ਪ੍ਰਸ਼ਾਂਤ ਕਿਸ਼ੋਰ ਦੀ ਭਾਜਪਾ ਨਾਲ ਕਿਉਂ ਵਿਗੜੀ ਗੱਲ

05/05/2022 10:00:09 AM

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪ੍ਰਸ਼ਾਂਤ ਕਿਸ਼ੋਰ (ਪੀ. ਕੇ.) ਵਿਚਾਲੇ ਗੱਲ ਕਿਉਂ ਵਿਗੜੀ, ਇਸ ਦੇ ਪਿੱਛੇ ਇਕ ਦਿਲਚਸਪ ਕਿੱਸਾ ਹੈ। 2014 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਦੀ ਵੱਡੀ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ, ਪੀ. ਕੇ. ਨੂੰ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਸਨਮਾਨਿਤ ਕਰਨਾ ਚਾਹੁੰਦੇ ਸਨ। ਆਖਿਰਕਾਰ ਮੋਦੀ ਨੇ ਹਰ ਉਸ ਵਿਅਕਤੀ ਨੂੰ ਗੱਫੇ ਵੰਡੇ ਸਨ, ਜਿਸ ਦਾ ਉਨ੍ਹਾਂ ਦੀ 2014 ਦੀ ਜਿੱਤ ’ਚ ਥੋੜ੍ਹਾ ਜਿਹਾ ਵੀ ਯੋਗਦਾਨ ਦਿੱਤਾ ਸੀ। ਮੋਦੀ ਆਪਣੇ ਦੋਸਤਾਂ ਨੂੰ ਯਾਦ ਰੱਖਣ ਅਤੇ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਜਾਣੇ ਜਾਂਦੇ ਹਨ।

ਪ੍ਰਧਾਨ ਮੰਤਰੀ ਮੋਦੀ ਪੀ. ਕੇ. ਦੀਆਂ ਸਮਰੱਥਾਵਾਂ ਤੋਂ ਪ੍ਰਭਾਵਿਤ ਸਨ ਅਤੇ ਉਨ੍ਹਾਂ ਨੇ ਯੂ. ਐੱਨ. ਓ. ’ਚ ਪੀ. ਕੇ. ਦੇ ਕੰਮ ਨੂੰ ਵੇਖਿਆ ਸੀ। ਆਖ਼ਿਰਕਾਰ ਲੋਕ ਸਭਾ ਚੋਣਾਂ ਤੋਂ 2 ਸਾਲ ਪਹਿਲਾਂ 2012 ’ਚ ਮੋਦੀ ਨੇ ਉਨ੍ਹਾਂ ਨੂੰ ਹਾਇਰ ਕਰ ਲਿਆ। ਇੱਥੋਂ ਤੱਕ ਕਿ ਚੋਣਾਂ ਦੀ ਰਣਨੀਤੀ ਬਣਾਉਣ ਲਈ ਪੀ. ਕੇ. ਅਤੇ ਉਨ੍ਹਾਂ ਦੇ ਸਾਥੀਆਂ ਨੂੰ ਮੋਦੀ ਨੇ ਗਾਂਧੀਨਗਰ ’ਚ ਆਪਣੇ ਅਧਿਕਾਰਤ ਘਰ ਦਾ ਇਕ ਫਲੋਰ ਦਿੱਤਾ ਹੋਇਆ ਸੀ। ਉਸ ਸਮੇਂ ਮੋਦੀ ਨੇ ਆਪਣਾ ਹੀ ਚੋਣ ਪ੍ਰਚਾਰ ਸਾਮਰਾਜ ਤਿਆਰ ਕੀਤਾ ਹੋਇਆ ਸੀ।

