3 ਸਾਲਾਂ ਤੋਂ ਪਤਨੀ ਅਤੇ ਬੱਚਿਆਂ ਨੂੰ ਘਰ ''ਚ ਕੀਤਾ ਕੈਦ, ਇੰਝ ਹੋਏ ਆਜ਼ਾਦ

Saturday, Jun 03, 2023 - 03:21 PM (IST)

ਚਿੱਤਰਕੂਟ- ਉੱਤਰ ਪ੍ਰਦੇਸ਼ ਦੇ ਚਿੱਤਰਕੂਟ ਜ਼ਿਲ੍ਹੇ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਜਿੱਥੇ ਤੰਤਰ-ਮੰਤਰ ਦੇ ਚੱਕਰ 'ਚ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ 2 ਬੱਚਿਆਂ ਨੂੰ ਘਰ 'ਚ ਕੈਦ ਕਰ ਦਿੱਤਾ। ਹਵਾ ਘਰ 'ਚ ਕਿਸੇ ਪਾਸਿਓਂ ਵੀ ਪਹੁੰਚ ਨਾ ਸਕੇ, ਇਸ ਲਈ ਦਰਵਾਜ਼ੇ ਅਤੇ ਖਿੜਕੀਆਂ ਦੀ ਖ਼ਾਲੀ ਜਗ੍ਹਾ 'ਤੇ ਕੱਚੇ ਗਾਰੇ ਦਾ ਲੇਪ ਲਗਾ ਦਿੱਤਾ। ਵੀਰਵਾਰ ਨੂੰ ਜਦੋਂ ਬੱਚਿਆਂ ਦੇ ਮਾਸੀ-ਮਾਸੜ ਅਤੇ ਮਾਮਾ ਪਹੁੰਚੇ ਤਾਂ ਤਾਲਾ ਬੰਦ ਦੇਖ ਚਿੰਤਤ ਹੋ ਗਏ। ਗੁਆਂਢੀਆਂ ਦੀ ਮਦਦ ਨਾਲ ਚਾਈਲਡ ਲਾਈਨ ਨੂੰ ਸੂਚਨਾ ਦਿੱਤੀ। ਚਾਈਲਡ ਲਾਈਨ ਟੀਮ ਨੇ ਬੱਚਿਆਂ ਅਤੇ ਉਸ ਦੀ ਮਾਂ ਨੂੰ ਮੁਕਤ ਕਰਵਾਇਆ ਅਤੇ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ, ਜਿੱਥੇ ਸਾਰਿਆਂ ਦਾ ਇਲਾਜ ਚੱਲ ਰਿਹਾ ਹੈ।

