ਦੇਸ਼ 'ਚ ਕਦੋਂ ਲਾਗੂ ਹੋਵੇਗਾ ਚੋਣ ਜ਼ਾਬਤਾ, ਜਾਣੋ ਕਿਹੜੀਆਂ ਚੀਜ਼ਾਂ 'ਤੇ ਰਹੇਗੀ ਪਾਬੰਦੀ

03/15/2024 6:15:14 PM

ਨਵੀਂ ਦਿੱਲੀ- ਚੋਣ ਕਮਿਸ਼ਨ ਵਲੋਂ ਕੱਲ੍ਹ ਯਾਨੀ 16 ਮਾਰਚ ਨੂੰ ਲੋਕ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਕੀਤਾ ਜਾਵੇਗਾ। ਐਲਾਨ ਦੇ ਨਾਲ ਹੀ ਦੇਸ਼ 'ਚ ਚੋਣ ਜ਼ਾਬਤਾ ਲਾਗੂ ਹੋ ਜਾਵੇਗੀ, ਜਿਸ ਨਾਲ ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਲੱਗ ਜਾਣਗੀਆਂ। ਦੱਸਣਯੋਗ ਹੈ ਕਿ ਬਿਨਾਂ ਕਿਸੇ ਰੁਕਾਵਟ ਦੇ ਪਾਰਦਰਸ਼ੀ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਨੇ ਚੋਣ ਜ਼ਾਬਤੇ ਵਜੋਂ ਕੁਝ ਨਿਯਮ ਅਤੇ ਮਾਪਦੰਡ ਤੈਅ ਕੀਤੇ ਹਨ, ਜਿਨ੍ਹਾਂ ਦਾ ਰਾਜਨੀਤਕ ਪਾਰਟੀਆਂ ਅਤੇ ਉਮੀਦਵਾਰਾਂ ਨੇ ਲਾਜ਼ਮੀ ਤੌਰ 'ਤੇ ਪਾਲਣਾ ਕਰਨੀ ਹੁੰਦੀ ਹੈ। 

ਕੀ ਹੁੰਦੇ ਹਨ ਪ੍ਰਬੰਧ?

ਇਸ ਦੇ ਅਧੀਨ ਚੋਣ ਕਮਿਸ਼ਨ ਨੇ ਸਿਆਸੀ ਦਲਾਂ, ਉਮੀਦਵਾਰਾਂ ਅਤੇ ਵੋਟਰਾਂ ਲਈ ਆਮ ਆਚਰਣ ਤੋਂ ਲੈ ਕੇ ਸਭਾ, ਜੁਲੂਸ, ਵੋਟਿੰਗ, ਪੋਲਿੰਗ ਬੂਥ, ਅਬਜ਼ਰਵਰ ਅਤੇ ਮੈਨੀਫੈਸਟੋ ਨੂੰ ਲੈ ਕੇ ਨਿਯਮ ਤੈਅ ਕੀਤੇ ਹਨ। ਜੋ ਕੁਝ ਇਸ ਤਰ੍ਹਾਂ ਹਨ:-
ਵੱਖ-ਵੱਖ ਜਾਤਾਂ ਅਤੇ ਭਾਈਚਾਰਿਆਂ ਵਿਚਕਾਰ ਮਤਭੇਦ ਜਾਂ ਨਫ਼ਰਤ ਨੂੰ ਉਤਸ਼ਾਹਿਤ ਕਰਨ ਵਾਲੀਆਂ ਗਤੀਵਿਧੀਆਂ ਵਿਚ ਸ਼ਾਮਲ ਨਾ ਹੋਵੋ।

  • ਨੀਤੀਆਂ ਅਤੇ ਕੰਮਾਂ ਦੀ ਆਲੋਚਨਾ ਕਰੋ, ਕਿਸੇ ਪਾਰਟੀ, ਆਗੂ ਜਾਂ ਵਰਕਰ ਦੇ ਨਿੱਜੀ ਜੀਵਨ 'ਤੇ ਟਿੱਪਣੀ ਨਾ ਕਰੋ। 
  • ਕਿਸੇ ਵੀ ਜਾਤ ਜਾਂ ਫਿਰਕੇ ਦੀਆਂ ਭਾਵਨਾਵਾਂ ਨੂੰ ਵਰਤ ਕੇ ਆਪਣੀ ਵੋਟ ਪਾਉਣ ਦੀ ਅਪੀਲ ਨਾ ਕਰੋ।
  • ਮੰਦਰ, ਮਸਜਿਦ ਜਾਂ ਕਿਸੇ ਹੋਰ ਪੂਜਾ ਸਥਾਨ ਨੂੰ ਚੋਣ ਪ੍ਰਚਾਰ ਲਈ ਨਹੀਂ ਵਰਤਿਆ ਜਾਣਾ ਚਾਹੀਦਾ।
  • ਵੋਟਰਾਂ ਨੂੰ ਰਿਸ਼ਵਤ ਦੇਣਾ, ਉਨ੍ਹਾਂ ਨੂੰ ਡਰਾਉਣਾ, ਪੋਲਿੰਗ ਸਟੇਸ਼ਨ ਤੋਂ 100 ਮੀਟਰ ਦੀ ਦੂਰੀ ਦੇ ਅੰਦਰ ਪ੍ਰਚਾਰ ਕਰਨਾ ਅਪਰਾਧਿਕ ਗਤੀਵਿਧੀ ਮੰਨਿਆ ਜਾਵੇਗਾ।
  • ਵੋਟਾਂ ਤੋਂ 48 ਘੰਟੇ ਪਹਿਲਾਂ ਚੋਣ ਪ੍ਰਚਾਰ ਅਤੇ ਜਨਤਕ ਮੀਟਿੰਗਾਂ 'ਤੇ ਪਾਬੰਦੀ ਲਾਗੂ ਹੋਵੇਗੀ।
  • ਰਾਜਨੀਤਕ ਪਾਰਟੀ ਜਾਂ ਕਿਸੇ ਉਮੀਦਵਾਰ ਦੇ ਘਰ ਅੱਗੇ ਪ੍ਰਦਰਸ਼ਨ ਅਤੇ ਧਰਨਾ ਨਾ ਕੀਤਾ ਜਾਵੇ।

