ਜਦੋਂ ਸ਼ੇਰ ਨੇ ਵੀ ਜਲੇਬੀ ਖਾਧੀ

12/24/2017 10:30:20 AM

ਜੈਪੁਰ— ਘਟਨਾ ਅਮਰ ਚੰਦਰ ਦੇ ਵੇਲੇ ਦੀ ਹੈ। ਉਹ ਦੀਵਾਨ ਦੇ ਅਹੁਦੇ 'ਤੇ ਬਿਰਾਜਮਾਨ ਸਨ। ਇਕ ਵਾਰ ਜੈਪੁਰ ਦੇ ਮਹਾਰਾਜ ਨੇ ਕੁਝ ਦਰਬਾਰੀਆਂ ਨੂੰ ਸਬਕ ਸਿਖਾਉਣ ਲਈ ਚਿੜੀਆਘਰ ਦੇ ਬੱਬਰ ਸ਼ੇਰ ਦੇ ਭੋਜਨ ਦਾ ਇੰਤਜ਼ਾਮ ਕਰਨ ਦਾ ਭਾਰ ਉਨ੍ਹਾਂ ਨੂੰ ਸੌਂਪ ਦਿੱਤਾ।
ਦੀਵਾਨ ਅਮਰ ਚੰਦਰ ਜੀ ਸਾਹਮਣੇ ਧਰਮ ਸੰਕਟ ਆ ਗਿਆ। ਸ਼ੇਰ ਦਾ ਭੋਜਨ ਮਾਸ ਹੈ ਪਰ ਦੀਵਾਨ ਜੀ ਮਾਸ ਦਾ ਇੰਤਜ਼ਾਮ ਨਹੀਂ ਕਰਦੇ ਸਨ। ਉਹ ਜ਼ਿੰਮੇਵਾਰੀਆਂ ਤੋਂ ਪਿੱਛੇ ਭੱਜਣ ਵਾਲੇ ਵੀ ਨਹੀਂ ਸਨ। ਦੀਵਾਨ ਜੀ ਸ਼ੇਰ ਦਾ ਭੋਜਨ ਥਾਲਾਂ ਵਿਚ ਲੈ ਕੇ ਚੱਲ ਪਏ। ਸ਼ੇਰ ਦੇ ਪਿੰਜਰੇ ਦਾ ਦਰਵਾਜ਼ਾ ਖੁੱਲ੍ਹਵਾਇਆ ਗਿਆ। ਸ਼ੇਰ ਭੁੱਖਾ ਸੀ। ਉਹ ਜ਼ੋਰ ਨਾਲ ਦਹਾੜਿਆ। ਦੀਵਾਨ ਥਾਲ ਲੈ ਕੇ ਬਿਨਾਂ ਡਰੇ ਅੱਗੇ ਵਧੇ। ਥਾਲ ਜ਼ਮੀਨ 'ਤੇ ਰੱਖ ਕੇ ਅਤੇ ਉਨ੍ਹਾਂ ਉੱਪਰੋਂ ਕੱਪੜਾ ਹਟਾ ਕੇ ਬੋਲੇ,''ਵਨਰਾਜ, ਤੈਨੂੰ ਭੋਜਨ ਚਾਹੀਦਾ ਹੈ ਤਾਂ ਇਹ ਜਲੇਬੀਆਂ ਰੱਖੀਆਂ ਹਨ। ਜੇ ਤੈਨੂੰ ਮਾਸ ਹੀ ਚਾਹੀਦਾ ਹੈ ਤਾਂ ਮੈਂ ਖੜ੍ਹਾ ਹਾਂ। ਮੈਂ ਮਾਸ ਦੇ ਨਹੀਂ ਸਕਦਾ, ਇਹ ਮੇਰੇ ਧਰਮ ਦਾ ਸਵਾਲ ਹੈ। ਮਾਸ ਤੇਰੇ ਲਈ ਜ਼ਰੂਰੀ ਨਹੀਂ। ਤੇਰਾ ਪੇਟ ਇਨ੍ਹਾਂ ਜਲੇਬੀਆਂ ਨਾਲ ਵੀ ਭਰ ਸਕਦਾ ਹੈ। ਹੁਣ ਤੂੰ ਚੁਣਨਾ ਹੈ—ਮੈਂ ਜਾਂ ਜਲੇਬੀਆਂ।''
ਸ਼ਾਇਦ ਵਨਰਾਜ ਦੀਵਾਨ ਜੀ ਦੇ ਦਿਲ ਦੀ ਭਾਸ਼ਾ ਸਮਝ ਗਿਆ ਅਤੇ ਦੂਜੇ ਹੀ ਪਲ ਉਹ ਜਲੇਬੀਆਂ ਖਾ ਰਿਹਾ ਸੀ। ਸ਼ਾਇਦ ਜ਼ਿੰਦਗੀ ਵਿਚ ਪਹਿਲੀ ਵਾਰ ਸ਼ੇਰ ਨੇ ਜਲੇਬੀਆਂ ਖਾਧੀਆਂ ਅਤੇ ਦਰਸ਼ਕਾਂ ਨੇ ਸ਼ੇਰ ਨੂੰ ਜਲੇਬੀਆਂ ਖਾਂਦੇ ਦੇਖਿਆ।


Related News