ਪਾਸਪੋਰਟ ਵੈਰੀਫਿਕੇਸ਼ਨ ਲਈ ਥਾਣੇ ਗਈ ਔਰਤ ਦੇ ਸਿਰ 'ਤੇ ਲੱਗੀ ਗੋਲ਼ੀ, ਵੇਖੋ ਵੀਡੀਓ
Saturday, Dec 09, 2023 - 12:21 PM (IST)
ਅਲੀਗੜ੍ਹ- ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਕੋਤਵਾਲੀ ਨਗਰ 'ਚ ਡਿਊਟੀ 'ਤੇ ਤਾਇਨਾਤ ਇੰਸਪੈਕਟਰ ਦੀ ਪਿਸਤੌਲ ਤੋਂ ਗੋਲੀ ਚੱਲਣ ਨਾਲ ਇਕ ਔਰਤ ਜ਼ਖ਼ਮੀ ਹੋ ਗਈ। ਔਰਤ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਰਿਪੋਰਟ ਅਨੁਸਾਰ, ਔਰਤ ਅਲੀਗੜ੍ਹ ਕੋਤਵਾਲੀ ਦੇ ਸੀ.ਸੀ.ਟੀ.ਐੱਨ.ਐੱਸ. ਦਫ਼ਤਰ 'ਚ ਆਪਣਾ ਪਾਸਪੋਰਟ ਵੈਰੀਫਿਕੇਸ਼ਨ ਕਰਵਾਉਣ ਆਈ ਸੀ। ਇਸੇ ਦੌਰਾਨ ਇੰਸਪੈਕਟਰ ਮਨੋਜ ਸ਼ਰਮਾ ਦੀ ਸਰਕਾਰੀ ਪਿਸਤੌਲ ਤੋਂ ਗੋਲੀ ਚੱਲ ਗਈ। ਗੋਲੀ ਸਿੱਧੇ ਔਰਤ ਦੇ ਸਿਰ ਦੇ ਪਿਛਲੇ ਹਿੱਸੇ 'ਚ ਲੱਗੀ। ਲਾਪਰਵਾਹ ਇੰਸਪੈਕਟਰ ਮਨੋਜ ਸ਼ਰਮਾ ਫਰਾਰ ਹੈ।
ਐੱਸ.ਐੱਸ.ਪੀ. ਨੇ ਉਸ ਨੂੰ ਮੁਅੱਤਲ ਕਰ ਦਿੱਤਾ ਹੈ। ਐੱਸ.ਐੱਸ.ਪੀ. ਨੇ ਲਾਪਰਵਾਹੀ ਇੰਸਪੈਕਟਰ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਇਸ ਘਟਨਾ ਦਾ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਇਆ ਹੈ। ਘਟਨਾ ਸ਼ੁੱਕਰਵਾਰ ਦੁਪਹਿਰ ਕਰੀਬ 2.50 ਵਜੇ ਦੀ ਦੱਸੀ ਜਾ ਰਹੀ ਹੈ। ਇਸ਼ਰਤ ਜਹਾਂ ਪਾਸਪੋਰਟ ਵੈਰੀਫਿਕੇਸ਼ਨ ਲਈ ਆਪਣੇ ਵੱਡੇ ਪੁੱਤ ਇਸ਼ਾਨ ਨਾਲ ਗਈ ਸੀ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਦਫ਼ਤਰ 'ਚ ਸੰਬੰਧਤ ਕਰਮਚਾਰੀ ਦਾ ਇੰਤਜ਼ਾਰ ਕਰ ਰਹੀ ਸੀ। ਉਦੋਂ ਇੰਸਪੈਕਟਰ ਨੇ ਸਾਥੀ ਪੁਲਸ ਕਰਮੀ ਤੋਂ ਪਿਸਤੌਲ ਲੈ ਕੇ ਨਾ ਸਿਰਫ਼ ਲੋਡ ਕੀਤੀ ਸਗੋਂ ਬਿਨਾਂ ਸੋਚੇ-ਸਮਝੇ ਟ੍ਰਿਗਰ ਵੀ ਦਬਾ ਦਿੱਤਾ। ਗੋਲੀ ਕੁਝ ਦੂਰੀ 'ਤੇ ਖੜ੍ਹੀ ਇਸ਼ਰਤ ਦੇ ਸਿਰ 'ਚ ਜਾ ਲੱਗੀ। ਵੀਡੀਓ 'ਚ ਅੱਗੇ ਦੇਖਿਆ ਜਾ ਸਕਦਾ ਹੈ ਗੋਲੀ ਦੀ ਆਵਾਜ਼ ਸੁਣਦੇ ਹੀ ਮਨੋਜ ਕੁਮਾਰ ਪਿਸਤੌਲ ਟੇਬਲ 'ਤੇ ਰੱਖ ਕੇ ਔਰਤ ਵੱਲ ਆਏ, ਉਦੋਂ ਤੱਕ ਉਹ ਜ਼ਮੀਨ 'ਤੇ ਡਿੱਗ ਚੁੱਕੀ ਸੀ। ਗੋਲੀ ਦੀ ਆਵਾਜ਼ ਸੁਣਦੇ ਹੀ ਕੋਤਵਾਲੀ 'ਚ ਭੀੜ ਲੱਗ ਗਈ। ਇਸ ਵਿਚ ਇੰਸਪੈਕਟਰ ਗਾਇਬ ਹੋ ਗਿਆ। ਇਸ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਲੋਕਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਪੁਲਸ ਖ਼ਿਲਾਫ਼ ਜੰਮ ਕੇ ਨਾਅਰੇ ਲਗਾਏ ਗਏ। ਗੰਭੀਰ ਹਾਲਤ 'ਚ ਔਰਤ ਨੂੰ ਜੇ.ਐੱਨ. ਮੈਡੀਕਲ ਕਾਲਜ 'ਚ ਦਾਖ਼ਲ ਕਰਵਾਇਆ ਗਿਆ ਹੈ। ਗੁੱਸਾ ਦੇਖਦੇ ਹੋਏ ਕੋਤਵਾਲੀ 'ਚ ਐਡੀਸ਼ਨਲ ਪੁਲਸ ਫ਼ੋਰਸ ਦੀ ਤਾਇਨਾਤੀ ਕੀਤੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8