ਦਰਦਨਾਕ ਹਾਦਸਾ: ਟਰੱਕ ''ਚ ਪਲਟੀਆਂ ਲੋਹੇ ਦੀਆਂ ਰਾਡਾਂ, ਮਾਂ-ਪੁੱਤਰ ਦੀ ਮੌਤ
Friday, Apr 10, 2026 - 06:13 PM (IST)
ਨੈਸ਼ਨਲ ਡੈਸਕ : ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਵਿੱਚ ਇੱਕ ਬਹੁਤ ਹੀ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਟਰੱਕ ਵਿੱਚ ਸਵਾਰ ਮਾਂ ਅਤੇ ਉਸਦੇ 6 ਸਾਲਾ ਪੁੱਤਰ ਦੀ ਲੋਹੇ ਦੀਆਂ ਰਾਡਾਂ ਹੇਠਾਂ ਦੱਬਣ ਕਾਰਨ ਮੌਤ ਹੋ ਗਈ। ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਪਰਿਵਾਰ ਇੱਕ ਅਜਿਹੇ ਟਰੱਕ ਵਿੱਚ ਸਫ਼ਰ ਕਰ ਰਿਹਾ ਸੀ ਜਿਸ ਵਿੱਚ ਲੋਹੇ ਦੀਆਂ ਰਾਡਾਂ ਲੱਦੀਆਂ ਹੋਈਆਂ ਸਨ।
ਇਹ ਹਾਦਸਾ ਸਵੇਰੇ ਕਰੀਬ 6 ਵਜੇ ਉਸ ਸਮੇਂ ਵਾਪਰਿਆ ਜਦੋਂ ਪਰਿਵਾਰ ਪਾਰਾਦੀਪ ਤੋਂ ਵਾਪਸ ਪਰਤ ਰਿਹਾ ਸੀ। ਟਰੱਕ ਚਾਂਦੀਖੋਲ ਤੋਂ ਬਾਲਾਸੋਰ ਵੱਲ ਆ ਰਿਹਾ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇੱਕ ਹੀ ਪਰਿਵਾਰ ਦੇ ਸੱਤ ਮੈਂਬਰ ਟਰੱਕ ਦੇ ਪਿਛਲੇ ਹਿੱਸੇ ਵਿੱਚ ਲੋਹੇ ਦੀਆਂ ਰਾਡਾਂ ਦੇ ਵਿਚਕਾਰ ਬਣੀ ਖਾਲੀ ਥਾਂ ਵਿੱਚ ਬੈਠੇ ਸਨ। ਸਫ਼ਰ ਦੌਰਾਨ ਜਦੋਂ ਡਰਾਈਵਰ ਨੇ ਅਚਾਨਕ ਬ੍ਰੇਕ ਲਗਾਈ, ਤਾਂ ਲੋਹੇ ਦੀਆਂ ਭਾਰੀ ਰਾਡਾਂ ਖਿਸਕ ਕੇ ਮਾਂ-ਪੁੱਤ ਉੱਤੇ ਜਾ ਡਿੱਗੀਆਂ, ਜਿਸ ਕਾਰਨ ਦੋਵਾਂ ਦੀ ਜਾਨ ਚਲੀ ਗਈ।
ਇਸ ਮੰਦਭਾਗੀ ਘਟਨਾ ਵਿੱਚ ਪਰਿਵਾਰ ਦੀ ਇੱਕ ਹੋਰ ਮਹਿਲਾ ਵੀ ਜ਼ਖ਼ਮੀ ਹੋਈ ਹੈ। ਮ੍ਰਿਤਕਾਂ ਦੀ ਪਛਾਣ ਬਾਲਾਸੋਰ ਦੇ ਸ਼ਿਆਮਸੁੰਦਰਪੁਰ ਪਿੰਡ ਦੀ ਰਹਿਣ ਵਾਲੀ ਸਾਂਬਰੀ ਸੋਰੇਨ (25) ਅਤੇ ਉਸਦੇ ਪੁੱਤਰ ਸੌਰਭ ਸੋਰੇਨ (6) ਵਜੋਂ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