ਖਾਸ ਗੱਲ ਇਹ ਰਹੀ ਕਿ ਉਸ ਸਮੇਂ ਮੋਦੀ ਦੀ ਵੱਡੀ ਜਿੱਤ ਤੋਂ ਬਾਅਦ ਪੀ. ਕੇ. ਨੇ ਸਰਕਾਰ ’ਚ ਸ਼ਾਮਲ ਹੋਣ ਦੇ ਬਜਾਏ ਭਾਜਪਾ ਲਈ ਕੰਮ ਕਰਨ ਦਾ ਫੈਸਲਾ ਲਿਆ। ਮੋਦੀ ਨੇ ਪੀ. ਕੇ. ਨੂੰ ਤਤਕਾਲੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਕੋਲ ਭੇਜਿਆ, ਤਾਂ ਕਿ ਪੀ. ਕੇ. ਲਈ ਕੋਈ ਭੂਮਿਕਾ ਨਿਰਧਾਰਤ ਕੀਤੀ ਜਾ ਸਕੇ। ਪਰਦੇ ਦੇ ਪਿੱਛੇ ਹੋਏ ਲੰਮੇਂ ਮੰਥਨ ਤੋਂ ਬਾਅਦ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਕਿਹਾ ਕਿ ਭਾਜਪਾ ’ਚ ‘ਚੋਣ ਰਣਨੀਤੀਕਾਰ ਜਾਂ ਚੋਣ ਕੋਆਰਡੀਨੇਟਰ’ ਦਾ ਵਿਸ਼ੇਸ਼ ਅਹੁਦਾ ਨਹੀਂ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਸੰਘ ਪਰਿਵਾਰ ’ਚ ਇਸ ਤਰ੍ਹਾਂ ਦਾ ਅਹੁਦਾ ਫਿੱਟ ਨਹੀਂ ਬੈਠੇਗਾ। ਪਾਰਟੀ ’ਚ ਕਈ ਵੱਡੇ ਅਹੁਦੇਦਾਰਾਂ ਨੂੰ ਵੀ ਪੀ. ਕੇ. ਲਈ ਕਿਸੇ ਅਹੁਦੇ ਦੀ ਸਿਰਜਨਾ ਦਾ ਵਿਚਾਰ ਪਸੰਦ ਨਹੀਂ ਸੀ। 
ਉਸ ਸਮੇਂ ਮੋਦੀ ਵੀ ਲੁਟੀਅਨਸ ਦਿੱਲੀ ’ਚ ਨਵੇਂ ਸਨ ਅਤੇ ਉਨ੍ਹਾਂ ਨੇ ਇਸ ਦੇ ਲਈ ਦਬਾਅ ਨਹੀਂ ਪਾਇਆ ਪਰ ਮੋਦੀ ਨੇ ਪੀ. ਕੇ. ਨੂੰ ਸਰਕਾਰ ’ਚ ਕੋਈ ਵੀ ਅਹੁਦਾ ਲੈਣ ਦਾ ਪ੍ਰਸਤਾਵ ਰੱਖਿਆ, ਜਿਸ ਤੋਂ ਪੀ. ਕੇ. ਨੇ ਨਿਮਰਤਾ ਨਾਲ ਮਨਾ ਕਰ ਦਿੱਤਾ। ਉਦੋਂ ਤੋਂ ਪੀ. ਕੇ. ਭਾਜਪਾ ਦਾ ਬਦਲਵਾਂ ਨੈਰੇਟਿਵ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪੀ. ਕੇ. ਦਾ ਮੰਨਣਾ ਹੈ ਕਿ ਜੇਕਰ ਭਰੋਸੇਯੋਗ ਚਿਹਰੇ ਅਤੇ ਮੁੱਦਿਆਂ ਨੂੰ ਸਾਹਮਣੇ ਰੱਖਿਆ ਜਾਵੇ ਤਾਂ 2024 ’ਚ ਭਗਵਾ ਪਾਰਟੀ ਨੂੰ ਹਰਾਇਆ ਜਾ ਸਕਦਾ ਹੈ। ਕਾਂਗਰਸ ਖਿੰਡੀ ਹੋਈ ਹੈ ਅਤੇ ਪੀ. ਕੇ. 2014 ਦੇ ਅਪਮਾਨ ਦਾ ਬਦਲਾ ਲੈਣਾ ਚਾਹੁੰਦੇ ਸਨ।


Tanu

Content Editor

Related News