PunjabKesari

ਮਿਲੀ ਜਾਣਕਾਰੀ ਅਨੁਸਾਰ ਚਾਈਲਡ ਲਾਈਨ ਦੇ ਕੋਆਰਡੀਨੇਟਰ ਵਿਸ਼ੇਸ਼ ਤ੍ਰਿਪਾਠੀ ਨੇ ਦੱਸਿਆ ਕਿ ਉਨ੍ਹਾਂ ਨੂੰ ਬੁੱਧਵਾਰ ਸਵੇਰੇ ਹੈਲਪਲਾਈਨ ਨੰਬਰ 1098 'ਤੇ ਸੂਚਨਾ ਮਿਲੀ ਕਿ ਕੋਤਵਾਲੀ ਦੇ ਅਧੀਨ ਤਰੌਂਹਾ ਮੁਹੱਲੇ 'ਚ ਦੁਰਗਾਕੁੰਜ ਵਾਸੀ ਕਾਸ਼ੀ ਕੇਸ਼ਰਵਾਨੀ ਨੇ ਪਤਨੀ ਪੂਨਮ ਨਾਲ ਆਪਣੇ ਬੱਚਿਆਂ ਪੁੱਤ ਰਜਤ (13) ਅਤੇ ਧੀ ਅਰਸ਼ਿਤਾ (14) ਨੂੰ ਘਰ ਦੇ ਅੰਦਰ ਕੈਦ ਕਰ ਦਿੱਤਾ ਹੈ। ਨਾ ਤਾਂ ਬੱਚਿਆਂ ਨੂੰ ਘਰੋਂ ਨਿਕਲਣ ਦਿੰਦਾ ਹੈ ਅਤੇ ਨਾ ਹੀ ਉਨ੍ਹਾਂ ਦੀ ਪੜ੍ਹਾਈ ਹੋ ਰਹੀ ਹੈ। ਲਗਭਗ 3 ਸਾਲਾਂ ਤੋਂ ਇਹ ਸਭ ਚੱਲ ਰਿਹਾ ਹੈ। 1098 'ਚ ਸੂਚਨਾ ਮਿਲਣ 'ਤੇ ਵਿਸ਼ੇਸ਼ ਨੇ ਦੱਸਿਆ ਕਿ ਚਾਈਲਡ ਲਾਈਨ ਟੀਮ ਦੀ ਦੀਪਾ ਸ਼ੁਕਲਾ ਅਤੇ ਸ਼ਾਮਾਨੰਦ ਨੂੰ ਮੌਕੇ 'ਤੇ ਪੁਲਸ ਨਾਲ ਭੇਜਿਆ ਗਿਆ। ਘਰ ਦਾ ਤਾਲਾ ਖੁੱਲ੍ਹਵਾਇਆ ਗਿਆ ਤਾਂ ਇਕ ਹਨ੍ਹੇਰੇ ਕਮਰੇ 'ਚ ਮਾਂ ਅਤੇ ਦੋਵੇਂ ਬੱਚੇ ਮਿਲੇ। ਇਸ ਦੇ ਨਾਲ ਹੀ ਤੰਤਰ-ਮੰਤਰ ਦੀ ਕਾਫ਼ੀ ਸਮੱਗਰੀ ਮਿਲੀ। ਕਮਰੇ 'ਚ ਭਿਆਨਕ ਗੰਦਗੀ ਵੀ ਸੀ। ਬੱਚਿਆਂ ਦੀ ਹਾਲਤ ਬਹੁਤ ਖ਼ਰਾਬ ਸੀ। ਪੁਲਸ ਦੀ ਮਦਦ ਨਾਲ ਐਂਬੂਲੈਂਸ ਬੁਲਾ ਕੇ ਸਾਰਿਆਂ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਸਾਰਿਆਂ ਨੂੰ ਦਾਖ਼ਲ ਕਰ ਲਿਆ ਗਿਆ। ਕਾਸ਼ੀ ਦੇ ਨਾਲ-ਨਾਲ ਉਸ ਦੀ ਪਤਨੀ ਵੀ ਮਾਨਸਿਕ ਤੌਰ 'ਤੇ ਬੀਮਾਰ ਨਜ਼ਰ ਆ ਰਹੀ ਸੀ। ਬੱਚਿਆਂ ਨੂੰ ਦੇਖ ਕੇ ਵੀ ਲੱਗਦਾ ਸੀ ਕਿ ਉਹ ਕਈ ਦਿਨਾਂ ਤੋਂ ਨਹਾਤੇ ਨਹੀਂ ਹਨ ਅਤੇ ਇਨ੍ਹਾਂ ਨੂੰ ਖਾਣਾ ਤੱਕ ਨਹੀਂ ਮਿਲਿਆ। 

