ਪਤਨੀ ਖ਼ਿਲਾਫ਼ ‘ਅਪਸ਼ਬਦ’ ਨਹੀਂ ਸੁਣ ਪਾਏ ਨਾਇਡੂ, ਫੁੱਟ-ਫੁੱਟ ਕੇ ਰੋਂਦੇ ਹੋਏ ਖਾਧੀ ਇਹ ਸਹੁੰ

Saturday, Nov 20, 2021 - 10:06 AM (IST)

ਪਤਨੀ ਖ਼ਿਲਾਫ਼ ‘ਅਪਸ਼ਬਦ’ ਨਹੀਂ ਸੁਣ ਪਾਏ ਨਾਇਡੂ, ਫੁੱਟ-ਫੁੱਟ ਕੇ ਰੋਂਦੇ ਹੋਏ ਖਾਧੀ ਇਹ ਸਹੁੰ

ਇੰਦਰਪੁਰੀ (ਭਾਸ਼ਾ)- ਤੇਲਗੁ ਦੇਸ਼ਮ ਪਾਰਟੀ (ਤੇਦੇਪਾ) ਦੇ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਨੇਤਾ ਐੱਨ. ਚੰਦਰਬਾਬੂ ਨਾਇਡੂ ਆਪਣੀ ਪਤਨੀ ਖ਼ਿਲਾਫ਼ ‘ਅਪਸ਼ਬਦ’ ਨਹੀਂ ਸੁਣ ਸਕੇ ਅਤੇ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਸਦਨ ’ਚ ਭਾਵੁਕ ਹੋ ਕੇ ਸਹੁੰ ਖਾਧੀ ਕਿ ਸੱਤਾ ’ਚ ਪਰਤਣ ਤੱਕ ਉਹ ਵਿਧਾਨ ਸਭਾ ’ਚ ਦਾਖ਼ਲ ਨਹੀਂ ਹੋਣਗੇ। ਸਰਦ ਰੁੱਤ ਸੈਸ਼ਨ ’ਚ ਮਹਿਲਾ ਸਸ਼ਕਤੀਕਰਣ ’ਤੇ ਬਹਿਸ ਦੌਰਾਨ ਨਾਇਡੂ ਅਤੇ ਉਨ੍ਹਾਂ ਦੀ ਪਤਨੀ ਖ਼ਿਲਾਫ਼ ਵਾਈ. ਐੱਸ. ਆਰ. ਕਾਂਗਰਸ ਦੇ ਮੈਬਰਾਂ ਨੇ ਕਥਿਤ ਅਪਮਾਨਜਨਕ ਟਿੱਪਣੀਆਂ ਕੀਤੀਆਂ, ਜਿਸ ’ਤੇ ਨਾਇਡੂ ਨੇ ਸਖ਼ਤ ਨਾਰਾਜ਼ਗੀ ਜ਼ਾਹਿਰ ਕੀਤੀ ਅਤੇ ਫੁੱਟ-ਫੁੱਟ ਕੇ ਰੋ ਪਏ। 

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਦੀ ਵਾਪਸੀ ’ਤੇ ਬੋਲੇ ਟਿਕੈਤ- ਤੁਰੰਤ ਵਾਪਸ ਨਹੀਂ ਹੋਵੇਗਾ ਅੰਦੋਲਨ, ਦੱਸਿਆ ਕਦੋਂ ਜਾਣਗੇ ਘਰ

