ਸ਼ਰਮਨਾਕ! ਔਰਤ ਨੇ ਹਸਪਤਾਲ ਦੀ ਟਾਇਲਟ ਸੀਟ 'ਤੇ ਦਿੱਤਾ ਬੱਚੇ ਨੂੰ ਜਨਮ, ਨਵਜੰਮੇ ਨੇ ਤੋੜਿਆ ਦਮ
Wednesday, Jul 12, 2023 - 10:42 PM (IST)
ਸੋਨਭਦਰ (ਭਾਸ਼ਾ): ਉੱਤਰ ਪ੍ਰਦੇਸ਼ ਦੇ ਸੋਨਭਦਰ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਇਕ ਸਰਕਾਰੀ ਹਸਪਤਾਲ ਵਿਚ ਕਥਿਤ ਤੌਰ 'ਤੇ ਡਾਕਟਰ ਦੀ ਗੈਰ-ਹਾਜ਼ਰੀ ਦਾ ਹਵਾਲਾ ਦੇ ਕੇ ਇਲਾਜ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਇਕ ਔਰਤ ਨੇ ਬਾਥਰੂਮ ਦੀ ਟਾਇਲਟ ਸੀਟ 'ਤੇ ਬੱਚੇ ਨੂੰ ਜਨਮ ਦੇ ਦਿੱਤਾ। ਇਸ ਘਟਨਾ ਵਿਚ ਨਵਜੰਮੇ ਬੱਚੇ ਦੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਹੜ੍ਹ ਦੇ ਪਾਣੀ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਰੋਂਦਾ ਕੁਰਲਾਉਂਦਾ ਰਹਿ ਗਿਆ ਪਰਿਵਾਰ
ਸੂਤਰਾਂ ਮੁਤਾਬਕ ਗੋਠਾਨੀ ਪਿੰਡ ਦੇ ਰਹਿਣ ਵਾਲੇ ਜਗ ਨਾਇਕ ਸਿੰਘ ਨੇ ਜਣੇਪਾ ਦਰਦ ਤੋਂ ਗੁਜ਼ਰ ਰਹੀ ਆਪਣੀ ਪਤਨੀ ਰਸ਼ਮੀ ਨੂੰ ਅੱਜ ਸਵੇਰੇ ਸਰਕਾਰੀ ਜੱਚਾ-ਬੱਚਾ ਹਸਪਤਾਲ ਵਿਚ ਲਿਆਂਦਾ ਸੀ ਜਿੱਥੇ ਇਹ ਘਟਨਾ ਵਾਪਰੀ। ਜਗ ਨਾਇਕ ਸਿੰਘ ਨੇ ਪੀ.ਟੀ.ਆਈ. ਭਾਸ਼ਾ ਨੂੰ ਦੱਸਿਆ, "ਮੈਂ ਹਸਪਤਾਲ ਦੇ ਮੁਲਾਜ਼ਮਾਂ ਨੂੰ ਆਪਣੀ ਪਤਨੀ ਨੂੰ ਦਾਖ਼ਲ ਕਰਨ ਦੀ ਅਪੀਲ ਕੀਤੀ ਪਰ ਉਨ੍ਹਾਂ ਨੇ ਕੁਝ ਵੀ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਸਾਨੂੰ ਡਾਕਟਰਾਂ ਦੇ ਆਉਣ ਤਕ ਇੰਤਜ਼ਾਰ ਕਰਨ ਨੂੰ ਕਿਹਾ। ਮੇਰੀ ਪਤਨੀ ਦਰਦ ਤੋਂ ਪਰੇਸ਼ਾਨ ਹੋ ਕੇ ਬਾਥਰੂਮ ਵਿਚ ਗਈ, ਜਿੱਥੇ ਉਸ ਨੇ ਬੱਚੇ ਨੂੰ ਜਨਮ ਦਿੱਤਾ। ਬੱਚਾ ਟਾਇਲਟ ਦੀ ਸੀਟ ਵਿਚ ਡਿੱਗ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ।" ਸਥਾਨਕ ਲੋਕਾਂ ਮੁਤਾਬਕ, ਪਰਿਵਾਰ ਦੇ ਮੈਂਬਰਾਂ ਦੇ ਨਾਲ ਹਸਪਤਾਲ ਦੇ ਮੁਲਾਜ਼ਮਾਂ ਨੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਤਕ ਬੱਚੇ ਨੂੰ ਬਾਹਰ ਕੱਢਿਆ ਗਿਆ ਤਾਂ ਬਹੁਤ ਦੇਰ ਹੋ ਚੁੱਕੀ ਸੀ। ਇਸ ਮਗਰੋਂ ਰਸ਼ਮੀ ਨੂੰ ਲਿਜਾ ਕੇ ਲੇਬਰ ਰੂਪ ਵਿਚ ਦਾਖ਼ਲ ਕੀਤਾ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪ੍ਰੇਮਿਕਾ ਵੱਲੋਂ ਨੌਕਰੀ ਲੱਗਣ ਮਗਰੋਂ ਕੀਤੀ ਬੇਵਫ਼ਾਈ ਨਾ ਸਹਾਰ ਸਕਿਆ ਨੌਜਵਾਨ, ਕੁੜੀ ਨੂੰ ਭੇਜੀ 'ਆਖ਼ਰੀ ਵੀਡੀਓ' ਤੇ ਫ਼ਿਰ...
ਹਾਲਾਂਕਿ ਮੁੱਖ ਮੈਡੀਕਲ ਅਫ਼ਸਰ (ਸੀ.ਐੱਮ.ਓ.) ਅਸ਼ਵਨੀ ਕੁਮਾਰ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਤੇ ਕਿਹਾ, "ਔਰਤ ਨੂੰ ਇਕ ਮਹਿਲਾ ਡਾਕਟਰ ਨੇ ਵੇਖਿਆ ਸੀ, ਜਿਸ ਨੇ ਉਸ ਨੂੰ ਦੱਸਿਆ ਕਿ ਬੱਚੇ ਦੀ ਧੜਕਨ ਦਾ ਪਤਾ ਨਹੀਂ ਲੱਗ ਰਿਹਾ। ਸਥਿਤੀ ਸਾਫ਼ ਕਰਨ ਲਈ ਮਹਿਲਾ ਨੂੰ ਅਲਟਰਾਸਾਊਂਡ ਦਾ ਇੰਤਜ਼ਾਰ ਕਰਨ ਲਈ ਕਿਹਾ ਗਿਆ ਸੀ।" ਹਾਲਾਂਕਿ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਔਰਤ ਨੇ ਬਾਥਰੂਮ ਅੰਦਰ ਬੱਚੇ ਨੂੰ ਜਨਮ ਦਿੱਤਾ ਹੈ। ਸੀ.ਐੱਮ.ਓ. ਨੇ ਕਿਹਾ, "ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਮਾਮਲੇ ਦੀ ਜਾਂਚ ਲਈ ਤਿੰਨ ਡਾਕਟਰਾਂ ਦਾ ਇਕ ਪੈਨਲ ਗਠਿਤ ਕੀਤਾ ਗਿਆ ਹੈ। ਘਟਨਾ ਵਿਚ ਦੋਸ਼ੀ ਪਾਏ ਜਾਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8