‘ਔਰਤਾਂ ਵਿਰੁੱਧ ਜਬਰ-ਜ਼ਨਾਹ ਅਤੇ ਹਿੰਸਾ ਲਗਾਤਾਰ ਜਾਰੀ’ ਹੁਣ ਵਿਦੇਸ਼ੀ ਔਰਤਾਂ ਵੀ ਹੋਣ ਲੱਗੀਆਂ ਸ਼ਿਕਾਰ!

Tuesday, Oct 28, 2025 - 05:17 AM (IST)

‘ਔਰਤਾਂ ਵਿਰੁੱਧ ਜਬਰ-ਜ਼ਨਾਹ ਅਤੇ ਹਿੰਸਾ ਲਗਾਤਾਰ ਜਾਰੀ’ ਹੁਣ ਵਿਦੇਸ਼ੀ ਔਰਤਾਂ ਵੀ ਹੋਣ ਲੱਗੀਆਂ ਸ਼ਿਕਾਰ!

‘ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ’ (ਐੱਨ. ਸੀ. ਆਰ. ਬੀ.) ਦੇ ਅੰਕੜਿਆਂ ਮੁਤਾਬਕ 2021 ’ਚ ਦੇਸ਼ ’ਚ ਔਰਤਾਂ ਵਿਰੁੱਧ ਅਪਰਾਧ ਦੇ 4.28 ਲੱਖ ਮਾਮਲੇ ਦਰਜ ਕੀਤੇ ਗਏ ਸਨ, ਜੋ 2022 ’ਚ ਵਧ ਕੇ 4.45 ਲੱਖ ਅਤੇ ਹਾਲ ਹੀ ’ਚ ਆਈ ਐੱਨ. ਸੀ. ਆਰ. ਬੀ. ਦੀ ਰਿਪੋਰਟ ਅਨੁਸਾਰ 2023 ’ਚ ਇਨ੍ਹਾਂ ਦੀ ਗਿਣਤੀ ਹੋਰ ਵੀ ਵਧ ਕੇ 4.48 ਲੱਖ ਹੋ ਗਈ ਅਤੇ ਇਸ ’ਚ ਲਗਾਤਾਰ ਵਾਧਾ ਜਾਰੀ ਹੈ।

ਹੱਦ ਇਹ ਹੈ ਕਿ ਹੁਣ ਤਾਂ ਵਿਦੇਸ਼ ਤੋਂ ਭਾਰਤ ’ਚ ਖੇਡਣ ਆਉਣ ਵਾਲੀਅਾਂ ਮਹਿਲਾ ਖਿਡਾਰਨਾਂ ਵੀ ਸੁਰੱਖਿਅਤ ਨਹੀਂ ਹਨ ਅਤੇ ਭਾਰਤ ਦੀ ਸੈਰ ਲਈ ਆਉਣ ਵਾਲੀਅਾਂ ਵਿਦੇਸ਼ੀ ਔਰਤਾਂ ਦੇ ਵਿਰੁੱਧ ਵੀ ਯੌਨ ਅਪਰਾਧ ਅਤੇ ਹਿੰਸਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ, ਜਿਸ ਦੀਅਾਂ ਸਿਰਫ ਪਿਛਲੇ 4 ਮਹੀਨਿਆਂ ਦੀਅਾਂ ਉਦਾਹਰਣਾਂ ਹੇਠਾਂ ਦਰਜ ਹਨ :

* 25 ਜੂਨ ਨੂੰ ਫਿਲਮਾਂ, ਟੀ. ਵੀ. ਵਿਗਿਆਪਨਾਂ, ਗੀਤਾਂ ਅਤੇ ਸੀਰੀਅਲਾਂ ’ਚ ‘ਕਾਸਟਿੰਗ ਡਾਇਰੈਕਟਰ’ ਦਾ ਕੰਮ ਕਰਨ ਵਾਲੇ ਇਕ ਨੌਜਵਾਨ ਨੇ ਘੁੰਮਣ-ਫਿਰਨ ਅਤੇ ਵਿਗਿਆਪਨਾਂ ਦੀ ਸ਼ੂਟਿੰਗ ਦੇ ਲਈ ‘ਉਦੈਪੁਰ’ (ਰਾਜਸਥਾਨ) ਆਈ ਇਕ ਫ੍ਰਾਂਸੀਸੀ ਮਹਿਲਾ ਨੂੰ ਕਿਸੇ ਮੋਬਾਈਲ ਕੰਪਨੀ ਦਾ ਵਿਗਿਆਪਨ ਦਿਵਾਉਣ ਦਾ ਝਾਂਸਾ ਦੇ ਕੇ ਆਪਣੇ ਕਮਰੇ ’ਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ।

ਮੁਲਜ਼ਮ ਨੌਜਵਾਨ ਨੂੰ ਬਾਅਦ ’ਚ ਚਿਤੌੜਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਗਿਆ।