PunjabKesari
 
ਚਾਈਲਡ ਲਾਈਨ ਦੀ ਦੀਪਾ ਨੇ ਦੱਸਿਆ ਕਿ ਪਹਿਲਾਂ ਤਾਂ ਕਾਸ਼ੀ ਨੇ ਘਰ ਦਾ ਤਾਲਾ ਖੋਲ੍ਹਣ ਤੋਂ ਹੀ ਇਨਕਾਰ ਕਰ ਦਿੱਤਾ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਤਾਲਾ ਖੋਲ੍ਹਿਆ ਗਿਆ ਅਤੇ ਪੁਲਸ ਵਾਲੇ ਜਦੋਂ ਅੰਦਰ ਗਏ ਤਾਂ ਭਿਆਨਕ ਬੱਦਬੂ ਨਾਲ ਉਨ੍ਹਾਂ ਦੀ ਹਾਲਤ ਖ਼ਰਾਬ ਹੋ ਗਈ। ਪੂਰੇ ਘਰ 'ਚ ਹਨ੍ਹੇਰਾ ਸੀ ਅਤੇ ਗੰਦਗੀ ਫੈਲੀ ਸੀ। ਰਸੋਈਘਰ ਦਾ ਰੋਸ਼ਨਦਾਨ ਤੱਕ ਇੱਟਾਂ ਨਾਲ ਬੰਦ ਸੀ। ਕਿਸੇ ਤਰ੍ਹਾਂ ਬੱਚਿਆਂ ਅਤੇ ਮਾਂ ਨੂੰ ਬਾਹਰ ਕੱਢਿਆ ਗਿਆ। ਦੀਪਾ ਨੇ ਦੱਸਿਆ ਕਿ ਘਰ ਦੇ ਵਿਚੋ-ਵਿਚ ਮਿੱਟੀ ਨਾਲ ਚਬੂਤਰਾ ਜਿਹਾ ਬਣਾਇਆ ਗਿਆ ਸੀ। ਉੱਥੇ ਦੀਵੇ ਰੱਖੇ ਸਨ। ਕਿਸੇ ਦੇਵੀ-ਦੇਵਤਾ ਦੀ ਫੋਟੋ ਉੱਥੇ ਨਹੀਂ ਸੀ ਅਤੇ ਓਮ ਆਦਿ ਪਵਿੱਤਰ ਸ਼ਬਦ ਉਲਟੇ ਲਿਖੇ ਹੋਏ ਸਨ। ਕੁਝ ਸਾਲ ਪਹਿਲਾਂ ਤੱਕ ਕਾਸ਼ੀ ਦਾ ਕਾਰੋਬਾਰ ਵਧੀਆ ਚੱਲ ਰਿਹਾ ਸੀ। ਕਾਸ਼ੀ ਦੇ ਗੁਆਂਢੀਆਂ ਦਾ ਕਹਿਣਾ ਹੈ ਕਿ ਇਸ ਘਰ 'ਚ ਆਉਣ ਤੋਂ ਪਹਿਲਾਂ ਇਹ ਪਰਿਵਾਰ ਕਾਫ਼ੀ ਖੁਸ਼ੀ ਸੀ। ਜਦੋਂ ਇੱਥੇ ਆਏ ਤਾਂ ਪਤਾ ਨਹੀਂ ਕੀ ਹੋਇਆ, ਸਭ ਬਦਲ ਗਿਆ। ਵਪਾਰ ਠੱਪ ਹੋ ਗਿਆ, ਉਸ ਦੀ ਧੀ ਵੀ ਬੀਮਾਰ ਰਹਿਣ ਲੱਗੀ। ਕਾਸ਼ੀ ਇਸ ਦਾ ਕਾਰਨ ਘਰ ਨੂੰ ਮੰਨਦਾ ਸੀ ਅਤੇ ਕਿਸੇ ਤਾਂਤਰਿਕ ਦੇ ਕਹਿਣ 'ਤੇ ਤੰਤਰ-ਮੰਤਰ ਦੀ ਪ੍ਰਕਿਰਿਆ ਕਰਨ ਲੱਗਾ ਸੀ। ਪੁਲਸ ਹੁਣ ਇਸ ਤਾਂਤਰਿਕ ਦਾ ਪਤਾ ਲਗਾਉਣ 'ਚ ਲੱਗੀ ਹੈ। 


DIsha

Content Editor

Related News