ਪਤਨੀ ਦਾ ਕਰਨਾ ਹੋਵੇਗਾ ਸਨਮਾਨ, ਉਹ ਪਤੀ ਦੀ ਨਿੱਜੀ ਜਾਇਦਾਦ ਨਹੀਂ: ਹਾਈ ਕੋਰਟ

Saturday, Jan 04, 2025 - 12:42 PM (IST)

ਪਤਨੀ ਦਾ ਕਰਨਾ ਹੋਵੇਗਾ ਸਨਮਾਨ, ਉਹ ਪਤੀ ਦੀ ਨਿੱਜੀ ਜਾਇਦਾਦ ਨਹੀਂ: ਹਾਈ ਕੋਰਟ

ਪ੍ਰਯਾਗਰਾਜ- ਉੱਤਰ ਪ੍ਰਦੇਸ਼ ਦੀ ਪ੍ਰਯਾਗਰਾਜ ਹਾਈ ਕੋਰਟ ਨੇ ਪਤਨੀ ਦੇ ਨਿੱਜਤਾ ਅਧਿਕਾਰਾਂ ਨੂੰ ਲੈ ਕੇ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਪਤੀ ਆਪਣੀ ਪਤਨੀ ’ਤੇ ਅਧਿਕਾਰ ਨਹੀਂ ਮੰਨ ਸਕਦਾ। ਅਦਾਲਤ ਨੇ ਇਹ ਵੀ ਕਿਹਾ ਕਿ ਪਤੀ ਵਿਆਹ ਦੇ ਆਧਾਰ ’ਤੇ ਪਤਨੀ ਦੀ ਨਿੱਜਤਾ ਨੂੰ ਜਨਤਕ ਕਰਨ ਦਾ ਅਧਿਕਾਰ ਨਹੀਂ ਰੱਖਦਾ। ਅਦਾਲਤ ਦੇ ਫੈਸਲੇ ’ਤੇ ਚਰਚਾ ਸ਼ੁਰੂ ਹੋ ਗਈ ਹੈ।

ਦਰਅਸਲ ਇਕ ਔਰਤ ਨੇ ਮਿਰਜ਼ਾਪੁਰ ਦੇ ਚੁਨਾਰ ਥਾਣੇ ਵਿਚ ਆਪਣੇ ਪਤੀ ’ਤੇ ਇੰਟੀਮੇਟ ਪਲਾਂ ਦੀ ਵੀਡੀਓ ਬਣਾਉਣ ਅਤੇ ਉਸ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦਾ ਦੋਸ਼ ਲਗਾਉਂਦੇ ਹੋਏ ਮਾਮਲਾ ਦਰਜ ਕਰਵਾਇਆ ਹੈ। ਇਸ ਐੱਫ. ਆਈ. ਆਰ. ਨੂੰ ਰੱਦ ਕਰਵਾਉਣ ਲਈ ਪਤੀ ਹਾਈ ਕੋਰਟ ਪਹੁੰਚਿਆ ਸੀ।

ਇਲਾਹਾਬਾਦ ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਕਿ ਪਤਨੀ ਦਾ ਸਰੀਰ ਉਸ ਦੀ ਆਪਣੀ ਜਾਇਦਾਦ ਹੈ। ਉਸ ਦੀ ਸਹਿਮਤੀ ਉਸਦੇ ਨਿੱਜੀ ਅਤੇ ਇੰਟੀਮੇਟ ਜੀਵਨ ਦੇ ਸਾਰੇ ਪਹਿਲੂਆਂ ਵਿਚ ਸਭ ਤੋਂ ਉੱਪਰ ਹੈ। ਪਤੀ ਦੀ ਭੂਮਿਕਾ ਉਸਦੇ ਜੀਵਨ ਵਿਚ ਮਾਲਕ ਦੀ ਨਹੀਂ ਹੋ ਸਕਦੀ। ਹਾਈ ਕੋਰਟ ਨੇ ਸਪੱਸ਼ਟ ਕਿਹਾ ਕਿ ਪਤੀ ਆਪਣੀ ਪਤਨੀ ਦੀ ਜ਼ਿੰਦਗੀ ਵਿਚ ਬਰਾਬਰ ਦੇ ਸਾਥੀ ਦੀ ਭੂਮਿਕਾ ਨਿਭਾਉਂਦਾ ਹੈ। ਉਹ ਉਸਦੀ ਖੁਦਮੁਖਤਿਆਰੀ ਅਤੇ ਸ਼ਖਸੀਅਤ ਦਾ ਸਨਮਾਨ ਕਰਨ ਲਈ ਮਜਬੂਰ ਹੈ।

ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਜਸਟਿਸ ਵਿਨੋਦ ਦਿਵਾਕਰ ਨੇ ਕਿਹਾ ਕਿ ਵਿਆਹ ਨਾਲ ਪਤੀ ਨੂੰ ਉਸਦੀ ਪਤਨੀ ’ਤੇ ਮਾਲਕੀ ਜਾਂ ਕੰਟਰੋਲ ਨਹੀਂ ਪ੍ਰਾਪਤ ਹੋ ਜਾਂਦਾ। ਨਾ ਹੀ ਪਤਨੀ ਦੀ ਆਜ਼ਾਦੀ ਅਤੇ ਨਿੱਜਤਾ ਦੇ ਅਧਿਕਾਰ ਨੂੰ ਵਿਆਹ ਦਾ ਰਿਸ਼ਤਾ ਘੱਟ ਕਰਦਾ ਹੈ। ਪਤੀ ਨੇ ਆਪਣੀ ਪਤਨੀ ਨਾਲ ਇੰਟੀਮੇਟ ਪਲਾਂ ਨੂੰ ਵਾਇਰਲ ਕੀਤਾ ਅਤੇ ਆਪਣੇ ਚਚੇਰੇ ਭਰਾ ਨੂੰ ਵੀ ਵੀਡੀਓ ਭੇਜ ਦਿੱਤੀ। ਅਜਿਹਾ ਕਰ ਕੇ ਉਸ ਨੇ ਵਿਆਹੁਤਾ ਰਿਸ਼ਤੇ ਦੀ ਪਵਿੱਤਰਤਾ ਦੀ ਉਲੰਘਣਾ ਕੀਤੀ ਹੈ।


author

Tanu

Content Editor

Related News