ਨੇਤਾ ਆਪਣੇ ਸਮਰਥਕਾਂ ਨੂੰ ਕਿਸੇ ਵਿਅਕਤੀ ਦੀ ਮਨਜ਼ੂਰੀ ਦੇ ਬਿਨਾਂ ਜ਼ਮੀਨ, ਇਮਾਰਤ, ਚਾਰਦੀਵਾਰੀ ਆਦਿ 'ਤੇ ਝੰਡੇ ਲਗਾਉਣ, ਬੈਨਰ ਲਟਕਾਉਣ, ਜਾਣਕਾਰੀ ਚਿਪਕਾਉਣ ਅਤੇ ਨਾਅਰੇ ਲਿਖਣ ਦੀ ਇਜਾਜ਼ਤ ਨਹੀਂ ਦੇ ਸਕਦੇ ਹਨ।
ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਸਮਰਥਕ ਦੂਜੀਆਂ ਪਾਰਟੀਆਂ ਦੀਆਂ ਮੀਟਿੰਗਾਂ ਜਾਂ ਜਲੂਸਾਂ ਵਿਚ ਰੁਕਾਵਟ ਪੈਦਾ ਨਾ ਕਰਨ ਅਤੇ ਨਾ ਹੀ ਵਿਘਨ ਪਾਉਣ ਦੀ ਕੋਸ਼ਿਸ਼ ਕਰਨ।
ਕੋਈ ਵੀ ਪਾਰਟੀ ਉਨ੍ਹਾਂ ਥਾਵਾਂ ਦੇ ਨੇੜੇ ਜਲੂਸ ਨਾ ਕੱਢੇ ਜਿੱਥੇ ਦੂਜੀਆਂ ਪਾਰਟੀਆਂ ਦੀਆਂ ਮੀਟਿੰਗਾਂ ਹੋ ਰਹੀਆਂ ਹੋਣ। ਇਕ ਪਾਰਟੀ ਵੱਲੋਂ ਲਗਾਏ ਗਏ ਪੋਸਟਰ ਦੂਜੀ ਪਾਰਟੀ ਦੇ ਵਰਕਰਾਂ ਵੱਲੋਂ ਨਾ ਉਤਾਰੇ ਜਾਣ।

ਰੈਲੀ ਅਤੇ ਰਾਜਨੀਤਕ ਬੈਠਕਾਂ ਲਈ

  • ਪੁਲਸ ਅਧਿਕਾਰੀਆਂ ਨੂੰ ਸਾਰੀਆਂ ਰੈਲੀਆਂ ਦੇ ਸਥਾਨ ਬਾਰੇ ਪਹਿਲਾਂ ਤੋਂ ਜਾਣਕਾਰੀ ਦਿੱਤੀ ਜਾਵੇ।
  • ਸਿਆਸੀ ਪਾਰਟੀਆਂ ਅਤੇ ਨੇਤਾਵਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜਿੱਥੇ ਉਹ ਮੀਟਿੰਗ ਕਰਨ ਜਾ ਰਹੇ ਹਨ, ਉੱਥੇ ਪਹਿਲਾਂ ਤੋਂ ਕੋਈ ਪਾਬੰਦੀ ਤਾਂ ਲਾਗੂ ਨਹੀਂ ਹੈ।
  • ਮੀਟਿੰਗ ਵਿਚ ਲਾਊਡਸਪੀਕਰ ਦੀ ਵਰਤੋਂ ਲਈ ਵੀ ਪਹਿਲਾਂ ਤੋਂ ਇਜਾਜ਼ਤ ਲਓ।
  • ਮੀਟਿੰਗ ਦੇ ਪ੍ਰਬੰਧਕਾਂ ਨੂੰ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਪੁਲਸ ਦੀ ਮਦਦ ਲੈਣੀ ਚਾਹੀਦੀ ਹੈ।

 


DIsha

Content Editor

Related News