ਕੜਾਕੇ ਦੀ ਠੰਡ ਨੇ ਲੀਡਰਾਂ ਨੂੰ ਕੀਤਾ ਬੇਹਾਲ

Saturday, Dec 28, 2019 - 11:48 AM (IST)

ਕੜਾਕੇ ਦੀ ਠੰਡ ਨੇ ਲੀਡਰਾਂ ਨੂੰ ਕੀਤਾ ਬੇਹਾਲ

ਨਵੀਂ ਦਿੱਲੀ— ਦਿੱਲੀ ਅਤੇ ਉੱਤਰੀ ਭਾਰਤ 'ਚ ਕੜਾਕੇ ਦੀ ਠੰਡ ਨੇ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਅੰਦਰ ਵੜ ਕੇ ਬੈਠੇ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਜਿੱਥੇ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਪਣੇ ਕਈ ਪ੍ਰੋਗਰਾਮਾਂ ਨੂੰ ਘੱਟ ਕਰ ਦਿੱਤਾ ਹੈ, ਉਥੇ ਉਪ-ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਜਨਵਰੀ ਦੇ ਅਖੀਰ ਤਕ ਆਪਣੇ ਬਾਹਰਲੇ ਜਨਤਕ ਪ੍ਰੋਗਰਾਮਾਂ ਨੂੰ ਵੀ ਰੱਦ ਕਰ ਦਿੱਤਾ ਹੈ। ਬੇਸ਼ੱਕ ਉਨ੍ਹਾਂ ਨੇ ਜਿੱਥੇ ਕਿਤੇ ਵੀ ਸਰਕਾਰੀ ਸਮਾਗਮ ਹਨ, ਉਥੇ ਉਨ੍ਹਾਂ ਨੇ ਆਪਣੀ ਹਾਜ਼ਰੀ ਜ਼ਰੂਰੀ ਕਰ ਦਿੱਤੀ ਹੈ ਪਰ ਉਹ ਘਰੋਂ ਬਾਹਰ ਕੋਈ ਪ੍ਰੋਗਰਾਮ ਨਹੀਂ ਕਰ ਰਹੇ, ਸਿਰਫ ਆਪਣੇ ਨਿਵਾਸ ਸਥਾਨ ਦੇ ਅੰਦਰ ਹੀ ਸਮਾਰੋਹਾਂ ਨੂੰ ਤਰਜੀਹ ਦੇ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਇਕ ਦਿਨ 'ਚ ਔਸਤਨ ਤਿੰਨ ਤੋਂ ਵਧੇਰੇ ਸਮਾਰੋਹਾਂ ਵਿਚ ਜਾਂਦੇ ਹਨ, ਹੁਣ ਉਨ੍ਹਾਂ ਨੇ ਅਜਿਹੇ ਸਮਾਗਮ ਸੀਮਤ ਕਰ ਦਿੱਤੇ ਹਨ। ਇਥੋਂ ਤਕ ਕਿ ਅਟਲ ਬਿਹਾਰੀ ਵਾਜਪਾਈ ਦੇ ਯਾਦਗਾਰੀ ਸਮਾਗਮ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੁਦ ਨੂੰ ਸ਼ਾਲ ਨਾਲ ਪੂਰੀ ਤਰ੍ਹਾਂ ਢਕਿਆ ਹੋਇਆ ਸੀ ਅਤੇ ਮਫਲਰ ਨਾਲ ਵੀ ਮੂੰਹ ਢਕਿਆ ਹੋਇਆ ਸੀ।

ਸਭ ਤੋਂ ਬੁਰਾ ਕਾਂਗਰਸ ਨੇਤਾਵਾਂ ਦੇ ਨਾਲ ਹੋਇਆ। ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵਲੋਂ ਸੀ. ਏ. ਏ. ਅਤੇ ਐੱਨ. ਆਰ. ਸੀ. ਮੁੱਦੇ 'ਤੇ ਮੋਦੀ ਸਰਕਾਰ ਵਿਰੁੱਧ ਰਾਜਘਾਟ ਵਿਖੇ ਧਰਨਾ ਦੇਣ ਬਾਬਤ ਫੈਸਲਾ ਹੋਇਆ ਸੀ ਤੇ ਉਨ੍ਹਾਂ ਨੇ ਇਸ ਸਬੰਧ ਵਿਚ ਦੁਪਹਿਰ ਬਾਅਦ 3 ਵਜੇ ਤੋਂ ਰਾਤ 8 ਵਜੇ ਤੱਕ ਦਾ ਸਮਾਂ ਨਿਰਧਾਰਤ ਕੀਤਾ ਸੀ ਤੇ ਉਹ ਖੁਦ ਲਗਭਗ 2 ਵਜੇ ਦੇ ਕਰੀਬ ਦਿੱਲੀ ਪੁੱਜਣਗੇ। ਉਨ੍ਹਾਂ ਨੂੰ ਦਿੱਲੀ ਵਿਚ ਠੰਡ ਕਾਰਣ ਪੈਦਾ ਹੋਣ ਵਾਲੀ ਸਥਿਤੀ ਦਾ ਕੋਈ ਖਿਆਲ ਹੀ ਨਹੀਂ ਸੀ ਆਇਆ। ਉਨ੍ਹਾਂ ਕਿਹਾ ਸੀ ਕਿ ਘੱਟੋ-ਘੱਟ ਤਿੰਨ ਮੁੱਖ ਮੰਤਰੀ ਮੌਜੂਦ ਹੋਣੇ ਚਾਹੀਦੇ ਹਨ ਜਦਕਿ ਭੂਪੇਸ਼ ਬਘੇਲ ਅਤੇ ਕੈਪਟਨ ਅਮਰਿੰਦਰ ਸਿੰਘ ਆ ਨਹੀਂ ਰਹੇ ਸਨ।


author

Tanu

Content Editor

Related News