ਤਰਨਜੀਤ ਸਿੰਘ ਸੰਧੂ ਨੂੰ ਦਿੱਲੀ ਦਾ LG ਨਿਯੁਕਤ ਕਰਨਾ ਸਿੱਖ ਵਿਰਾਸਤ ਦਾ ਵੱਡਾ ਸਨਮਾਨ: ਮਨਜਿੰਦਰ ਸਿਰਸਾ
Friday, Mar 06, 2026 - 02:40 PM (IST)
ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੇ ਨਵ-ਨਿਯੁਕਤ ਉਪ ਰਾਜਪਾਲ (LG) ਸਰਦਾਰ ਤਰਨਜੀਤ ਸਿੰਘ ਸੰਧੂ (ਸਮੁੰਦਰੀ) ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਸ ਵੱਕਾਰੀ ਜ਼ਿੰਮੇਵਾਰੀ ਲਈ ਵਧਾਈ ਦਿੱਤੀ। ਸਿਰਸਾ ਨੇ ਇਸ ਨਿਯੁਕਤੀ ਨੂੰ ਸਿੱਖ ਭਾਈਚਾਰੇ ਦੇ ਮਾਣਮੱਤੇ ਇਤਿਹਾਸ ਅਤੇ ਕੁਰਬਾਨੀਆਂ ਨੂੰ ਦਿੱਤੀ ਗਈ ਇੱਕ ਵੱਡੀ ਸ਼ਰਧਾਂਜਲੀ ਕਰਾਰ ਦਿੱਤਾ ਹੈ।
ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਨਾਲ ਸਬੰਧਿਤ ਹੈ ਪਰਿਵਾਰਕ ਪਿਛੋਕੜ
ਸਿਰਸਾ ਨੇ ਟਵੀਟ ਕਰਦਿਆਂ ਦੱਸਿਆ ਕਿ ਸਰਦਾਰ ਤਰਨਜੀਤ ਸਿੰਘ ਸੰਧੂ ਮਹਾਨ ਸਿੱਖ ਆਗੂ ਸਰਦਾਰ ਤੇਜਾ ਸਿੰਘ ਸਮੁੰਦਰੀ ਦੇ ਪੋਤੇ ਹਨ, ਜੋ ਗੁਰਦੁਆਰਾ ਸੁਧਾਰ ਲਹਿਰ ਦੇ ਸਭ ਤੋਂ ਸਤਿਕਾਰਤ ਆਗੂਆਂ 'ਚੋਂ ਇਕ ਸਨ। ਉਨ੍ਹਾਂ ਯਾਦ ਕਰਵਾਇਆ ਕਿ ਜਦੋਂ ਅੰਗਰੇਜ਼ੀ ਹਕੂਮਤ ਦੌਰਾਨ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਕੰਧ ਢਾਹੀ ਗਈ ਸੀ, ਤਾਂ ਸਰਦਾਰ ਤੇਜਾ ਸਿੰਘ ਸਮੁੰਦਰੀ ਦੀ ਅਗਵਾਈ ਹੇਠ ਸਿੱਖ ਕੌਮ ਨੇ ਇਤਿਹਾਸਕ ਰੋਸ ਪ੍ਰਦਰਸ਼ਨ ਕੀਤਾ ਸੀ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਤੇਜਾ ਸਿੰਘ ਸਮੁੰਦਰੀ ਜੀ ਦੀ ਘਾਲਣਾ ਸਦਕਾ ਹੀ 1925 ਦਾ ਸਿੱਖ ਗੁਰਦੁਆਰਾ ਐਕਟ ਹੋਂਦ 'ਚ ਆਇਆ, ਜਿਸ ਨਾਲ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਰਾਹੀਂ ਸਿੱਖ ਸੰਗਤ ਦੇ ਹੱਥ ਆਇਆ। ਇਸ ਤੋਂ ਇਲਾਵਾ, ਤਰਨਜੀਤ ਸਿੰਘ ਸੰਧੂ ਦੇ ਪਿਤਾ ਡਾ. ਬਿਸ਼ਨ ਸਿੰਘ ਸਮੁੰਦਰੀ ਵੀ ਇੱਕ ਉੱਘੇ ਸਿੱਖਿਆ ਸ਼ਾਸਤਰੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ (GNDU) ਦੇ ਸੰਸਥਾਪਕ ਵਾਈਸ-ਚਾਂਸਲਰ ਰਹੇ ਹਨ।
ਮਨਜਿੰਦਰ ਸਿੰਘ ਸਿਰਸਾ ਨੇ ਇਸ ਇਤਿਹਾਸਕ ਫੈਸਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਤਰਨਜੀਤ ਸਿੰਘ ਸੰਧੂ ਵਰਗੀ ਸ਼ਖਸੀਅਤ ਨੂੰ ਦਿੱਲੀ ਦਾ ਉਪ ਰਾਜਪਾਲ ਨਿਯੁਕਤ ਕਰਨਾ ਪ੍ਰਧਾਨ ਮੰਤਰੀ ਦੇ ਸਿੱਖ ਭਾਈਚਾਰੇ ਪ੍ਰਤੀ ਡੂੰਘੇ ਸਤਿਕਾਰ ਅਤੇ ਉਨ੍ਹਾਂ ਦੇ ਹੱਕਾਂ ਤੇ ਮਰਿਆਦਾ ਲਈ ਕੀਤੇ ਸੰਘਰਸ਼ ਦੀ ਕਦਰ ਨੂੰ ਦਰਸਾਉਂਦਾ ਹੈ। ਸਿਰਸਾ ਨੇ ਤਰਨਜੀਤ ਸਿੰਘ ਸੰਧੂ ਦੇ ਸਫਲ ਕਾਰਜਕਾਲ ਲਈ ਆਪਣੀਆਂ ਦਿਲੀ ਸ਼ੁਭਕਾਮਨਾਵਾਂ ਵੀ ਭੇਟ ਕੀਤੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
