17 ਕਿ.ਮੀ. ਤੈਰ ਕੇ ਦੂਜੇ ਸੂਬੇ ''ਚ ਜਾ ਪਹੁੰਚੀ ਔਰਤ, ਪੈਰਾਂ ''ਚ ਬੰਨੀ ਸੀ ਜੰਜ਼ੀਰ

Saturday, Aug 03, 2024 - 11:59 AM (IST)

17 ਕਿ.ਮੀ. ਤੈਰ ਕੇ ਦੂਜੇ ਸੂਬੇ ''ਚ ਜਾ ਪਹੁੰਚੀ ਔਰਤ, ਪੈਰਾਂ ''ਚ ਬੰਨੀ ਸੀ ਜੰਜ਼ੀਰ

ਝਰਸਾਗੁੜਾ- ਛੱਤੀਸਗੜ੍ਹ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਲੋਕ ਚਮਤਕਾਰ ਮੰਨ ਰਹੇ ਹਨ। ਇੱਥੇ ਮਾਨਸਿਕ ਰੂਪ ਤੋਂ ਪਰੇਸ਼ਾਨ ਇਕ ਔਰਤ ਮਹਾਨਦੀ ਵਿਚ ਜਾ ਡਿੱਗੀ। ਲੋਕਾਂ ਨੂੰ ਲੱਗਾ ਕਿ ਉਸ ਦੀ ਮੌਤ ਹੋ ਗਈ ਹੋਵੇਗੀ ਪਰ ਫਿਰ ਕੁਝ ਅਜਿਹਾ ਹੋਇਆ, ਜਿਸ ਤੋਂ ਹਰ ਕੋਈ ਹੈਰਾਨ ਰਹਿ ਗਿਆ। ਔਰਤ ਤੈਰਦੇ-ਤੈਰਦੇ ਦੂਜੇ ਸੂਬੇ ਓਡੀਸ਼ਾ ਜਾ ਪਹੁੰਚੀ। ਉੱਥੇ ਕੁਝ ਮਛੇਰਿਆਂ ਨੇ ਉਸ ਦੀ ਜਾਨ ਬਚਾਈ। ਮਾਮਲਾ ਛੱਤੀਸਗੜ੍ਹ ਦੇ ਰਾਏਗੜ੍ਹ ਦਾ ਹੈ। ਇੱਥੇ ਬੀਤੇ ਕਈ ਦਿਨਾਂ ਤੋਂ ਮੋਹਲੇਧਾਰ ਮੀਂਹ ਦਾ ਦੌਰ ਜਾਰੀ ਹੋਣ ਕਾਰਨ ਮਹਾਨਦੀ ਵਿਚ ਪਾਣੀ ਦਾ ਪੱਧਰ ਵੱਧ ਗਿਆ ਹੈ। ਬੁੱਧਵਾਰ ਨੂੰ ਰਾਏਗੜ੍ਹ ਦੇ ਪੋਰਥ ਪਿੰਡ ਦੀ ਰਹਿਣ ਵਾਲੀ ਮਾਨਸਿਕ ਰੂਪ ਤੋਂ ਪਰੇਸ਼ਾਨ ਔਰਤ ਸਰੋਜਨੀ ਤਿਲਕ ਕੇ ਮਹਾਨਦੀ ਵਿਚ ਜਾ ਡਿੱਗੀ। ਵੀਰਵਾਰ ਸਵੇਰੇ ਔਰਤ ਕਿਸੇ ਤਰ੍ਹਾਂ ਤੈਰਦੇ ਹੋਏ ਓਡੀਸ਼ਾ ਦੇ ਝਰਸਾਗੁੜਾ ਜ਼ਿਲ੍ਹੇ ਵਿਚ ਪਹੁੰਚ ਗਈ। ਉਸ ਦੇ ਪੈਰਾਂ ਜੰਜ਼ੀਰ ਨਾਲ ਬੰਨੇ ਹੋਏ ਸਨ। 