ਨਾਇਡੂ ਨੇ ਕਿਹਾ, ‘‘ਬੀਤੇ ਢਾਈ ਸਾਲਾਂ ਤੋਂ ਮੈਂ ਬੇਇੱਜ਼ਤੀ ਸਹਿ ਰਿਹਾ ਹਾਂ ਪਰ ਸ਼ਾਂਤ ਰਿਹਾ। ਅੱਜ ਉਨ੍ਹਾਂ ਨੇ ਮੇਰੀ ਪਤਨੀ ਨੂੰ ਵੀ ਨਿਸ਼ਾਨਾ ਬਣਾਇਆ ਹੈ। ਮੈਂ ਹਮੇਸ਼ਾ ਸਨਮਾਨ ਲਈ ਅਤੇ ਸਨਮਾਨ ਦੇ ਨਾਲ ਰਿਹਾ ਪਰ ਹੁਣ ਮੈਂ ਹੋਰ ਨਹੀਂ ਸਹਿ ਸਕਦਾ। ਵਿਧਾਨ ਸਭਾ ਸਪੀਕਰ ਤੰਮਿਨੇਨੀ ਸੀਤਾਰਾਮ ਨੇ ਜਦੋਂ ਉਨ੍ਹਾਂ ਦਾ ਮਾਈਕ ਸੰਪਰਕ ਕੱਟ ਦਿੱਤਾ, ਤਾਂ ਵੀ ਨਾਇਡੂ ਨੇ ਬੋਲਣਾ ਜਾਰੀ ਰੱਖਿਆ। ਉਥੇ ਹੀ, ਸੱਤਾਧਿਕ ਪਾਰਟੀ ਦੇ ਮੈਂਬਰਾਂ ਨੇ ਨਾਇਡੂ ਦੀ ਟਿੱਪਣੀ ਨੂੰ ਡਰਾਮਾ ਕਰਾਰ ਦਿੱਤਾ। ਖੇਤੀਬਾੜੀ ਖੇਤਰ ’ਤੇ ਇਕ ਸੰਖੇਪ ਚਰਚਾ ਦੇ ਦੌਰਾਨ ਸਦਨ ’ਚ ਦੋਵਾਂ ਪੱਖਾਂ ਵਿਚਾਲੇ ਤਿੱਖੀ ਤੂੰ-ਤੂੰ ਮੈਂ-ਮੈਂ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਨੇ ਨਿਰਾਸ਼ਾ ਪ੍ਰਗਟਾਈ। ਬਾਅਦ ’ਚ ਉਨ੍ਹਾਂ ਨੇ ਆਪਣੇ ਰੂਮ ’ਚ ਆਪਣੀ ਪਾਰਟੀ ਦੇ ਵਿਧਾਇਕਾਂ ਦੇ ਨਾਲ ਅਚਾਨਕ ਬੈਠਕ ਕੀਤੀ। ਤੇਦੇਪਾ ਦੇ ਸਥਾਈ ਵਿਧਾਇਕਾਂ ਨੇ ਨਾਇਡੂ ਨੂੰ ਹੌਸਲਾ ਦਿੱਤਾ, ਜਿਸ ਤੋਂ ਬਾਅਦ ਉਹ ਸਾਰੇ ਸਦਨ ’ਚ ਵਾਪਸ ਆ ਗਏ। ਨਾਇਡੂ ਦੀ ਪਤਨੀ ਐੱਨ. ਟੀ. ਰਾਮਾ ਰਾਵ ਦੀ ਬੇਟੀ ਹੈ, ਜਿਨ੍ਹਾਂ ਨੇ ਆਂਧਰਾ ਪ੍ਰਦੇਸ਼ ’ਚ ਤੇਲਗੁ ਦੇਸ਼ਮ ਪਾਰਟੀ ਦੀ ਸਥਾਪਨਾ ਕੀਤੀ ਸੀ। 

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਦੀ ਵਾਪਸੀ ’ਤੇ ਨਰੇਂਦਰ ਤੋਮਰ ਦਾ ਬਿਆਨ ਆਇਆ ਸਾਹਮਣੇ ਬੋਲੇ- ਇਸ ਗੱਲ ਦਾ ਹੈ ਦੁਖ਼

ਜੈਲਲਿਤਾ ਨੇ ਵੀ ਖਾਧੀ ਸੀ ਸਹੁੰ
25 ਮਾਰਚ 1989 ਨੂੰ ਤਮਿਲਨਾਡੂ ਵਿਧਾਨ ਸਭਾ ’ਚ ਵੀ ਇਕ ਅਜਿਹੀ ਹੀ ਘਟਨਾ ਹੋਈ ਸੀ, ਜਦੋਂ ਏ. ਆਈ. ਡੀ. ਐੱਮ. ਕੇ. ਨੇਤਾ ਜੇ. ਜੈਲਲਿਤਾ ਨੇ ਸਦਨ ’ਚ ਅਪਮਾਨ ਦਾ ਸਾਹਮਣਾ ਕਰਨ ਤੋਂ ਬਾਅਦ ਅਗਲੀਆਂ ਚੋਣਾਂ ’ਚ ਸੀ. ਐੱਮ. ਦੇ ਰੂਪ ’ਚ ਚੁਣੇ ਜਾਣ ਤੱਕ ਵਿਧਾਨ ਸਭਾ ’ਚ ਨਾ ਪਰਤਣ ਦੀ ਸਹੁੰ ਖਾਧੀ ਸੀ। ਹਾਲਾਂਕਿ ਇਸ ਨੂੰ ਵੀ ਇਕ ਨਾਟਕੀ ਕਦਮ ਕਰਾਰ ਦਿੱਤਾ ਗਿਆ ਸੀ ਪਰ ਜੈਲਲਿਤਾ ਸਮਰਥਨ ਹਾਸਲ ਕਰਨ ਅਤੇ ਅਗਲੀਆਂ ਚੋਣਾਂ ਜਿੱਤਣ ’ਚ ਸਫ਼ਲ ਰਹੀ ਸੀ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

DIsha

Content Editor

Related News