ਮਾਂ ਨੇ ਮਾਸੂਮ ਬੱਚਿਆਂ ਨੂੰ ਦਰਦਨਾਕ ਮੌਤ ਦੇਣ ਮਗਰੋਂ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਵਜ੍ਹਾ ਕਰ ਦੇਵੇਗੀ ਹੈਰਾਨ

Friday, Nov 22, 2024 - 05:02 PM (IST)

ਮਾਂ ਨੇ ਮਾਸੂਮ ਬੱਚਿਆਂ ਨੂੰ ਦਰਦਨਾਕ ਮੌਤ ਦੇਣ ਮਗਰੋਂ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਵਜ੍ਹਾ ਕਰ ਦੇਵੇਗੀ ਹੈਰਾਨ

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਬਾਦਲਪੁਰ ਥਾਣਾ ਖੇਤਰ 'ਚ ਇਕ ਔਰਤ ਨੂੰ ਆਪਣੀ ਹੀ 6 ਸਾਲ ਦੀ ਬੇਟੀ ਅਤੇ 4 ਸਾਲ ਦੇ ਬੇਟੇ ਦੀ ਹੱਤਿਆ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਵੀਰਵਾਰ ਨੂੰ ਪਿੰਡ ਖੇੜਾ ਧਰਮਪੁਰ 'ਚ ਵਾਪਰੀ ਅਤੇ ਦੋਸ਼ੀ ਔਰਤ ਦੀ ਪਛਾਣ ਸੋਨਮ ਵਜੋਂ ਹੋਈ ਹੈ।

ਪੁਲਸ ਦੇ ਡਿਪਟੀ ਕਮਿਸ਼ਨਰ (ਜ਼ੋਨ-2) ਸ਼ਕਤੀ ਮੋਹਨ ਅਵਸਥੀ ਨੇ ਦੱਸਿਆ ਕਿ ਸੋਨਮ ਨੇ ਪਹਿਲਾਂ ਆਪਣੀ ਬੇਟੀ ਅਤੇ ਬੇਟੇ ਦਾ ਗਲਾ ਘੁੱਟ ਕੇ ਕਤਲ ਕੀਤਾ ਅਤੇ ਫਿਰ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਪਰ ਗੁਆਂਢੀਆਂ ਨੇ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਪੁਲਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਪੁਲਸ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਅਵਸਥੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਔਰਤ ਨੇ ਦੱਸਿਆ ਕਿ ਉਸ ਨੇ 2017 'ਚ ਸਾਹਿਲ ਨਾਂ ਦੇ ਵਿਅਕਤੀ ਨਾਲ ਆਪਣੇ ਪਰਿਵਾਰ ਦੀ ਮਰਜ਼ੀ ਦੇ ਖਿਲਾਫ ਵਿਆਹ ਕੀਤਾ ਸੀ। ਸਾਹਿਲ ਨਾਲ ਉਸ ਦੇ ਦੋ ਬੱਚੇ ਸਨ, ਜਿਨ੍ਹਾਂ ਦਾ ਉਸ ਨੇ ਕਤਲ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਔਰਤ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ 2021 'ਚ ਸਾਹਿਲ ਨੂੰ ਪੁਲਸ ਨੇ ਕਤਲ ਦੇ ਇਕ ਮਾਮਲੇ 'ਚ ਫੜ ਕੇ ਜੇਲ ਭੇਜ ਦਿੱਤਾ ਸੀ। ਜਿਸ ਤੋਂ ਬਾਅਦ ਉਹ ਸੋਨੂ ਨਾਂ ਦੇ ਇਕ ਹੋਰ ਨੌਜਵਾਨ ਦੇ ਨਾਲ ਖੇੜਾ ਧਰਮਪੁਰ ਵਿਚ ਰਹਿਣ ਲੱਗੀ, ਜਿਸ ਤੋਂ ਉਸ ਦਾ ਇਕ ਬੇਟਾ ਹੈ।

ਅਵਸਥੀ ਮੁਤਾਬਕ ਸੋਨਮ ਨੇ ਖੁਲਾਸਾ ਕੀਤਾ ਕਿ ਜਦੋਂ ਸਾਹਿਲ ਤਿੰਨ ਮਹੀਨੇ ਪਹਿਲਾਂ ਜੇਲ੍ਹ ਤੋਂ ਬਾਹਰ ਆਇਆ ਤਾਂ ਉਸ ਨੇ ਔਰਤ 'ਤੇ ਆਪਣੇ ਨਾਲ ਰਹਿਣ ਦਾ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਕਿਹਾ ਕਿ ਇਸੇ ਕਾਰਨ ਸੋਨਮ ਨੇ ਦੋਵਾਂ ਬੱਚਿਆਂ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਪੁਲਸ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Baljit Singh

Content Editor

Related News