ਭਾਰਤ-ਕੈਨੇਡਾ ਦੇ ਰਿਸ਼ਤਿਆਂ ''ਚ ਮੁੜ ਆਈ ਕੜਵਾਹਟ, ਜਾਣੋ ਆਖ਼ਿਰ ਕਿਉਂ ਤੇ ਕਿਵੇਂ ਸ਼ੁਰੂ ਹੋਇਆ ਸੀ ਪੂਰਾ ਮਾਮਲਾ ?
Tuesday, Oct 15, 2024 - 05:32 AM (IST)
ਇੰਟਰਨੈਸ਼ਨਲ ਡੈਸਕ- ਸੋਮਵਾਰ 14 ਅਗਸਤ ਨੂੰ ਭਾਰਤ ਤੇ ਕੈਨੇਡਾ ਵਿਚਾਲੇ ਸਬੰਧ ਬੁਰੀ ਤਰ੍ਹਾਂ ਵਿਗੜ ਗਏ ਹਨ। ਕੈਨੇਡਾ ਸਰਕਾਰ ਵੱਲੋਂ ਨਿੱਝਰ ਕਤਲਕਾਂਡ ਮਾਮਲੇ 'ਚ ਭਾਰਤੀ ਹਾਈ ਕਮਿਸ਼ਨਰ ਸੰਜੈ ਕੁਮਾਰ ਵਰਮਾ ਨੂੰ 'ਪਰਸਨ ਆਫ਼ ਇੰਟ੍ਰਸਟ' ਐਲਾਨ ਦਿੱਤਾ ਹੈ, ਜਿਸ ਮਗਰੋਂ ਭਾਰਤੀ ਵਿਦੇਸ਼ ਮੰਤਰਾਲੇ ਨੇ ਸਖ਼ਤ ਕਾਰਵਾਈ ਕਰਦੇ ਹੋਏ ਸੰਜੈ ਕੁਮਾਰ ਨੂੰ ਭਾਰਤ ਬੁਲਾ ਲਿਆ ਹੈ।
ਪਰਸਨ ਆਫ਼ ਇੰਟ੍ਰਸਟ ਦਾ ਮਤਲਬ ਹੈ ਕਿ ਪੁਲਸ ਨੂੰ ਸ਼ੱਕ ਹੈ ਕਿ ਇਹ ਵਿਅਕਤੀ ਕਿਸੇ ਤਰ੍ਹਾਂ ਦੀ ਅਪਰਾਧਿਕ ਗਤੀਵਿਧੀ 'ਚ ਸ਼ਾਮਲ ਹੋ ਸਕਦਾ ਹੈ, ਹਾਲਾਂਕਿ ਉਸ ਵਿਅਕਤੀ 'ਤੇ ਨਾ ਤਾਂ ਸਿੱਧੇ ਤੌਰ 'ਤੇ ਇਲਜ਼ਾਮ ਲਗਾਇਆ ਜਾ ਸਕਦਾ ਹੈ ਤੇ ਨਾ ਹੀ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਪਰ ਉਸ ਦੀਆਂ ਸਾਰੀਆਂ ਗਤੀਵਿਧੀਆਂ 'ਤੇ ਵਿਭਾਗ ਵੱਲੋਂ ਤਿੱਖੀ ਨਜ਼ਰ ਰੱਖੀ ਜਾਂਦੀ ਹੈ।
ਇਹ ਵੀ ਪੜ੍ਹੋ- ਕੈਨੇਡਾ ਤੇ ਭਾਰਤ ਵਿਚਾਲੇ ਵਧੀ ਤਲਖੀ, ਕੇਂਦਰ ਨੇ ਵਾਪਸ ਬੁਲਾਇਆ ਭਾਰਤੀ ਰਾਜਦੂਤ
ਇਸ ਮਾਮਲੇ 'ਚ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਟਰੂਡੋ ਸਰਕਾਰ ਇਹ ਸਭ ਆਪਣੇ ਰਾਜਨੀਤਿਕ ਲਾਭ ਲਈ ਕਰ ਰਹੀ ਹੈ ਤਾਂ ਜੋ ਭਾਰਤ ਵਿਰੋਧੀ ਸੰਸਥਾਵਾਂ, ਜੋ ਉੱਥੇ ਰਹਿ ਕੇ ਵਧ-ਫੁੱਲ ਰਹੀਆਂ ਹਨ ਤੇ ਉੱਥੋਂ ਹੀ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇ ਰਹੀਆਂ ਹਨ, ਉਨ੍ਹਾਂ ਦੀਆਂ ਵੋਟਾਂ ਲੈ ਕੇ ਮੁੜ ਸੱਤਾ ਕਾਇਮ ਕਰ ਸਕੇ।
