ਖੁੱਲ੍ਹੇ ਮੇਨਹੋਲ ''ਚ ਡਿੱਗੀ ਔਰਤ, ਫਾਇਰਮੈਨ ਨੇ ਤੀਜੇ ਢੱਕਣ ''ਚੋਂ ਕੱਢਿਆ ਬਾਹਰ
Thursday, Sep 26, 2024 - 02:47 PM (IST)
 
            
            ਮੁੰਬਈ- ਮਹਾਰਾਸ਼ਟਰ 'ਚ ਮੋਹਲੇਧਾਰ ਮੀਂਹ ਦਰਮਿਆਨ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਮੁੰਬਈ ਦੇ ਅੰਧੇਰੀ ਇਲਾਕੇ ਵਿਚ ਇਕ ਔਰਤ ਮੇਨਹੋਲ ਵਿਚ ਡਿੱਗ ਗਈ। ਔਰਤ ਨੂੰ ਬਾਹਰ ਕੱਢਣ ਲਈ ਕਰੀਬ 1 ਘੰਟੇ ਤੱਕ ਸਰਚ ਆਪ੍ਰੇਸ਼ਨ ਚਲਾਇਆ ਗਿਆ। ਕਾਫੀ ਮੁਸ਼ੱਕਤ ਮਗਰੋਂ 100 ਮੀਟਰ ਦੂਰ ਤੱਕ ਵਹਿ ਜਾਣ ਮਗਰੋਂ ਔਰਤ ਨੂੰ ਤੀਜੇ ਢੱਕਣ ਵਿਚੋਂ ਬਾਹਰ ਕੱਢਿਆ ਜਾ ਸਕਿਆ। ਫਾਇਰਮੈਨ ਨੇ ਔਰਤ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਔਰਤ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੇ ਪਤੀ ਨੇ ਬ੍ਰਿਹਨਮੁੰਬਈ ਨਗਰ ਨਿਗਮ (BMC) ਖਿਲਾਫ਼ ਰਿਪੋਰਟ ਲਿਖਣ ਲਈ ਪੁਲਸ ਥਾਣੇ ਪਹੁੰਚੇ ਹਨ। ਅੰਧੇਰੀ 'ਚ ਮੇਨਹੋਲ ਵਿਚ ਡਿੱਗ ਕੇ ਔਰਤ ਦੀ ਮੌਤ ਦੇ ਮਾਮਲੇ 'ਚ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।
ਜਾਣਕਾਰੀ ਮੁਤਾਬਕ ਔਰਤ ਕੰਮ ਤੋਂ ਘਰ ਜਾ ਰਹੀ ਸੀ। ਇਸ ਦੌਰਾਨ ਤੇਜ਼ ਮੀਂਹ ਪੈ ਰਿਹਾ ਸੀ। ਮੀਂਹ ਕਾਰਨ ਰਸਤੇ ਵਿਚ ਪਾਣੀ ਭਰਿਆ ਸੀ। ਉਸੇ ਸੜਕ ਵਿਚਾਲੇ ਖੁੱਲ੍ਹਾ ਮੇਨਹੋਲ ਸੀ ਅਤੇ ਔਰਤ ਅਚਾਨਕ ਮੇਨਹੋਲ ਵਿਚ ਡਿੱਗ ਗਈ। ਘਟਨਾ ਦੀ ਜਾਣਕਾਰੀ ਰੈਸਕਿਊ ਟੀਮ ਨੂੰ ਮਿਲੀ ਤਾਂ ਉਹ ਘਟਨਾ ਵਾਲੀ ਥਾਂ 'ਤੇ ਪਹੁੰਚੀ। ਔਰਤ ਦੀ ਭਾਲ ਸ਼ੁਰੂ ਕੀਤੀ ਗਈ, ਦੇਰ ਰਾਤ ਔਰਤ ਦੀ ਲਾਸ਼ ਮਿਲੀ।
ਪੁਲਸ ਮੁਤਾਬਕ ਔਰਤ ਦਾ ਨਾਂ ਵਿਮਲ ਅਨਿਲ ਗਾਇਕਵਾੜ (45) ਹੈ। ਮੇਨਹੋਲ ਵਿਚੋਂ ਬਾਹਰ ਨਿਕਲਣ ਮਗਰੋਂ ਔਰਤ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਔਰਤ ਨੂੰ ਰਾਤ 11.30 ਵਜੇ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਦੱਸ ਦੇਈਏ ਕਿ ਮੁੰਬਈ ਦੇ ਕਈ ਇਲਾਕਿਆਂ ਵਿਚ ਬੁੱਧਵਾਰ ਦੁਪਹਿਰ ਤੋਂ ਹੀ ਮੀਂਹ ਪੈ ਰਿਹਾ ਹੈ। ਹਾਲਾਤ ਵਿਗੜਨ ਮਗਰੋਂ ਮੁੰਬਈ ਵਿਚ ਅੱਜ ਸਕੂਲ ਅਤੇ ਕਾਲਜ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। BMC ਪ੍ਰਸ਼ਾਸਨ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਰ ਵਿਚ ਹੀ ਰਹਿਣ ਅਤੇ ਬਹੁਤ ਜ਼ਰੂਰੀ ਹੋਣ 'ਤੇ ਹੀ ਬਾਹਰ ਨਿਕਲਣ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            