ਨਿਊਜ਼ੀਲੈਂਡ ਨੇ ਸੈਮੀਫਾਈਨਲ ਲਈ ਠੋਕਿਆ ਮਜ਼ਬੂਤ ਦਾਅਵਾ, ਸ਼੍ਰੀਲੰਕਾ ਟੂਰਨਾਮੈਂਟ ''ਚੋਂ ਬਾਹਰ
Wednesday, Feb 25, 2026 - 10:45 PM (IST)
ਸਪੋਰਟਸ ਡੈਸਕ- ਆਈ.ਸੀ.ਸੀ. ਟੀ-20 ਵਿਸ਼ਵ ਕੱਪ 2026 ਦੇ ਸੁਪਰ-8 ਗੇੜ ਵਿੱਚ ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ ਇੱਕਤਰਫਾ ਮੁਕਾਬਲੇ ਵਿੱਚ ਹਰਾ ਕੇ ਸੈਮੀਫਾਈਨਲ ਲਈ ਆਪਣਾ ਦਾਅਵਾ ਮਜ਼ਬੂਤ ਕਰ ਲਿਆ ਹੈ। ਕੋਲੰਬੋ ਦੇ ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ 61 ਦੌੜਾਂ ਨਾਲ ਕਰਾਰੀ ਮਾਤ ਦਿੱਤੀ। ਇਸ ਜਿੱਤ ਨਾਲ ਨਿਊਜ਼ੀਲੈਂਡ ਨੇ ਨਾ ਸਿਰਫ਼ ਅਹਿਮ 2 ਅੰਕ ਹਾਸਲ ਕੀਤੇ ਹਨ, ਸਗੋਂ ਆਪਣੇ ਨੈੱਟ ਰਨ ਰੇਟ ਵਿੱਚ ਵੀ ਵੱਡਾ ਸੁਧਾਰ ਕੀਤਾ ਹੈ।
ਇਸ ਹਾਰ ਦੇ ਨਾਲ ਹੀ ਮੇਜ਼ਬਾਨ ਸ਼੍ਰੀਲੰਕਾ ਦੀ ਟੀਮ ਸੈਮੀਫਾਈਨਲ ਦੀ ਦੌੜ ਵਿੱਚੋਂ ਬਾਹਰ ਹੋ ਗਈ ਹੈ। ਨਿਊਜ਼ੀਲੈਂਡ ਦੀ ਇਸ ਵੱਡੀ ਜਿੱਤ ਦਾ ਸਿੱਧਾ ਅਸਰ ਪਾਕਿਸਤਾਨੀ ਟੀਮ 'ਤੇ ਪਿਆ ਹੈ। ਕੀਵੀ ਟੀਮ ਨੇ ਪੁਆਇੰਟਸ ਟੇਬਲ ਦੇ ਗਰੁੱਪ-ਬੀ ਵਿੱਚ ਪਾਕਿਸਤਾਨ ਨੂੰ ਪਛਾੜ ਦਿੱਤਾ ਹੈ, ਜਿਸ ਕਾਰਨ ਪਾਕਿਸਤਾਨ ਲਈ ਸੈਮੀਫਾਈਨਲ ਦੀ ਰਾਹ ਹੁਣ ਬਹੁਤ ਮੁਸ਼ਕਿਲ ਹੋ ਗਈ ਹੈ। ਮਾਹਿਰਾਂ ਅਨੁਸਾਰ, ਪਾਕਿਸਤਾਨ ਦੇ ਹੁਣ ਟੂਰਨਾਮੈਂਟ ਤੋਂ ਬਾਹਰ ਹੋਣ ਦੇ ਆਸਾਰ ਵੱਧ ਗਏ
ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼੍ਰੀਲੰਕਾ ਸਾਹਮਣੇ ਜਿੱਤ ਲਈ 169 ਦੌੜਾਂ ਦਾ ਟੀਚਾ ਰੱਖਿਆ ਸੀ। ਜਵਾਬ ਵਿੱਚ ਸ਼੍ਰੀਲੰਕਾ ਦੀ ਟੀਮ ਪੂਰੇ 20 ਓਵਰ ਖੇਡਣ ਦੇ ਬਾਵਜੂਦ ਮਹਿਜ਼ 107 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਕਸੀ ਹੋਈ ਗੇਂਦਬਾਜ਼ੀ ਕਰਦਿਆਂ ਸ਼੍ਰੀਲੰਕਾ ਨੂੰ ਟੀਚੇ ਤੋਂ ਕਾਫੀ ਦੂਰ ਰੱਖਿਆ, ਜਿਸ ਦਾ ਫਾਇਦਾ ਉਨ੍ਹਾਂ ਨੂੰ ਪੁਆਇੰਟਸ ਟੇਬਲ ਵਿੱਚ ਮਿਲਿਆ ਹੈ।
ਨਿਊਜ਼ੀਲੈਂਡ ਦੀ ਇਸ ਜਿੱਤ ਨੇ ਜਿੱਥੇ ਉਨ੍ਹਾਂ ਦੇ ਖੇਮੇ ਵਿੱਚ ਉਤਸ਼ਾਹ ਭਰ ਦਿੱਤਾ ਹੈ, ਉੱਥੇ ਹੀ ਪਾਕਿਸਤਾਨੀ ਪ੍ਰਸ਼ੰਸਕਾਂ ਲਈ ਚਿੰਤਾ ਦੀ ਲਹਿਰ ਪੈਦਾ ਕਰ ਦਿੱਤੀ ਹੈ ਕਿਉਂਕਿ ਉਨ੍ਹਾਂ ਦੀ ਟੀਮ ਦਾ ਅਗਲਾ ਸਫ਼ਰ ਹੁਣ ਦੂਜੀਆਂ ਟੀਮਾਂ ਦੇ ਨਤੀਜਿਆਂ 'ਤੇ ਨਿਰਭਰ ਕਰ ਸਕਦਾ ਹੈ।
