ਨੀਟ ਮਾਮਲੇ ''ਚ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਕੀ ਰਾਹੁਲ ਗਾਂਧੀ ਮੰਗਣਗੇ ਮੁਆਫ਼ੀ : ਭਾਜਪਾ
Wednesday, Jul 24, 2024 - 12:45 PM (IST)
ਨਵੀਂ ਦਿੱਲੀ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬੁੱਧਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਕੁਝ ਥਾਵਾਂ 'ਤੇ ਨੀਟ-ਯੂਜੀ ਪੇਪਰ ਲੀਕ ਹੋਣ ਤੋਂ ਬਾਅਦ ਭਾਰਤ ਦੀ ਪ੍ਰੀਖਿਆ ਪ੍ਰਣਾਲੀ ਵਿਚ ਭਰੋਸੇ ਦੀ ਕਮੀ ਨੂੰ ਹਵਾ ਦੇਣ ਦਾ ਦੋਸ਼ ਲਗਾਇਆ ਅਤੇ ਪੁੱਛਿਆ ਕਿ ਕੀ ਉਹ ਇਸ ਮੁੱਦੇ 'ਤੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਮੁਆਫ਼ੀ ਮੰਗਣਗੇ। ਸੁਪਰੀਮ ਕੋਰਟ ਨੇ ਨੀਟ-ਯੂਜੀ 2024 ਦੇ ਅਸਫ਼ਲ ਉਮੀਦਵਾਰਾਂ ਨੂੰ ਵੱਡਾ ਝਟਕਾ ਦਿੰਦੇ ਹੋਏ ਮੰਗਲਵਾਰ ਨੂੰ ਉਨ੍ਹਾਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ, ਜਿਨ੍ਹਾਂ 'ਚ ਵਿਵਾਦਾਂ 'ਚ ਘਿਰੀ ਇਸ ਪ੍ਰੀਖਿਆ ਨੂੰ ਰੱਦ ਕਰ ਕੇ ਮੁੜ ਆਯੋਜਿਤ ਕਰਵਾਉਣ ਦੀ ਮੰਗ ਕੀਤੀ ਗਈ ਸੀ। ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਇਸ ਦੀ ਇਮਾਨਦਾਰੀ ਨਾਲ ਸਮਝੌਤਾ ਹੋਣ ਅਤੇ ਹੋਰ ਗੜਬੜੀਆਂ ਨੂੰ ਦਰਸਾਉਣ ਵਾਲੀ ਕੋਈ ਸਮੱਗਰੀ ਰਿਕਾਰਡ 'ਚ ਨਹੀਂ ਹੈ। ਅਦਾਲਤ ਦਾ ਇਹ ਅੰਤਰਿਮ ਫ਼ੈਸਲਾ ਹੈ ਅਤੇ ਬਾਅਦ 'ਚ ਵਿਸਤ੍ਰਿਤ ਫ਼ੈਸਲਾ ਸੁਣਾਇਆ ਜਾਵੇਗਾ। ਇਸ ਅੰਤਰਿਮ ਫ਼ੈਸਲੇ ਨਾਲ ਕੇਂਦਰ ਸਰਕਾਰ ਅਤੇ ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨ.ਟੀ.ਏ.) ਨੂੰ ਵੱਡੀ ਰਾਹਤ ਮਿਲੀ ਹੈ, ਜੋ 5 ਮਈ ਨੂੰ ਸੰਪੰਨ ਪ੍ਰੀਖਿਆ 'ਚ ਪ੍ਰਸ਼ਨ ਪੱਤਰ ਲੀਕ ਸਮੇਤ ਵੱਡੇ ਪੈਮਾਨੇ 'ਤੇ ਗੜਬੜੀ ਨੂੰ ਲੈ ਕੇ ਸੜਕ ਤੋਂ ਸੰਸਦ ਤੱਕ ਸਖ਼ਤ ਆਲੋਚਨਾ ਅਤੇ ਵਿਰੋਧ ਦਾ ਸਾਹਮਣਾ ਕਰ ਰਹੀ ਹੈ।