ਇਸ ਮਗਰੋਂ ਭਾਰਤ ਨੇ ਇਕ ਹੋਰ ਸਖ਼ਤ ਕਦਮ ਚੁੱਕਦੇ ਹੋਏ ਕੈਨੇਡਾ ਦੇ 6 ਰਾਜਦੂਤਾਂ ਨੂੰ 19 ਅਕਤੂਬਰ ਤੱਕ ਭਾਰਤ ਛੱਡਣ ਦੇ ਆਦੇਸ਼ ਦੇ ਦਿੱਤੇ ਹਨ। ਇਨ੍ਹਾਂ ਕੈਨੇਡੀਅਨ ਰਾਜਦੂਤਾਂ 'ਚ ਸਟੀਵਰਟ ਰੌਸ ਵ੍ਹੀਲਰ (ਐਕਟਿੰਗ ਹਾਈ ਕਮਿਸ਼ਨਰ), ਪੈਟ੍ਰਿਕ ਹੇਬਰਟ (ਡਿਪਟੀ ਹਾਈ ਕਮਿਸ਼ਨਰ), ਮੈਰੀ ਕੈਥਰੀਨ ਜੌਲੀ (ਪਹਿਲੀ ਸਕੱਤਰ), ਇਆਨ ਰੌਸ ਡੇਵਿਡ ਟ੍ਰਾਈਟਸ (ਪਹਿਲਾ ਸਕੱਤਰ), ਐਡਮ ਜੇਮਜ਼ ਚੂਇਪਕਾ (ਪਹਿਲਾ ਸਕੱਤਰ) ਤੇ ਪਾਉਲਾ ਓਰਜੁਏਲਾ (ਪਹਿਲਾ ਸਕੱਤਰ) ਦਾ ਨਾਂ ਸ਼ਾਮਲ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਨੂੰ 19 ਅਕਤੂਬਰ ਰਾਤ 11:59 ਵਜੇ ਤੋਂ ਪਹਿਲਾਂ ਭਾਰਤ ਛੱਡਣ ਦੇ ਆਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ- ਭਾਰਤ ਤੇ ਕੈਨੇਡਾ ਵਿਚਾਲੇ ਭਖਿਆ ਮਾਹੌਲ, ਭਾਰਤ ਨੇ ਕੱਢੇ 6 ਕੈਨੇਡੀਅਨ ਡਿਪਲੋਮੈਟ
ਪਰ ਸਵਾਲ ਇਹ ਉਠਦਾ ਹੈ ਕਿ ਆਖ਼ਿਰ ਇਹ ਮਾਮਲਾ ਸ਼ੁਰੂ ਕਿਵੇਂ ਹੋਇਆ। ਕਈ ਲੋਕ ਤਾਂ ਇਸ ਮਾਮਲੇ ਤੋਂ ਜਾਣੂੰ ਹਨ ਪਰ ਕਈ ਲੋਕਾਂ ਨੂੰ ਇਸ ਬਾਰੇ ਨਹੀਂ ਪਤਾ। ਤਾਂ ਆਓ ਜਾਣਦੇ ਹਾਂ ਕਿ ਆਖ਼ਿਰ ਇਹ ਮੁੱਦਾ ਕਿਵੇਂ ਹੋਂਦ 'ਚ ਆਇਆ ਤੇ ਹੁਣ ਇਕ ਵਾਰ ਫ਼ਿਰ ਤੋਂ ਆਖ਼ਿਰ ਕਿਉਂ ਸੁਰਖੀਆਂ 'ਚ ਬਣਿਆ ਹੋਇਆ ਹੈ ?
ਕਿਵੇਂ ਸ਼ੁਰੂ ਹੋਇਆ ਇਹ ਮੁੱਦਾ ?
ਇਹ ਮੁੱਦਾ 18 ਜੂਨ 2023 ਨੂੰ ਹੋਂਦ 'ਚ ਆਇਆ, ਜਦੋਂ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਝਰ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸਥਿਤ ਗੁਰੂਨਾਨਕ ਗੁਰਦੁਆਰਾ ਸਾਹਿਬ ਦੇ ਬਾਹਰ 2 ਅਣਪਛਾਤੇ ਨੌਜਵਾਨਾਂ ਨੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ 'ਚ ਕੈਨੇਡਾ ਪੁਲਸ ਨੇ 4 ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਸੀ।
ਇਸ ਦੇ 3 ਮਹੀਨਿਆਂ ਬਾਅਦ 18 ਸਤੰਬਰ 2023 ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੇ ਸੰਸਦ 'ਚ ਨਿੱਝਰ ਕਤਲਕਾਂਡ ਦਾ ਭਾਂਡਾ ਭਾਰਤ ਦੇ ਸਿਰ ਭੰਨ ਦਿੱਤਾ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਨਿੱਝਰ ਦਾ ਕਤਲ ਭਾਰਤ ਸਰਕਾਰ ਦੇ ਏਜੰਟਾਂ ਨੇ ਹੀ ਕਰਵਾਇਆ ਹੈ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੀਆਂ ਜਾਸੂਸੀ ਏਜੰਸੀਆਂ ਇਸ ਮਾਮਲੇ 'ਚ ਭਾਰਤ ਸਰਕਾਰ ਦੀ ਭੂਮਿਕਾ ਦੀ ਜਾਂਚ ਕਰ ਰਹੀਆਂ ਹਨ। ਹਾਲਾਂਕਿ ਇਹ ਇਲਜ਼ਾਮ ਜ਼ੁਬਾਨੀ ਹੀ ਸਨ ਤੇ ਇਨ੍ਹਾਂ ਬਾਰੇ ਕੈਨੇਡਾ ਸਰਕਾਰ ਕੋਈ ਸਬੂਤ ਪੇਸ਼ ਨਹੀਂ ਕਰ ਸਕੀ।
ਇਹ ਵੀ ਪੜ੍ਹੋ- ਭਾਰਤ ਦੀ ਕਾਰਵਾਈ ਮਗਰੋਂ ਐਕਸ਼ਨ 'ਚ ਕੈਨੇਡਾ ਸਰਕਾਰ, ਭਾਰਤੀ ਡਿਪਲੋਮੈਟਾਂ 'ਤੇ ਕੀਤੀ ਕਾਰਵਾਈ
ਇਨ੍ਹਾਂ ਇਲਜ਼ਾਮਾਂ 'ਤੇ ਕੀ ਰਿਹਾ ਭਾਰਤ ਦਾ ਰੁਖ਼ ?