ਮਛੇਰਿਆਂ ਨੇ ਬਚਾਈ ਔਰਤ ਦੀ ਜਾਨ

ਮਹਾਨਦੀ ਦੇ ਕਿਨਾਰੇ ਇਕ ਪਿੰਡ ਦੇ ਮਛੇਰੇ ਮੱਛੀਆਂ ਫੜ ਰਹੇ ਸਨ। ਮੱਛੀਆਂ ਫੜ ਰਹੇ ਮਛੇਰਿਆਂ ਨੇ ਜਦੋਂ ਔਰਤ ਨੂੰ ਵੇਖਿਆ ਤਾਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉਹ ਇਸ ਵਿਚ ਸਫ਼ਲ ਰਹੇ। ਉਨ੍ਹਾਂ ਨੇ ਔਰਤ ਨੂੰ ਨਦੀ ਵਿਚੋਂ ਬਾਹਰ ਕੱਢਿਆ। ਬਾਹਰ ਕੱਢਣ ਮਗਰੋਂ ਮਛੇਰਿਆਂ ਨੇ ਵੇਖਿਆ ਕਿ ਔਰਤ ਦੇ ਪੈਰ ਜੰਜ਼ੀਰ ਨਾਲ ਬੰਨੇ ਹੋਏ ਸਨ। ਇਸ ਤੋਂ ਬਾਅਦ ਔਰਤ ਤੋਂ ਪੁੱਛ-ਗਿੱਛ ਕੀਤੀ ਗਈ ਤਾਂ ਉਸ ਨੇ ਬਹੁਤ ਮੁਸ਼ਕਲ ਨਾਲ ਆਪਣਾ ਨਾਂ ਅਤੇ ਪਤਾ ਦੱਸਿਆ। 

ਔਰਤ ਦੇ ਪਤੀ ਨੇ ਛੱਡਿਆ, ਪੇਕੇ ਪਰਿਵਾਰ ਨੇ ਜੰਜ਼ੀਰਾਂ ਨਾਲ ਬੰਨਿਆ

ਰੰਗਾਲੀ ਥਾਣਾ ਇੰਚਾਰਜ ਨੇ ਦੱਸਿਆ ਕਿ ਔਰਤ ਮਾਨਸਿਕ ਤੌਰ 'ਤੇ ਪਰੇਸ਼ਾਨ ਜਾਪਦੀ ਹੈ। ਉਸ ਨੇ ਦੱਸਿਆ ਕਿ ਔਰਤ ਬਹੁਤ ਮੁਸ਼ਕਲ ਨਾਲ ਆਪਣੇ ਭਰਾ ਅਤੇ ਪਿੰਡ ਦਾ ਨਾਂ ਦੱਸ ਸਕੀ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਉਸ ਦੇ ਪਤੀ ਨੇ ਉਸ ਦੀ ਮਾਨਸਿਕ ਹਾਲਤ ਕਾਰਨ ਉਸ ਨੂੰ ਛੱਡ ਦਿੱਤਾ ਸੀ, ਜਿਸ ਤੋਂ ਬਾਅਦ ਔਰਤ ਆਪਣੇ ਭਰਾ ਨਾਲ ਰਹਿਣ ਲੱਗੀ। 5 ਸਾਲ ਪਹਿਲਾਂ ਉਸ ਦੇ ਵਿਆਹ ਤੋਂ ਬਾਅਦ ਜਦੋਂ ਉਸ ਦੇ ਸਹੁਰੇ ਉਸ ਨੂੰ ਛੱਡ ਗਏ ਤਾਂ ਔਰਤ ਦੇ ਪਰਿਵਾਰ ਵਾਲੇ ਉਸ ਨੂੰ ਆਪਣੇ ਨਾਲ ਲੈ ਆਏ। ਉਸ ਦੀ ਮਾਨਸਿਕ ਹਾਲਤ ਠੀਕ ਨਾ ਹੋਣ ਕਾਰਨ ਪਿੰਡ ਵਾਸੀਆਂ ਨੇ ਉਸ ਨੂੰ ਜੰਜ਼ੀਰਾਂ ਨਾਲ ਬੰਨ੍ਹ ਕੇ ਰੱਖਣ ਲਈ ਕਿਹਾ। ਇਸ ਤੋਂ ਬਾਅਦ ਉਹ ਉਸੇ ਤਰ੍ਹਾਂ ਰਹਿ ਰਹੀ ਸੀ। ਕਿਸੇ ਤਰ੍ਹਾਂ ਉਹ ਬੁੱਧਵਾਰ ਨੂੰ ਮਹਾਨਦੀ ਨੇੜੇ ਪਹੁੰਚ ਗਈ। ਇੱਥੇ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਵਗਦੀ ਨਦੀ ਵਿਚ ਡਿੱਗ ਗਈ। ਔਰਤ ਦੇ ਪਰਿਵਾਰ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਬੁਲਾਇਆ ਜਾਵੇਗਾ। ਫਿਰ ਔਰਤ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।


author

Tanu

Content Editor

Related News