ਭਾਜਪਾ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਫ਼ੈਸਲੇ ਤੋਂ ਬਾਅਦ ਵਿਰੋਧੀ ਧਿਰ, ਖ਼ਾਸ ਕਰ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਉਨ੍ਹਾਂ 'ਤੇ ਸਖ਼ਤ ਸ਼ਬਦਾਂ 'ਚ ਭਾਰਤ ਦੀ ਪ੍ਰੀਖਿਆ ਨੂੰ ਗਲੋਬਲ ਪੱਧਰ 'ਤੇ ਬਦਨਾਮ ਕਰਨ ਦਾ ਦੋਸ਼ ਲਗਾਇਆ। ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਉਨ੍ਹਾਂ ਦੇ ਸ਼ਬਦਾਂ ਦੀ ਚੋਣ ਸੰਸਦ ਦੀ ਮਰਿਆ ਅਤੇ ਰਾਹੁਲ ਗਾਂਧੀ ਦੇ ਅਹੁਦੇ ਦੀ ਮਰਿਆਦਾ ਦੀ ਉਲੰਘਣਾ ਕਰਦਾ ਹੈ। ਉਨ੍ਹਾਂ ਨੇ ਰਾਹੁਲ ਗਾਂਧੀ ਵਲੋਂ ਬਜਟ ਨੂੰ 'ਕੁਰਸੀ ਬਚਾਓ ਬਜਟ' ਕਰਾਰ ਦਿੱਤੇ ਜਾਣ ਦੇ ਦੋਸ਼ ਨੂੰ ਵੀ ਖਾਰਜ ਕੀਤਾ ਅਤੇ ਕਿਹਾ ਕਿ ਜੇਕਰ ਚੋਣਾਂ 'ਚ ਲੋਕਾਂ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਾਰਟੀ ਨੂੰ ਵਾਰ-ਵਾਰ ਖਾਰਜ ਕੀਤਾ ਹੈ ਤਾਂ ਇਸ 'ਚ ਭਾਜਪਾ ਦੀ ਗਲਤੀ ਨਹੀਂ ਹੈ। ਨੀਟ ਵਿਵਾਦ 'ਤੇ ਸਰਕਾਰ ਦੀ ਕਾਰਵਾਈ ਦਾ ਬਚਾਅ ਕਰਦੇ ਹੋਏ ਭਾਜਪਾ ਨੇਤਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪ ਦਿੱਤੀ ਗਈ ਸੀ ਅਤੇ 155 ਉਮੀਦਵਾਰਾਂ ਦੀ ਉਮੀਦਵਾਰੀ ਰੱਦ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਗੌਰ ਕਰਨ ਵਾਲੀ ਗੱਲ ਹੈ ਕਿ 571 ਸ਼ਹਿਰਾਂ 'ਚ 4,750 ਕੇਂਦਰਾਂ 'ਤੇ 23.5 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਉਨ੍ਹਾਂ ਕਿਹਾ ਕਿ ਗਾਂਧੀ ਪੂਰੀ ਪ੍ਰੀਖਿਆ 'ਤੇ ਹਮਲਾ ਕਰਨ ਲਈ 'ਧੋਖਾਧੜੀ' ਵਰਗੇ ਸ਼ਬਦਾਂ ਦਾ ਇਸਤੇਮਾਲ ਕਰ ਰਹੇ ਸਨ ਅਤੇ ਹੁਣ ਅਦਾਲਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪ੍ਰੀਖਿਆ ਦੀ ਪਵਿੱਤਰਤਾ ਦੀ ਕੋਈ ਉਲੰਘਣਾ ਨਹੀਂ ਹੋਈ ਹੈ। ਉਨ੍ਹਾਂ ਕਿਹਾ,''ਕੀ ਰਾਹੁਲ ਗਾਂਧੀ ਮੁਆਫ਼ੀ ਮੰਗਣਗੇ...।'' ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਦੀ ਅਗਵਾਈ ਵਾਲੀਆਂ ਸਰਕਾਰਾਂ ਦੌਰਾਨ ਪੇਪਰ ਲੀਕ ਦੀਆਂ ਘਟਨਾਵਾਂ ਹੋਈਆਂ, ਜਦੋਂ ਕਿ ਮੋਦੀ ਸਰਕਾਰ ਨੇ ਪੇਪਰ ਲੀਕ ਦੀਆਂ ਘਟਨਾਵਾਂ ਖ਼ਿਲਾਫ਼ ਇਕ ਮਜ਼ਬੂਤ ਕਾਨੂੰਨ ਬਣਾਇਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e