ਗੁਜਰਾਤ ’ਚ 151 ਸੀਟਾਂ ਹਾਸਲ ਕਰਨਾ ਕਿਉਂ ਹੈ ਭਾਜਪਾ ਦਾ ਟੀਚਾ

Tuesday, Dec 06, 2022 - 02:07 PM (IST)

ਸੂਰਤ (ਵਿਸ਼ੇਸ਼)– ਗੁਜਰਾਤ ਵਿਚ ਚੋਣਾਂ ਦੇ ਪੜਾਅ ਪੂਰੇ ਹੋ ਗਏ ਹਨ ਅਤੇ 8 ਦਸੰਬਰ ਨੂੰ ਨਤੀਜਾ ਆ ਜਾਵੇਗਾ। ਇਸ ਦੌਰਾਨ ਭਾਜਪਾ ਇਸ ਚੋਣ ਵਿਚ ਸਭ ਤੋਂ ਵੱਡਾ ਟੀਚਾ ਲੈ ਕੇ ਚੱਲ ਰਹੀ ਹੈ ਅਤੇ ਉਹ ਟਾਰਗੈੱਟ ਹੈ 151 ਸੀਟਾਂ ਦਾ। ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ 5 ਨਵੰਬਰ ਨੂੰ ਮੁੰਬਈ ਵਿਚ ਸਭ ਤੋਂ ਪਹਿਲਾਂ ਇਸ ਅੰਕੜੇ ਦਾ ਐਲਾਨ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੰਬਈ ਵਿਚ ਇਕ ਬੈਠਕ ਵਿਚ 151 ਦੇ ਅੰਕੜੇ ਦੀ ਪੁਸ਼ਟੀ ’ਤੇ ਮੋਹਰ ਲਗਾ ਦਿੱਤੀ। ਬੇਸ਼ੱਕ ਪਾਰਟੀ ਦੇ ਸਰਵੇ ਵਿਚ 140 ਸੀਟਾਂ ਉਨ੍ਹਾਂ ਦੇ ਪੱਖ ਵਿਚ ਆ ਰਹੀਆਂ ਹਨ।

ਜਾਣਕਾਰੀ ਮੁਤਾਬਕ ਪਾਰਟੀ 151 ਸੀਟਾਂ ਦਾ ਟੀਚਾ ਇਸ ਲਈ ਲੈ ਕੇ ਚੱਲ ਰਹੀ ਹੈ ਕਿਉਂਕਿ ਪਾਰਟੀ ਇਸ ਦੇ ਨਾਲ 2 ਰਿਕਾਰਡ ਬਣਾਉਣਾ ਚਾਹੁੰਦੀ ਹੈ। 1995 ਵਿਚ ਭਾਜਪਾ ਨੇ ਸੂਬੇ ਵਿਚ ਕੇਸ਼ੂ ਭਾਈ ਪਟੇਲ ਦੀ ਅਗਵਾਈ ਵਿਚ ਪਹਿਲੀ ਵਾਰ ਚੋਣ ਜਿੱਤੀ ਸੀ। ਉਦੋਂ ਪਾਰਟੀ ਨੂੰ 121 ਸੀਟਾਂ ਮਿਲੀਆਂ ਸਨ ਜਦਕਿ 2002 ਵਿਚ ਪਹਿਲੀ ਵਾਰ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਪਾਰਟੀ ਨੇ ਚੋਣ ਜਿੱਤ ਕੇ 127 ਸੀਟਾਂ ਜਿੱਤੀਆਂ ਸਨ। ਪਾਰਟੀ ਆਪਣਾ ਇਹ ਰਿਕਾਰਡ ਤਾਂ ਤੋੜਨਾ ਚਾਹੁੰਦੀ ਹੈ। ਨਾਲ ਹੀ 1985 ਦੀਆਂ ਚੋਣਾਂ ਵਿਚ ਕਾਂਗਰਸ ਵਲੋਂ ਜਿੱਤੀਆਂ ਸੂਬੇ ਵਿਚ ਸਭ ਤੋਂ ਵੱਧ 149 ਸੀਟਾਂ ਦਾ ਰਿਕਾਰਡ ਬ੍ਰੇਕ ਕਰਨਾ ਵੀ ਪਾਰਟੀ ਦਾ ਟੀਚਾ ਹੈ।

