤਾ ਗਿਆ ਸੀ, ਤਾਂ ਇਹ ਸਵਾਲ ਉੱਠਿਆ ਕਿ ਇਹ ਵਿਅਕਤੀ ਕੌਣ ਹੈ। ਇਕ ਮਾਅਨੇ ’ਚ ਇਹ ਸਵਾਲ ਸਹੀ ਨਹੀਂ ਸੀ ਪਰ ਉਸ ਵਿਅਕਤੀ ਲਈ ਇਹ ਬਹੁਤ ਵੱਡੀ ਗੱਲ ਹੈ ਕਿ ਵੱਡਾ ਕੰਮ ਕਰਨ ਤੋਂ ਬਾਅਦ ਵੀ ਉਨ੍ਹਾਂ ਨੇ ਆਪਣਾ ਕੋਈ ਪ੍ਰਚਾਰ ਨਹੀਂ ਕੀਤਾ ਅਤੇ ਸਿਰਫ਼ ਕੰਮ ਕਰਦੇ ਰਹੇ।
ਰਿਟਾਇਰਮੈਂਟ ਤੋਂ ਬਾਅਦ ਕਰਾਂਗਾ ਕੁਦਰਤੀ ਖੇਤੀ
ਅਮਿਤ ਸ਼ਾਹ ਨੇ ਕਿਹਾ ਕਿ ਜਨਤਕ ਜੀਵਨ ਤੋਂ ਰਿਟਾਇਰ ਹੋਣ ਤੋਂ ਬਾਅਦ ਮੈਂ ਖੁਦ ਨੂੰ ਵੇਦਾਂ, ਉਪਨਿਸ਼ਦਾਂ ਅਤੇ ਕੁਦਰਤੀ ਖੇਤੀ ਲਈ ਸਮਰਪਿਤ ਕਰਨ ਦੀ ਯੋਜਨਾ ਬਣਾ ਰਿਹਾ ਹਾਂ। ਉਨ੍ਹਾਂ ਕਿਹਾ ਕਿ ਰਸਾਇਣਕ ਖਾਦਾਂ ਨਾਲ ਉਗਾਈ ਜਾਣ ਵਾਲੀ ਕਣਕ ਅਕਸਰ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣਦੀ ਹੈ। ਕੁਦਰਤੀ ਖੇਤੀ ਨਾ ਸਿਰਫ਼ ਸਰੀਰ ਨੂੰ ਰੋਗ ਮੁਕਤ ਬਣਾਉਂਦੀ ਹੈ, ਸਗੋਂ ਖੇਤੀਬਾੜੀ ਉਤਪਾਦਨ ਨੂੰ ਵੀ ਵਧਾਉਂਦੀ ਹੈ। ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਮੈਂ ਗ੍ਰਹਿ ਮੰਤਰੀ ਬਣਿਆ ਤਾਂ ਸਾਰਿਆਂ ਨੇ ਮੈਨੂੰ ਕਿਹਾ ਕਿ ਮੈਨੂੰ ਇਕ ਬਹੁਤ ਮਹੱਤਵਪੂਰਨ ਵਿਭਾਗ ਦਿੱਤਾ ਗਿਆ ਹੈ ਪਰ ਜਿਸ ਦਿਨ ਮੈਨੂੰ ਸਹਿਕਾਰਤਾ ਮੰਤਰੀ ਬਣਾਇਆ ਗਿਆ, ਮੈਨੂੰ ਲੱਗਾ ਕਿ ਮੈਨੂੰ ਗ੍ਰਹਿ ਮੰਤਰਾਲੇ ਤੋਂ ਵੀ ਵੱਡਾ ਵਿਭਾਗ ਮਿਲਿਆ ਹੈ, ਜੋ ਦੇਸ਼ ਦੇ ਕਿਸਾਨਾਂ, ਗਰੀਬਾਂ, ਪਿੰਡਾਂ ਅਤੇ ਪਸ਼ੂਆਂ ਲਈ ਕੰਮ ਕਰਦਾ ਹੈ।