* 2 ਅਗਸਤ ਨੂੰ ਪੁਲਸ ਨੇ ਭਾਰਤ ਘੁੰਮਣ ਆਈ ਇਕ ਵਿਦੇਸ਼ੀ ਮਹਿਲਾ ਨੂੰ ‘ਬੀਕਾਨੇਰ’ (ਰਾਜਸਥਾਨ) ਦੇ ‘ਲਾਲਗੜ੍ਹ’ ਇਲਾਕੇ ਦੇ ਇਕ ਹੋਟਲ ’ਚ ਡਿਨਰ ਦੇ ਬਹਾਨੇ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਵਾਲੇ ‘ਪੁਸ਼ਪਰਾਜ’ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ। ਇਸ ਤੋਂ ਪਹਿਲਾਂ ਮੁਲਜ਼ਮ ਨੇ ਮਹਿਲਾ ਦਾ ਭਰੋਸਾ ਜਿੱਤਣ ਲਈ ਉਸ ਨੂੰ ਇਕ ਕੈਫੇ ’ਚ ਲਿਜਾ ਕੇ ਉਸ ਦੇ ਨਾਲ ਪਾਰਟੀ ਵੀ ਕੀਤੀ ਸੀ।

ਇਸੇ ਤਰ੍ਹਾਂ ਹੀ ਕੁਝ ਸਮੇਂ ਪਹਿਲਾਂ ‘ਰਾਜਸਥਾਨ’ ਦੇ ਹੀ ‘ਚੂਰੂ’ ’ਚ ਇਕ ਨਾਬਾਲਿਗ ਵਿਦੇਸ਼ੀ ਲੜਕੀ ਦੇ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਸੀ।

* 6 ਅਗਸਤ ਨੂੰ ‘ਪਟਨਾ’ ਪਹੁੰਚੀ ਨੇਪਾਲ ਦੀ ਰਹਿਣ ਵਾਲੀ ਇਕ ਔਰਤ ਦੀ ਮਦਦ ਕਰਨ ਦਾ ਭਰੋਸਾ ਦੇ ਕੇ ਇਕ ਵਿਅਕਤੀ ‘ਪਟਨਾ ਜੰਕਸ਼ਨ’ ਤੋਂ ਉਸ ਨੂੰ ਆਪਣੇ ਨਾਲ ਲੈ ਗਿਆ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਪੀੜਤ ਮਹਿਲਾ ਦਾ ਕਹਿਣਾ ਹੈ ਕਿ ਉਹ ਤਾਂ ਪਰਿਵਾਰਿਕ ਮੈਂਬਰਾਂ ਦੀ ਤਸ਼ੱਦਦ ਤੋਂ ਬਚਣ ਦੇ ਲਈ ਪਟਨਾ ਪਹੁੰਚੀ ਸੀ ਪਰ ਇੱਥੇ ਆ ਕੇ ਤਾਂ ਉਹ ਉਸ ਤੋਂ ਵੀ ਵੱਡੀ ਮੁਸੀਬਤ ’ਚ ਫਸ ਗਈ।

* 7 ਸਤੰਬਰ ਨੂੰ ‘ਗੁਰੂਗ੍ਰਾਮ’ (ਹਰਿਆਣਾ) ’ਚ ‘ਮਾਨੇਸਰ’ ਦੇ ਆਈ. ਐੱਮ. ਟੀ. ਚੌਕ ਫਲਾਈ ਓਵਰ ਦੇ ਨੇੜੇ ‘ਯੁਗਾਂਡਾ’ ਦੀ ਰਹਿਣ ਵਾਲੀ ਇਕ ਔਰਤ ਦੀ ਖੂਨ ਨਾਲ ਲਥਪਥ ਅੱਧੀ-ਨੰਗੀ ਲਾਸ਼ ਬਰਾਮਦ ਹੋਈ।

