ਬਿਗ ਬੌਸ 17 ਫੇਮ ਯੂਟਿਊਬਰ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼, ਇੰਸਟਾਗ੍ਰਾਮ ਲਾਈਵ ਦੌਰਾਨ ਚੁੱਕਿਆ ਖ਼ੌਫਨਾਕ ਕਦਮ
Sunday, Mar 08, 2026 - 12:30 AM (IST)
ਦੇਹਰਾਦੂਨ/ਮੇਰਠ- ਦੇਹਰਾਦੂਨ ਦੇ ਮਸ਼ਹੂਰ ਯੂਟਿਊਬਰ ਅਤੇ 'ਬਿਗ ਬੌਸ 17' ਦੇ ਸਾਬਕਾ ਮੁਕਾਬਲੇਬਾਜ਼ ਅਨੁਰਾਗ ਡੋਭਾਲ, ਜਿਨ੍ਹਾਂ ਨੂੰ ਦੁਨੀਆ 'UK07 ਰਾਈਡਰ' ਦੇ ਨਾਂ ਨਾਲ ਜਾਣਦੀ ਹੈ, ਬਾਰੇ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਸ਼ਨੀਵਾਰ ਰਾਤ ਨੂੰ ਇੱਕ ਇੰਸਟਾਗ੍ਰਾਮ ਲਾਈਵ ਸਟ੍ਰੀਮ ਦੌਰਾਨ ਅਨੁਰਾਗ ਦੀ ਕਾਰ ਮੇਰਠ ਐਕਸਪ੍ਰੈਸਵੇਅ 'ਤੇ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਸੋਸ਼ਲ ਮੀਡੀਆ 'ਤੇ ਇਹ ਚਰਚਾ ਛਿੜ ਗਈ ਹੈ ਕਿ ਕੀ ਇਹ ਮਹਿਜ਼ ਇੱਕ ਹਾਦਸਾ ਸੀ ਜਾਂ ਅਨੁਰਾਗ ਨੇ ਜਾਣਬੁੱਝ ਕੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਹੈ।
ਜਾਣਕਾਰੀ ਅਨੁਸਾਰ, ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਅਨੁਰਾਗ ਆਪਣੇ ਇੰਸਟਾਗ੍ਰਾਮ 'ਤੇ ਲਾਈਵ ਸਨ ਅਤੇ ਹਜ਼ਾਰਾਂ ਪ੍ਰਸ਼ੰਸਕ ਉਨ੍ਹਾਂ ਨੂੰ ਦੇਖ ਰਹੇ ਸਨ। ਲਾਈਵ ਵੀਡੀਓ ਦੌਰਾਨ ਅਨੁਰਾਗ ਨੇ ਅਚਾਨਕ ਆਪਣੀ ਫਾਰਚੂਨਰ ਕਾਰ ਦੀ ਰਫ਼ਤਾਰ ਵਧਾ ਦਿੱਤੀ, ਜੋ 150 ਕਿਲੋਮੀਟਰ ਪ੍ਰਤੀ ਘੰਟਾ ਨੂੰ ਪਾਰ ਕਰ ਗਈ। ਤੇਜ਼ ਰਫ਼ਤਾਰ ਕਾਰਨ ਡਾਸਨਾ (ਗਾਜ਼ੀਆਬਾਦ) ਨੇੜੇ ਕਾਰ ਬੇਕਾਬੂ ਹੋ ਕੇ ਸਿੱਧੀ ਡਿਵਾਈਡਰ ਨਾਲ ਜਾ ਟਕਰਾਈ। ਉਨ੍ਹਾਂ ਦੇ ਫਾਲੋਅਰਜ਼ ਨੇ ਇਸ ਖ਼ੌਫ਼ਨਾਕ ਮੰਜ਼ਰ ਨੂੰ ਲਾਈਵ ਦੇਖਿਆ।
ਹਾਦਸੇ ਤੋਂ ਪਹਿਲਾਂ ਲਾਈਵ ਵੀਡੀਓ ਵਿੱਚ ਅਨੁਰਾਗ ਬੇਹੱਦ ਭਾਵੁਕ ਨਜ਼ਰ ਆ ਰਹੇ ਸਨ। ਉਨ੍ਹਾਂ ਨੇ ਰੋਂਦੇ ਹੋਏ ਕਿਹਾ, "ਮੰਮੀ ਜੇ ਅਗਲੇ ਜਨਮ ਆਵਾਂ ਤਾਂ ਬਸ ਪਿਆਰ ਦੇ ਦੇਣਾ... ਪਿਆਰ ਦੀ ਬਹੁਤ ਲੋੜ ਸੀ, ਲੋਕ ਹੀ ਨਹੀਂ ਬਚੇ ਕਿਸ ਨੂੰ ਫੋਨ ਕਰਾਂ"। ਇਸ ਤੋਂ ਬਾਅਦ ਉਨ੍ਹਾਂ ਨੇ "ਲੈਟਸ ਗੋ ਫਾਰ ਦਾ ਫਾਈਨਲ ਡਰਾਈਵ" ਕਹਿੰਦੇ ਹੋਏ ਕਾਰ ਦੀ ਰਫ਼ਤਾਰ ਵਧਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਪਰਿਵਾਰਕ ਵਿਵਾਦ ਅਤੇ ਮਾਨਸਿਕ ਤਣਾਅ ਵਿੱਚੋਂ ਗੁਜ਼ਰ ਰਹੇ ਸਨ।
ਹਾਦਸੇ ਤੋਂ ਤੁਰੰਤ ਬਾਅਦ ਪੇਂਡੂਆਂ ਦੀ ਮਦਦ ਨਾਲ ਉਨ੍ਹਾਂ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਮੇਰਠ ਦੇ ਸੁਭਾਰਤੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪੁਲਿਸ ਅਨੁਸਾਰ ਉਨ੍ਹਾਂ ਦੇ ਸਰੀਰ 'ਤੇ ਆਮ ਸੱਟਾਂ ਲੱਗੀਆਂ ਹਨ ਅਤੇ ਫਿਲਹਾਲ ਉਹ ਖ਼ਤਰੇ ਤੋਂ ਬਾਹਰ ਹਨ।
ਜ਼ਿਕਰਯੋਗ ਹੈ ਕਿ 4 ਮਾਰਚ ਨੂੰ ਅਨੁਰਾਗ ਨੇ ਆਪਣੇ ਯੂਟਿਊਬ ਚੈਨਲ 'ਤੇ ਇਕ ਲੰਬੀ ਵੀਡੀਓ ਸਾਂਝੀ ਕੀਤੀ ਸੀ, ਜਿਸ ਵਿਚ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ, ਵਿਆਹ ਨੂੰ ਲੈ ਕੇ ਪਰਿਵਾਰ ਨਾਲ ਵਿਵਾਦ, ਘਰ ਛੱਡਣ ਦੀ ਨੌਬਤ ਅਤੇ ਆਰਥਿਕ ਸੰਕਟ ਬਾਰੇ ਖੁਲਾਸੇ ਕੀਤੇ ਸਨ। ਉਨ੍ਹਾਂ ਨੇ ਵੀਡੀਓ 'ਚ ਕਾਲ ਰਿਕਾਰਡਿੰਗਜ਼ ਵੀ ਸਾਂਝੀਆਂ ਕੀਤੀਆਂ ਸਨ ਅਤੇ ਦੱਸਿਆ ਸੀ ਕਿ ਉਹ ਲੰਬੇ ਸਮੇਂ ਤੋਂ ਮਾਨਸਿਕ ਤਣਾਅ 'ਚ ਹਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
