ਮੋਬਾਇਲ ਨਾ ਦੇਣ ''ਤੇ ਹੋਏ ਝਗੜੇ ਮਗਰੋਂ ਔਰਤ ਦੀ ਮੌਤ ਦੇ ਮਾਮਲੇ ''ਚ ਡੇਢ ਦਰਜਨ ਹਮਲਾਵਰਾਂ ਖ਼ਿਲਾਫ਼ ਕੇਸ ਦਰਜ
Sunday, Mar 08, 2026 - 12:23 PM (IST)
ਜਲੰਧਰ (ਜ. ਬ.)–ਸੁਦਾਮਾ ਵਿਹਾਰ ਵਿਚ ਮੋਬਾਇਲ ਫੋਨ ਨੂੰ ਲੈ ਕੇ ਹੋਏ ਝਗੜੇ ਦੇ ਬਾਅਦ ਘਰ ’ਤੇ ਪਥਰਾਅ ਦੌਰਾਨ ਜ਼ਖ਼ਮੀ ਹੋਈ ਔਰਤ ਦੀ ਮੌਤ ਦੇ ਮਾਮਲੇ ਵਿਚ ਥਾਣਾ ਨੰਬਰ 7 ਦੀ ਪੁਲਸ ਨੇ ਡੇਢ ਦਰਜਨ ਦੇ ਲਗਭਗ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਨ੍ਹਾਂ ਵਿਚੋਂ 12 ਨੌਜਵਾਨ ਅਣਪਛਾਤੇ ਹਨ। ਪੁਲਸ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ। ਥਾਣਾ ਨੰਬਰ 7 ਦੀ ਪੁਲਸ ਅਨੁਸਾਰ ਅਨਿਲ ਪੁੱਤਰ ਭਗਵਾਨ ਦੀਪ ਨਿਵਾਸੀ ਸੁਦਾਮਾ ਵਿਹਾਰ ਦੇ ਬਿਆਨਾਂ ’ਤੇ ਗਾਮਾ, ਸ਼ੌਕਤ, ਸ਼ੁਭਮ, ਸ਼ਿਵਮ ਅਤੇ 12 ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਧਾਰਾ 115 (2), 331(4), 305, 333, 190, 191(3), 324 (4) ਅਧੀਨ ਕੇਸ ਦਰਜ ਕੀਤਾ ਹੈ। ਪੁਲਸ ਦੀ ਮੰਨੀਏ ਤਾਂ ਜਿਹੜੇ ਨੌਜਵਾਨਾਂ ਦੀ ਪਛਾਣ ਹੋਈ ਹੈ, ਉਹ ਸੁਦਾਮਾ ਵਿਹਾਰ ਦੇ ਹੀ ਹਨ। ਪੁਲਸ ਨੇ ਉਨ੍ਹਾਂ ਦੇ ਘਰਾਂ ਵਿਚ ਰੇਡ ਕੀਤੀ ਪਰ ਉਹ ਫ਼ਰਾਰ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ, CM ਮਾਨ ਔਰਤਾਂ ਦੀ ਕਰ ਰਹੇ ਨੇ ਤੌਹੀਨ: ਸੁਖਪਾਲ ਖਹਿਰਾ
ਪੁਲਸ ਦਾ ਕਹਿਣਾ ਹੈ ਕਿ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਣਪਛਾਤੇ ਨੌਜਵਾਨਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ 4 ਮਾਰਚ ਨੂੰ ਜਦੋਂ ਅਨਿਲ ਦਾ ਬੇਟਾ ਕਰਣ ਚਿਕਨ ਦੀ ਰੇਹੜੀ ’ਤੇ ਕੰਮ ਕਰ ਰਿਹਾ ਸੀ ਤਾਂ ਉਸੇ ਦੌਰਾਨ ਗਾਮਾ, ਸ਼ੌਕਤ ਆਦਿ ਨੌਜਵਾਨ ਉਸ ਤੋਂ ਫੋਨ ਕਰਨ ਲਈ ਮੋਬਾਈਲ ਮੰਗਣ ਲੱਗੇ। ਕਰਣ ਨੇ ਮਨ੍ਹਾ ਕੀਤਾ ਤਾਂ ਉਨ੍ਹਾਂ ਨੇ ਪਹਿਲਾਂ ਕਰਣ ਦੀ ਕੁੱਟਮਾਰ ਕੀਤੀ ਅਤੇ ਬਾਅਦ ਵਿਚ ਵਿਰੋਧ ਕਰਨ ਆਏ ਪਿਤਾ ਨੂੰ ਵੀ ਕੁੱਟ ਦਿੱਤਾ, ਹਾਲਾਂਕਿ ਸਥਾਨਕ ਦੁਕਾਨਦਾਰਾਂ ਨੇ ਮਾਮਲਾ ਸ਼ਾਂਤ ਕਰਵਾ ਦਿੱਤਾ ਪਰ ਬਦਮਾਸ਼ਾਂ ਨੇ ਆਪਣੇ ਸਾਥੀ ਬੁਲਾ ਕੇ 4 ਮਾਰਚ ਦੀ ਰਾਤ ਲੱਗਭਗ 11.30 ਵਜੇ ਉਨ੍ਹਾਂ ਦੇ ਘਰ ’ਤੇ ਪਥਰਾਅ ਕਰ ਦਿੱਤਾ।
ਇਹ ਵੀ ਪੜ੍ਹੋ: ਨੈਂਸੀ ਗਰੇਵਾਲ ਦੇ ਕਤਲ ਬਾਰੇ ਭੈਣ ਦੇ ਵੱਡੇ ਖ਼ੁਲਾਸੇ! 15 ਦਿਨ ਪਹਿਲਾਂ ਬਣੀ ਪਲਾਨਿੰਗ, ਦੋਸਤ ਨੇ ਕੀਤਾ ਸੀ...
ਇਸ ਦੌਰਾਨ ਇਕ ਇੱਟ ਅਨਿਲ ਦੀ ਪਤਨੀ ਨਨਕਾਈ ਦੇ ਮੱਥੇ ’ਤੇ ਲੱਗੀ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਇੰਜੈਕਸ਼ਨ ਲਾ ਕੇ ਭੇਜ ਦਿੱਤਾ ਪਰ ਸ਼ੁੱਕਰਵਾਰ ਨੂੰ ਨਨਕਾਈ ਦੀ ਮੌਤ ਹੋ ਗਈ। ਦੋਸ਼ ਹੈ ਕਿ ਹਮਲਾਵਰਾਂ ਨੇ ਉਨ੍ਹਾਂ ਦੇ ਘਰ ’ਤੇ ਪਥਰਾਅ ਕਰਨ ਦੇ ਬਾਅਦ ਪਿੱਛੇ ਰਹਿੰਦੀ ਭੈਣ ਸ਼ਾਰਦਾ ਦੇ ਘਰ ਦਾਖਲ ਹੋ ਕੇ ਭੰਨ-ਤੋੜ ਕੀਤੀ ਅਤੇ ਅਲਮਾਰੀ ਤੋੜ ਕੇ ਅੰਦਰੋਂ 14 ਹਜ਼ਾਰ ਰੁਪਏ ਅਤੇ ਅਸਲੀ ਰਜਿਸਟਰੀ ਕੱਢ ਕੇ ਫਰਾਰ ਹੋ ਗਏ। ਕਰਣ ਨੇ ਦੋਸ਼ ਲਾਏ ਸਨ ਕਿ ਉਕਤ ਸਾਰੇ ਲੋਕ ਇਲਾਕੇ ਵਿਚ ਨਸ਼ਾ ਵੇਚਦੇ ਹਨ। ਜਿਵੇਂ ਹੀ ਮਾਮਲਾ ਪੁਲਸ ਤਕ ਪਹੁੰਚਿਆ ਤਾਂ ਥਾਣਾ ਨੰਬਰ 7 ਦੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਸੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਕਹਿਰ ਵਰਾਏਗੀ ਗਰਮੀ! ਅਗਲੇ 5 ਦਿਨਾਂ ਲਈ ਪੜ੍ਹੋ ਮੌਸਮ ਦੀ Latest ਅਪਡੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