* ਅਤੇ ਹੁਣ 25 ਅਕਤੂਬਰ ਨੂੰ ‘ਆਈ. ਸੀ. ਸੀ. ਮਹਿਲਾ ਕ੍ਰਿਕਟ ਵਿਸ਼ਵ ਕੱਪ-2025’ ’ਚ ਹਿੱਸਾ ਲੈਣ ਆਈਆਂ 2 ਆਸਟ੍ਰੇਲੀਆਈ ਮਹਿਲਾ ਕ੍ਰਿਕਟਰਾਂ ਦਾ ਇੰਦੌਰ (ਮੱਧ ਪ੍ਰਦੇਸ਼) ’ਚ ਪਿੱਛਾ ਕਰਨ ਅਤੇ ਇਕ ਦੇ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਪੁਲਸ ਅਧਿਕਾਰੀਆਂ ਅਨੁਸਾਰ ਦੋਵੇਂ ਮਹਿਲਾ ਕ੍ਰਿਕਟਰ ਆਪਣੇ ਹੋਟਲ ਤੋਂ ਬਾਹਰ ਨਿਕਲ ਕੇ ਇਕ ਕੈਫੇ ਵੱਲ ਜਾ ਰਹੀਆਂ ਸਨ ਕਿ ਉਦੋਂ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਨ੍ਹਾਂ ’ਚੋਂ ਇਕ ਨੌਜਵਾਨ ਨੇ ਤਾਂ ਇਕ ਖਿਡਾਰਨ ਨੂੰ ਗਲਤ ਤਰੀਕੇ ਨਾਲ ਛੂਹਿਆ ਅਤੇ ਭੱਜ ਗਿਆ ਜਦਕਿ ਦੂਜੇ ਨੂੰ ਗ੍ਰਿਫਤਰ ਕਰ ਲਿਆ ਗਿਆ ਹੈ।

ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਭਾਰਤ ਆਈਅਾਂ ਵਿਦੇਸ਼ੀ ਮਹਿਲਾਵਾਂ ਦੇ ਨਾਲ ਇਸ ਤਰ੍ਹਾਂ ਦਾ ਆਚਰਣ ਕਰ ਕੇ ਕੁਝ ਦਰਿੰਦੇ ਨਾ ਸਿਰਫ ਦੇਸ਼ ਅਤੇ ਸਬੰਧਤ ਰਾਜਾਂ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ, ਸਗੋਂ ਅਜਿਹੀਆਂ ਘਟਨਾਵਾਂ ਨਾਲ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ’ਚ ਕਮੀ ਆਵੇਗੀ। ਜੇਕਰ ਮਹਿਲਾ ਖਿਡਾਰਨਾਂ ਵੀ ਸ਼ਿਕਾਰ ਹੋਣ ਲੱਗਣਗੀਆਂ ਤਾਂ ਫਿਰ ਖੇਡਣ ਦੇ ਲਈ ਭਾਰਤ ਆਉਣ ਤੋਂ ਵਿਦੇਸ਼ੀ ਮਹਿਲਾਵਾਂ ਸੰਕੋਚ ਕਰਨ ਲੱਗਣਗੀਆਂ।

ਇਸ ਦੇ ਨਤੀਜੇ ਵਜੋਂ ਖਰੀਦਦਾਰੀ ਅਤੇ ਲੈਣ-ਦੇਣ ਪ੍ਰਭਾਵਿਤ ਹੋਣ ਦੇ ਨਾਲ ਦੇਸ਼ ਬਹੁ-ਕੀਮਤੀ ਵਿਦੇਸ਼ੀ ਮੁਦਰਾ ਤੋਂ ਵੀ ਵਾਂਝਾ ਹੋਵੇਗਾ। ਭਾਰਤ ’ਚ ਤਾਂ ਮਹਿਮਾਨ ਨੂੰ ਦੇਵਤਾ ਦੇ ਬਰਾਬਰ (ਅਤਿਥੀ ਦੇਵੋ ਭਵ :) ਮੰਿਨਆ ਜਾਂਦਾ ਹੈ ਅਤੇ ਉਕਤ ਘਟਨਾਵਾਂ ਭਾਰਤ ਦੀ ਯੁੱਗਾਂ ਤੋਂ ਚੱਲੀ ਆ ਰਹੀ ਇਸ ਪ੍ਰੰਪਰਾ ਦੀ ਖੁੱਲ੍ਹੀ ਉਲੰਘਣਾ ਹੈ।

ਇਸ ਲਈ ਇਸ ਤਰ੍ਹਾਂ ਦੀਆਂ ਘਟਨਾਵਾਂ ’ਚ ਸ਼ਾਮਲ ਪਾਏ ਜਾਣ ਵਾਲੇ ਲੋਕਾਂ ਵਿਰੁੱਧ ਤੁਰੰਤ ਅਤੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਲੋੜ ਹੈ ਕਿਉਂਕਿ ਜਿੱਥੇ ਇਕ ਪਾਸੇ ਇਸ ਨਾਲ ਕੌਮਾਂਤਰੀ ਪੱਧਰ ’ਤੇ ਭਾਰਤ ਦੀ ਬਦਨਾਮੀ ਹੁੰਦੀ ਹੈ, ਉਥੇ ਹੀ ਸਬੰਧਤ ਦੇਸ਼ਾਂ ਦੇ ਨਾਲ ਕੂਟਨੀਤਿਕ ਸਬੰਧਾਂ ’ਤੇ ਵੀ ਭਾਰੀ ਅਸਰ ਪੈਂਦਾ ਹੈ।

–ਵਿਜੇ ਕੁਮਾਰ
 


author

Sandeep Kumar

Content Editor

Related News