ਇਸ ਮਾਮਲੇ 'ਚ ਭਾਰਤੀ ਵਿਦੇਸ਼ ਮੰਤਰਾਲੇ ਨੇ ਅਗਲੇ ਹੀ ਦਿਨ, ਭਾਵ 19 ਸਤੰਬਰ 2023 ਨੂੰ ਪਹਿਲੀ ਵਾਰ ਚੁੱਪੀ ਤੋੜੀ ਸੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਕੈਨੇਡਾ ਸਰਕਾਰ ਦੇ ਇਹ ਇਲਜ਼ਾਮ ਪੂਰੀ ਤਰ੍ਹਾਂ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਇਹ ਸਭ ਇਲਜ਼ਾਮ ਆਪਣਾ ਵੋਟ ਬੈਂਕ ਵਧਾਉਣ ਤੇ ਭਾਰਤ ਵਿਰੋਧੀ ਤਾਕਤਾਂ ਨੂੰ ਆਸਰਾ ਦੇਣ ਕਾਰਨ ਲਗਾ ਰਹੇ ਹਨ, ਜੋ ਕਿ ਭਾਰਤ ਦੀ ਏਕਤਾ ਤੇ ਅਖੰਡਤਾ ਲਈ ਲਗਾਤਾਰ ਖ਼ਤਰਾ ਬਣੇ ਹੋਏ ਹਨ। ਇਸ ਦੇ ਨਾਲ ਹੀ ਭਾਰਤ ਨੇ ਸਖ਼ਤ ਕਦਮ ਚੁੱਕਦਿਆਂ ਕੈਨੇਡਾ ਦੇ ਇਕ ਸੀਨੀਅਰ ਡਿਪਲੋਮੈਟ ਨੂੰ ਵੀ ਦੇਸ਼ ਛੱਡਣ ਦੇ ਆਦੇਸ਼ ਦੇ ਦਿੱਤੇ ਸਨ।
ਇਹ ਵੀ ਪੜ੍ਹੋ- ਕੀ ਸਿਆਸੀ ਕਰੀਅਰ ਬਚਾਉਣ ਲਈ ਕੈਨੇਡੀਅਨ PM ਟਰੂਡੋ ਲੈ ਰਹੇ ਭਾਰਤ ਨਾਲ ਪੰਗੇ?
ਇਸ ਵਧਦੇ ਹੋਏ ਵਿਵਾਦ ਦੌਰਾਨ ਭਾਰਤ ਨੇ ਕੈਨੇਡਾ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਸਨ ਤੇ ਕੁਝ ਕੈਨੇਡੀਅਨ ਰਾਜਦੂਤਾਂ ਨੂੰ ਵੀ ਭਾਰਤ ਛੱਡ ਕੇ ਵਾਪਸ ਜਾਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਸਨ। ਇਸ ਦਾ ਕਾਰਨ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਇਹ ਦੱਸਿਆ ਗਿਆ ਸੀ ਕਿ ਕੈਨੇਡਾ 'ਚ ਇੰਨੀ ਗਿਣਤੀ 'ਚ ਭਾਰਤੀ ਰਾਜਦੂਤ ਨਹੀਂ ਹਨ, ਜਿੰਨੇ ਭਾਰਤ 'ਚ ਕੈਨੇਡੀਅਨ ਰਾਜਦੂਤ ਹਨ।
ਹਾਲਾਂਕਿ ਅਕਤੂਬਰ 2023 'ਚ ਭਾਰਤ ਵੱਲੋਂ ਵੀਜ਼ਾ ਸੇਵਾਵਾਂ ਮੁੜ ਬਹਾਲ ਕਰਨ ਮਗਰੋਂ ਦੋਵਾਂ ਦੇਸ਼ਾਂ ਦੀ ਕੜਵਾਹਟ ਥੋੜ੍ਹੀ ਘੱਟ ਹੋਈ ਸੀ। ਪਰ ਹੁਣ ਇਕ ਵਾਰ ਫ਼ਿਰ ਤੋਂ ਇਹ ਦੋਵੇਂ ਦੇਸ਼ ਇਕ-ਦੂਜੇ ਦੇ ਸਾਹਮਣੇ ਆ ਖੜ੍ਹੇ ਹੋਏ ਹਨ।
ਇਹ ਵੀ ਪੜ੍ਹੋ- ਭਾਰਤ-ਕੈਨੇਡਾ ਦੇ ਸਬੰਧਾਂ 'ਚ ਤਲਖੀ ਦਾ ਕੈਨੇਡਾ 'ਚ ਰਹਿੰਦੇ ਭਾਰਤੀਆਂ 'ਤੇ ਕੀ ਪਏਗਾ ਅਸਰ?
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e