ਝਪਟਮਾਰ ਨਾਲ ਝੜਪ ’ਚ ਔਰਤ ਚੱਲਦੇ ਆਟੋ ਤੋਂ ਡਿੱਗੀ, ਬਦਮਾਸ਼ ਮੋਬਾਇਲ ਖੋਹ ਕੇ ਫਰਾਰ

Thursday, Sep 15, 2022 - 03:54 PM (IST)

ਝਪਟਮਾਰ ਨਾਲ ਝੜਪ ’ਚ ਔਰਤ ਚੱਲਦੇ ਆਟੋ ਤੋਂ ਡਿੱਗੀ, ਬਦਮਾਸ਼ ਮੋਬਾਇਲ ਖੋਹ ਕੇ ਫਰਾਰ

ਗੁਰੂਗ੍ਰਾਮ- ਗੁਰੂਗ੍ਰਾਮ ’ਚ ਮੋਬਾਇਲ ਖੋਹਣ ਦੀ ਕੋਸ਼ਿਸ਼ ਕਰ ਰਹੇ ਮੋਟਰਸਾਈਕਲ ਸਵਾਰ ਇਕ ਝਪਟਮਾਰ ਤੋਂ ਝੜਪ ’ਚ ਚੱਲਦੇ ਆਟੋ ਤੋਂ ਡਿੱਗ ਕੇ 40 ਸਾਲਾ ਔਰਤ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਬਦਮਾਸ਼ ਔਰਤ ਦਾ ਮੋਬਾਇਲ ਖੋਹ ਕੇ ਦੌੜ ਗਿਆ, ਜਦਕਿ ਜ਼ਖਮੀ ਔਰਤ ਨੂੰ ਹਸਪਤਾਲ ’ਚ ਦਾਖ਼ਲ ਕਰਵਾਉਣਾ ਪਿਆ। ਪੁਲਸ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਨੂੰ ਵਾਪਰੀ ਸੀ। ਇਕ ਪ੍ਰਾਈਵੇਟ ਕੰਪਨੀ ਵਿਚ ਮੈਨੇਜਰ ਦੇ ਤੌਰ ’ਤੇ ਕੰਮ ਕਰਦੀ ਔਰਤ ਨੂੰ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।

ਪੁਲਸ ਨੇ ਦੱਸਿਆ ਕਿ ਔਰਤ ਨੂੰ ਦੋ ਦਿਨ ਬਾਅਦ ਹੋਸ਼ ਆਇਆ, ਇਸ ਲਈ ਉਨ੍ਹਾਂ ਨੇ ਬੁੱਧਵਾਰ ਨੂੰ ਪੁਲਸ ਨੂੰ ਆਪਣਾ ਬਿਆਨ ਦਿੱਤਾ। ਇਸ ਤੋਂ ਬਾਅਦ ਅਣਪਛਾਤੇ ਹਮਲਾਵਰ ਖ਼ਿਲਾਫ ਸੁਸ਼ਾਂਤ ਲੋਕ ਥਾਣੇ ’ਚ ਭਾਰਤੀ ਸਜ਼ਾ ਜ਼ਾਬਤਾ (ਆਈ. ਪੀ. ਐੱਸ.) ਦੀ ਧਾਰਾ 379-ਬੀ (ਝਪਟਮਾਰੀ) ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ। ਸ਼ਿਕਾਇਤ ਮੁਤਾਬਕ ਸੈਕਟਰ-56 ਵਾਸੀ ਕਿਰਤ ਕੌਰ ਕੌਸਰ ਐਤਵਾਰ ਰਾਤ ਕਰੀਬ ਸਾਢੇ 9 ਵਜੇ ਆਪਣੇ ਦਫ਼ਤਰ ਤੋਂ ਨਿਕਲੀ ਅਤੇ ਘਰ ਪਰਤਣ ਲਈ ਇਕ ਆਟੋ ਲਿਆ। ਸੈਕਟਰ-42 ’ਚ ਰੈਪਿਡ ਮੈਟਰੋ ਸਟੇਸ਼ਨ ਪਹੁੰਚਣ ’ਤੇ ਇਕ ਮੋਟਰਸਾਈਕਲ ਸਵਾਰ ਆਟੋ ਕੋਲ ਆਇਆ ਅਤੇ ਉਨ੍ਹਾਂ ਦਾ ਫੋਨ ਖੋਹਣ ਲੱਗਾ।

ਔਰਤ ਨੇ ਵਿਰੋਧ ਕੀਤਾ ਪਰ ਉਹ ਹੇਠਾਂ ਡਿੱਗ ਗਈ। ਇਸ ਦੌਰਾਨ ਮੋਟਰਸਾਈਕਲ ਸਵਾਰ ਝਪਟਮਾਰ ਔਰਤ ਦਾ ਫੋਨ ਲੈ ਕੇ ਉੱਥੋਂ ਫਰਾਰ ਹੋ ਗਿਆ। ਪੁਲਸ ਨੇ ਦੱਸਿਆ ਕਿ ਆਟੋ ਨੇ ਔਰਤ ਨੂੰ ਘਰ ਛੱਡਿਆ ਅਤੇ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਇਕ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ। 
ਕੌਸਰ ਨੇ ਦੱਸਿਆ ਕਿ ਗੁਰੂਗ੍ਰਾਮ ਬਹੁਤ ਅਸੁਰੱਖਿਅਤ ਸ਼ਹਿਰ ਹੈ। ਮੈਂ ਕਿਸਮਵਾਲੀ ਸੀ ਕਿ ਆਟੋ ਦੇ ਪਿੱਛੇ ਕੋਈ ਵਾਹਨ ਨਹੀਂ ਸੀ, ਨਹੀਂ ਤਾਂ ਮੈਂ ਅੱਜ ਜਿਊਂਦੀ ਨਾ ਹੁੰਦੀ। ਸੁਸ਼ਾਂਤ ਲੋਕ ਥਾਣੇ ਦੇ ਥਾਣੇਦਾਰ ਸੰਜੀਵ ਕੁਮਾਰ ਨੇ ਕਿਹਾ ਕਿ ਅਸੀਂ ਨੇੜੇ ਦੇ ਇਲਾਕੇ ਦੇ ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਝਪਟਮਾਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।


author

Tanu

Content Editor

Related News