ਔਰਤ ਨੇ 4 ਬੱਚਿਆਂ ਸਮੇਤ ਖੂਹ ''ਚ ਮਾਰੀ ਛਾਲ
Friday, Apr 04, 2025 - 10:50 AM (IST)

ਜਾਮਨਗਰ- ਗੁਜਰਾਤ ਦੇ ਜਾਮਨਗਰ ਜ਼ਿਲ੍ਹੇ ਦੇ ਇਕ ਪਿੰਡ ਵਿਚ ਇਕ ਔਰਤ ਨੇ ਆਪਣੇ 4 ਬੱਚਿਆਂ ਨਾਲ ਖੂਹ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਵੀਰਵਾਰ ਨੂੰ ਔਰਤ (32) ਅਤੇ ਉਸ ਦੇ 4 ਬੱਚਿਆਂ ਦੀਆਂ ਲਾਸ਼ਾਂ ਖੂਹ 'ਚ ਤੈਰਦੀਆਂ ਵਿਖਾਈ ਦਿੱਤੀਆਂ, ਜਿਸ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ। ਧਰੋਲ ਥਾਣੇ ਦੇ ਇੰਸਪੈਕਟਰ ਐੱਚ. ਆਰ. ਰਾਠੌੜ ਨੇ ਦੱਸਿਆ ਕਿ ਇਹ ਘਟਨਾ ਧਰੋਲ ਤਾਲੁਕਾ ਦੇ ਸੁਮਰਾ ਪਿੰਡ ਦੀ ਹੈ।
ਇੰਸਪੈਕਟਰ ਨੇ ਦੱਸਿਆ ਕਿ ਲਾਸ਼ਾਂ ਨੂੰ ਖੂਹ 'ਚੋਂ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਪਰ ਔਰਤ ਨੇ ਇਹ ਕਦਮ ਕਿਉਂ ਚੁੱਕਿਆ, ਇਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਰਾਠੌੜ ਨੇ ਦੱਸਿਆ ਕਿ ਭਾਨੂਬੇਨ ਤੋਰੀਆ ਨੇ ਆਪਣੇ ਬੱਚਿਆਂ ਰਿਤਵਿਕ (3), ਆਨੰਦੀ (4), ਅਜੂ (8) ਅਤੇ ਆਯੂਸ਼ (10) ਨਾਲ ਖੂਹ ਵਿਚ ਛਾਲ ਮਾਰ ਦਿੱਤੀ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।