ਮੰਦਰ ਨੇੜੇ ਔਰਤ ਨਾਲ ਸਮੂਹਿਕ ਜਬਰ-ਜ਼ਨਾਹ, 7 ਗ੍ਰਿਫਤਾਰ
Wednesday, Apr 02, 2025 - 01:59 AM (IST)

ਹੈਦਰਾਬਾਦ (ਭਾਸ਼ਾ) - ਤੇਲੰਗਾਨਾ ਦੇ ਨਗਰਕੁਰਨੂਲ ਜ਼ਿਲੇ ਵਿਚ ਇਕ ਔਰਤ ਨਾਲ ਹੋਏ ਕਥਿਤ ਸਮੂਹਿਕ ਜਬਰ-ਜ਼ਨਾਹ ਦੇ ਮਾਮਲੇ ਵਿਚ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਉਰਕੋਂਡਾਪੇਟਾ ਪਿੰਡ ਵਿਚ ਵਾਪਰੀ। ਪੀੜਤਾ ਆਪਣੇ ਪਤੀ ਨਾਲ ਮੰਦਰ ਵਿਚ ਦਰਸ਼ਨ ਲਈ ਗਈ ਹੋਈ ਸੀ ਅਤੇ ਮੰਦਰ ਕੰਪਲੈਕਸ ਵਿਚ ਰੁਕੀ ਹੋਈ ਸੀ।
ਉਨ੍ਹਾਂ ਦੱਸਿਆ ਕਿ ਜਦੋਂ ਔਰਤ ਟਾਇਲਟ ਲਈ ਗਈ ਤਾਂ ਮੁਲਜ਼ਮ ਉਸਨੂੰ ਜ਼ਬਰਦਸਤੀ ਮੰਦਰ ਦੇ ਨੇੜੇ ਇਕ ਸੁੰਨਸਾਨ ਜਗ੍ਹਾ ’ਤੇ ਲੈ ਗਏ ਅਤੇ ਝਾੜੀਆਂ ਵਿਚ ਕਥਿਤ ਤੌਰ ’ਤੇ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਔਰਤ ਦਾ ਪਤੀ ਉਸ ਨੂੰ ਬਚਾਉਣ ਆਇਆ ਤਾਂ ਮੁਲਜ਼ਮਾਂ ਨੇ ਉਸਨੂੰ ਇਕ ਦਰੱਖਤ ਨਾਲ ਬੰਨ੍ਹ ਦਿੱਤਾ। ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚ ਇਕ ਇਲੈਕਟ੍ਰੀਸ਼ੀਅਨ, ਇਕ ਆਟੋ ਚਾਲਕ ਅਤੇ 2 ਰਸੋਈਏ ਸ਼ਾਮਲ ਹਨ, ਜੋ ਪਹਿਲਾਂ ਵੀ ਜ਼ਬਰੀ ਵਸੂਲੀ ਦੇ ਮਾਮਲਿਆਂ ਵਿਚ ਸ਼ਾਮਲ ਰਹੇ ਹਨ।