ਪਤਨੀ ਨੇ ਰੱਖਿਆ ਸੀ ਕਰਵਾਚੌਥ, ਬੇਟੇ ਨੂੰ ਆਇਆ ਫੋਨ- ਤੇਰੇ ਪਾਪਾ ਹੋ ਗਏ ਹਨ ਸ਼ਹੀਦ

10/18/2019 10:49:20 AM

ਬਹਿਰਾਮਪੁਰ— ਭਾਰਤ-ਪਾਕਿਸਤਾਨ ਸਰਹੱਦ ਤੋਂ ਹਮੇਸ਼ਾ ਗੋਲੀਬਾਰੀ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਪਹਿਲੀ ਵਾਰ ਬੰਗਲਾਦੇਸ਼ ਬਾਰਡਰ ਤੋਂ ਬੁਰੀ ਖਬਰ ਆ ਰਹੀ ਹੈ। ਵੀਰਵਾਰ ਨੂੰ ਪੱਛਮੀ ਬੰਗਾਲ ਦੇ ਬਹਿਰਾਮਪੁਰ 'ਚ ਭਾਰਤ-ਬੰਗਲਾਦੇਸ਼ ਸਰਹੱਦ 'ਤੇ ਹੋਈ ਗੋਲੀਬਾਰੀ 'ਚ ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਦੇ ਹੈੱਡ ਕਾਂਸਟੇਬਲ ਵਿਜੇ ਭਾਨ ਸਿੰਘ ਸ਼ਹੀਦ ਹੋ ਗਿਆ। ਵੀਰਵਾਰ ਨੂੰ ਸ਼ਹੀਦ ਦੀ ਪਤਨੀ ਸੁਨੀਤਾ ਨੇ ਪਤੀ ਦੀ ਲੰਬੀ ਉਮਰ ਲਈ ਕਰਵਾਚੌਥ ਦਾ ਵਰਤ ਰੱਖਿਆ ਸੀ ਪਰ ਸ਼ਾਮ ਹੁੰਦੇ-ਹੁੰਦੇ ਖੁਸ਼ੀਆਂ ਮਾਤਮ 'ਚ ਬਦਲ ਗਈਆਂ। ਸ਼ਹੀਦ ਵਿਜੇ ਸਿੰਘ ਦੇ ਬੇਟੇ ਵਿਵੇਕ ਕੁਮਾਰ ਨੇ ਕਿਹਾ ਕਿ ਬੰਗਲਾਦੇਸ਼ ਅਤੇ ਭਾਰਤ ਦੀ ਸਰਹੱਦ 'ਤੇ ਫਲਾਇੰਗ ਮੀਟਿੰਗ ਚੱਲ ਰਹੀ ਸੀ, ਉਦੋਂ ਇਹ ਗੋਲੀਬਾਰੀ ਹੋਈ ਅਤੇ ਮੇਰੇ ਪਿਤਾ ਨੂੰ ਗੋਲੀ ਲੱਗੀ। ਉਨ੍ਹਾਂ ਦੀ ਮੌਤ ਹੋ ਗਈ, ਮੇਰੀ ਕਮਾਂਡਰ ਨਾਲ ਗੱਲ ਹੋਈ ਸੀ। 

ਜਾਣਕਾਰੀ ਅਨੁਸਾਰ ਬੀ.ਐੱਸ.ਐੱਫ. ਦੇ ਜਵਾਨ ਉਨ੍ਹਾਂ ਮਛੇਰਿਆਂ ਦੀ ਤਲਾਸ਼ ਕਰ ਰਹੇ ਸਨ, ਜਿਨ੍ਹਾਂ ਨੂੰ ਬਾਰਡਰ ਗਾਰਡ ਬੰਗਲਾਦੇਸ਼ (ਬੀ.ਜੀ.ਬੀ.) ਨੇ ਬੰਧਕ ਬਣਾ ਲਿਆ ਸੀ। ਦੱਸਿਆ ਗਿਆ ਕਿ ਵੀਰਵਾਰ ਨੂੰ ਭਾਰਤ-ਬੰਗਲਾਦੇਸ਼ ਸਰਹੱਦ 'ਤੇ ਭਾਰਤ ਦੇ ਤਿੰਨ ਮਛੇਰੇ ਪਦਮਾ ਨਦੀ 'ਚ ਮੱਛੀ ਫੜਨ ਗਏ ਸਨ। ਬਾਅਦ 'ਚ 2 ਮਛੇਰੇ ਵਾਪਸ ਆਏ ਅਤੇ ਉਨ੍ਹਾਂ ਨੇ ਬੀ.ਐੱਸ.ਐੱਫ. ਦੀ ਕਕਮਾਰੀਚਾਰ ਪੋਸਟ 'ਤੇ ਸੂਚਨਾ ਦਿੱਤੀ ਕਿ ਬੀ.ਜੀ.ਬੀ. ਨੇ ਉਨ੍ਹਾਂ ਤਿੰਨਾਂ ਨੂੰ ਫੜ ਲਿਆ ਸੀ ਪਰ ਬਾਅਦ 'ਚ 2 ਨੂੰ ਛੱਡ ਦਿੱਤਾ। ਮਛੇਰਿਆਂ ਅਨੁਸਾਰ ਬੀ.ਜੀ.ਬੀ. ਨੇ ਉਨ੍ਹਾਂ ਨੂੰ ਕਿਹਾ ਕਿ ਉਹ ਬੀ.ਐੱਸ.ਐੱਫ. ਪੋਸਟ ਕਮਾਂਡਰ ਨੂੰ ਫਲੈਗ ਮੀਟਿੰਗ ਲਈ ਬੁਲਾਉਣ। ਜਦੋਂ ਬੀ.ਐੱਸ.ਐੱਫ. ਦੇ ਜਵਾਨ ਭਾਰਤੀ ਮਛੇਰੇ ਦੀ ਤਲਾਸ਼ 'ਚ ਗਏ ਤਾਂ ਬੀ.ਜੀ.ਬੀ. ਨੇ ਉਨ੍ਹਾਂ 'ਤੇ ਗੋਲੀਬਾਰੀ ਕਰ ਦਿੱਤੀ। ਗੋਲੀ ਹੈੱਡ ਕਾਂਸਟੇਬਲ ਵਿਜੇ ਭਾਨ ਦੇ ਸਿਰ 'ਚ ਲੱਗੀ। ਇਸ ਤੋਂ ਇਲਾਵਾ ਇਕ ਕਾਂਸਟੇਬਲ ਦੇ ਹੱਥ 'ਚ ਵੀ ਗੋਲੀ ਲੱਗੀ। ਦੋਹਾਂ ਨੂੰ ਤੁਰੰਤ ਮੈਡੀਕਲ ਲਈ ਲਿਜਾਇਆ ਗਿਆ। ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਵਿਜੇ ਭਾਨ ਸਿੰਘ ਦੀ ਮੌਤ ਹੋ ਗਈ ਸੀ।


DIsha

Content Editor

Related News