14 ਤੋਂ 49 ਫੀਸਦੀ ਤੱਕ ਦਾ ਵੋਟ ਸ਼ੇਅਰ

ਗੁਜਰਾਤ ਵਿਚ ਪਿਛਲੇ 27 ਸਾਲਾਂ ਤੋਂ ਭਾਜਪਾ ਦਾ ਕਬਜ਼ਾ ਹੈ। ਭਾਜਪਾ ਦੀ ਸਥਾਪਨਾ ਦੇ ਨਾਲ ਹੀ ਗੁਜਰਾਤ ਵਿਚ ਭਾਜਪਾ ਦੇ ਉੱਥਾਨ ਨੂੰ ਸਮਝਣ ਲਈ ਇਕ ਨਜ਼ਰ ਉਨ੍ਹਾਂ ਅੰਕੜਿਆਂ ’ਤੇ ਵੀ ਪਾਉਣਾ ਜ਼ਰੂਰੀ ਹੈ। ਪਾਰਟੀ ਨੇ 1980 ਵਿਚ 14 ਫੀਸਦੀ ਵੋਟ ਸ਼ੇਅਰ ਨਾਲ ਸਫਰ ਸ਼ੁਰੂ ਕਰ ਕੇ 2017 ਆਉਂਦੇ-ਆਉਂਦੇ 49.80 ਫੀਸਦੀ ਵੋਟ ਸ਼ੇਅਰ ਹਾਸਲ ਕਰਨ ਤੱਕ ਦਾ ਸਫਰ ਪੂਰਾ ਕੀਤਾ। ਭਾਜਪਾ ਦੀ ਸਥਾਪਨਾ ਤੋਂ ਬਾਅਦ ਪਾਰਟੀ ਨੇ 1980 ਦੀਆਂ ਵਿਧਾਨ ਸਭਾ ਚੋਣਾਂ ਵਿਚ 14 ਫੀਸਦੀ ਵੋਟ ਸ਼ੇਅਰ ਦੇ ਨਾਲ 9 ਸੀਟਾਂ ਹਾਸਲ ਕਰ ਕੇ ਡੈਬਿਊ ਕੀਤਾ ਸੀ। ਉਸ ਤੋਂ ਬਾਅਦ 1985 ਵਿਚ ਭਾਜਪਾ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ 15 ਫੀਸਦੀ ਵੋਟਾਂ ਹਾਸਲ ਕਰ ਕੇ 11 ਸੀਟਾਂ ਜਿੱਤੀਆਂ ਸਨ।

ਉੱਤਰੀ ਗੁਜਰਾਤ ’ਤੇ ਫੋਕਸ

ਉੱਤਰੀ ਗੁਜਰਾਤ ਦੀਆਂ 32 ਸੀਟਾਂ ’ਤੇ ਪਿਛਲੀਆਂ 2 ਚੋਣਾਂ ਵਿਚ ਕਾਂਗਰਸ ਦਾ ਬਿਹਤਰ ਪ੍ਰਦਰਸ਼ਨ ਰਿਹਾ ਹੈ ਜਦਕਿ ਇਸ ਵਾਰ ਭਾਜਪਾ ਦਾ ਦਾਅਵਾ ਹੈ ਕਿ ਇਸ ਖੇਤਰ ਿਵਚ ਉਸਦਾ ਗ੍ਰਾਫ ਵਧਿਆ ਹੈ ਅਤੇ ਉਹ ਸਾਰੀਆਂ ਸੀਟਾਂ ’ਤੇ ਬਿਹਤਰ ਨਤੀਜੇ ਦੇਵੇਗੀ। ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਸਾਬਕਾ ਗ੍ਰਹਿ ਮੰਤਰੀ ਵਿਪੁਲ ਚੌਧਰੀ ਦੀ ਗ੍ਰਿਫਤਾਰੀ ਕਾਰਨ ਭਾਜਪਾ ਨੂੰ ਕੁਝ ਖੇਤਰਾਂ ਵਿਚ ਬਗਾਵਤ ਦਾ ਸਾਹਮਣਾ ਕਰਨਾ ਪਿਆ ਹੈ। ਪ੍ਰਮੁੱਖ ਹੋਰ ਪੱਛੜਾ ਵਰਗ (ਓ. ਬੀ. ਸੀ.), ਚੌਧਰੀ ਭਾਈਚਾਰੇ ਦਰਮਿਆਨ ਨਾਰਾਜ਼ਗੀ ਦਾ ਖਦਸ਼ਾ ਹੈ। ਨਾਲ ਹੀ ਸਥਾਨਕ ਜਾਤੀ ਸਮੀਕਰਣ ਅਤੇ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਦੇ ਆਖਰੀ ਨਤੀਜਿਆਂ ਵਿਚ ਇਕ ਪ੍ਰਮੁੱਖ ਭੂਮਿਕਾ ਨਿਭਾਉਣ ਦੀ ਸੰਭਾਵਨਾ ਹੈ।

ਮੋਦੀ ਨੇ ਕੀਤੀਆਂ ਲਗਾਤਾਰ ਰੈਲੀਆਂ ਪਰ...

ਗੁਜਰਾਤ ਚੋਣਾਂ ਵਿਚ ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ ਪਿਛਲੀਆਂ ਚੋਣਾਂ ਦੇ ਮੁਕਾਬਲੇ ਘੱਟ ਰਹੀਆਂ। ਅੰਕੜੇ ਦੱਸਦੇ ਹਨ ਕਿ 2017 ਵਿਚ ਪ੍ਰਧਾਨ ਮੰਤਰੀ ਮੋਦੀ ਨੇ 34 ਰੈਲੀਆਂ ਕੀਤੀਆਂ ਸਨ, ਜਦਕਿ ਇਸ ਵਾਰ ਉਸ ਤੋਂ ਘੱਟ 31 ਰੈਲੀਆਂ ਵਿਚ ਹੀ ਪੂਰੇ ਗੁਜਰਾਤ ਨਾਲ ਸੰਪਰਕ ਸਾਧਿਆ ਹੈ। ਹਾਲਾਂਕਿ ਇਸ ਵਾਰ ਪ੍ਰਧਾਨ ਮੰਤਰੀ ਦਾ 50 ਕਿਲੋਮੀਟਰ ਦਾ ਰੋਡ ਸ਼ੋਅ ਜ਼ਰੂਰ ਚਰਚਾ ਵਿਚ ਬਣਿਆ ਹੋਇਆ ਹੈ। ਸਿਆਸੀ ਜਾਣਕਾਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ 50 ਕਿਲੋਮੀਟਰ ਦਾ ਰੋਡ ਸ਼ੋਅ ਬੂਸਟਰ ਰੋਡ ਸ਼ੋਅ ਹੋ ਸਕਦਾ ਹੈ।


Rakesh

Content Editor

Related News