ਕੈਨੇਡਾ ’ਚ ਬਿਸ਼ਨੋਈ ਗੈਂਗ ਦੇ ਨਿਸ਼ਾਨੇ ’ਤੇ ਵਕੀਲ, ਪੈਸੇ ਨਾ ਦੇਣ ’ਤੇ ਗੈਂਗਸਟਰ ਦੇ ਰਹੇ ਜਾਨੋਂ ਮਾਰਨ ਦੀਆਂ ਧਮਕੀਆਂ
Wednesday, Nov 19, 2025 - 07:35 AM (IST)
ਵੈਨਕੂਵਰ (ਇੰਟ.) – ਕੈਨੇਡਾ ਵਿਚ ਜਬਰੀ ਵਸੂਲੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਵਧਦੇ ਜਾ ਰਹੇ ਹਨ। ਇਸ ਵਾਰ ਵਕੀਲਾਂ ਨੂੰ ਗੈਂਗਸਟਰਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਨ੍ਹਾਂ ਤੋਂ ਮੋਟੀਆਂ ਰਕਮਾਂ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਜੇਕਰ ਉਹ ਪੈਸੇ ਨਹੀਂ ਦਿੰਦੇ ਹਨ ਤਾਂ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਥਿਤ ਅਪਰਾਧੀ ਸਿਰਫ਼ ਸਥਾਨਕ ਗੁੰਡੇ ਨਹੀਂ ਹਨ। ਉਨ੍ਹਾਂ ਵਿਚ ਭਾਰਤ ਦੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਨੈੱਟਵਰਕ ਸ਼ਾਮਲ ਹਨ। ਹਾਲ ਹੀ ਵਿਚ ਕੈਨੇਡੀਅਨ ਸਰਕਾਰ ਨੇ ਅਜਿਹੇ ਅਪਰਾਧੀਆਂ ਦੀ ਇਕ ਸੂਚੀ ਤਿਆਰ ਕੀਤੀ ਹੈ, ਜਿਸ ਵਿਚ ਕਤਲ, ਅੱਗਜ਼ਨੀ, ਜਬਰੀ ਵਸੂਲੀ ਅਤੇ ਡਰਾਉਣ-ਧਮਕਾਉਣ ਦੇ ਪੈਟਰਨ ਦਾ ਵੇਰਵਾ ਦਿੱਤਾ ਗਿਆ ਹੈ।
ਪੜ੍ਹੋ ਇਹ ਵੀ : 'ਪੰਜਾਬੀਆਂ ਨੂੰ 2-3 ਬੱਚੇ ਪੈਦਾ ਕਰਨ ਦੀ ਲੋੜ' : ਸਪੀਕਰ ਕੁਲਤਾਰ ਸੰਧਵਾ ਦਾ ਵੱਡਾ ਬਿਆਨ
ਲਾਅ ਸੋਸਾਇਟੀ ਨੇ ਆਪਣੇ ਮੈਂਬਰਾਂ ਨੂੰ ਕੀਤਾ ਚੌਕਸ
ਰਿਪੋਰਟ ਅਨੁਸਾਰ ਬ੍ਰਿਟਿਸ਼ ਕੋਲੰਬੀਆ ਦੀ ਲਾਅ ਸੋਸਾਇਟੀ ਨੇ ਰਿਪੋਰਟ ਦਿੱਤੀ ਹੈ ਕਿ ਵਕੀਲਾਂ ਕੋਲੋਂ ਗੈਂਗਸਟਰਾਂ ਨੇ ਜਾਨ ਬਖਸ਼ ਦੇਣ ਬਦਲੇ ਮੋਟੀ ਰਕਮ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਸੋਸਾਇਟੀ ਨੇ ਆਪਣੇ ਮੈਂਬਰਾਂ ਨੂੰ ਸਲਾਹ ਦਿੱਤੀ ਹੈ ਕਿ ਅਜਿਹੇ ਮਾਮਲੇ ਸਾਹਮਣੇ ਆਉਣ ’ਤੇ ਤੁਰੰਤ ਪੁਲਸ ਨਾਲ ਸੰਪਰਕ ਕਰਨ। ਅਜਿਹੇ ਮਾਮਲਿਆਂ ਨੂੰ ਪ੍ਰੋਵਿੰਸ਼ੀਅਲ ਐਕਸਟੋਰਸ਼ਨ ਟਾਸਕ ਫੋਰਸ ਕੋਲ ਭੇਜਿਆ ਜਾ ਸਕਦਾ ਹੈ।
ਪੜ੍ਹੋ ਇਹ ਵੀ : ਚੋਣ ਨਤੀਜਿਆਂ ਦੀ ਬਹਿਸ ਨੇ ਧਾਰਿਆ ਖੂਨੀ ਰੂਪ, 2 ਭਰਾਵਾਂ ਨੇ ਇੰਝ ਕੀਤਾ ਭਤੀਜੇ ਦਾ ਕਤਲ, ਕੰਬੀ ਰੂਹ
ਕੈਨੇਡਾ ਦੀ ਆਜ਼ਾਦੀ ਨੂੰ ਖ਼ਤਰਾ
ਕੈਨੇਡੀਅਨ ਬਿਊਰੋ ਨਿਊਜ਼ ਨੈੱਟਵਰਕ ਦੇ ਇਕ ਲੇਖ ਵਿਚ ਕਿਹਾ ਗਿਆ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿਚ ਦੁਸ਼ਮਣ ਦੇਸ਼ਾਂ ਦੇ ਨੈੱਟਵਰਕ ਅਤੇ ਉਨ੍ਹਾਂ ਨਾਲ ਜੁੜੇ ਮਾਫੀਆ ਤੋਂ ਕੈਨੇਡਾ ਦੀ ਆਜ਼ਾਦੀ ਨੂੰ ਬਹੁਤ ਜ਼ਿਆਦਾ ਖ਼ਤਰਾ ਹੈ। ਲੇਖ ਵਿਚ ਖਾਸ ਤੌਰ ’ਤੇ ਲਾਰੈਂਸ ਬਿਸ਼ਨੋਈ ਗੈਂਗ ਦਾ ਜ਼ਿਕਰ ਕੀਤਾ ਗਿਆ ਹੈ। ਲੇਖ ਵਿਚ ਕਿਹਾ ਗਿਆ ਹੈ ਕਿ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਨੂੰ ਨਵੇਂ ਕਾਨੂੰਨਾਂ ਦੁਆਰਾ ਸ਼ਕਤੀ ਨਹੀਂ ਦਿੱਤੀ ਗਈ ਹੈ। ਉਨ੍ਹਾਂ ਨੂੰ ਵਿਦੇਸ਼ੀ ਮਾਫੀਆ ਅਤੇ ਜਾਸੂਸਾਂ ਦੇ ਹਮਲਿਆਂ ਦਾ ਮੁਕਾਬਲਾ ਕਰਨ ਲਈ ਵਿਵਹਾਰਕ ਸਰੋਤ, ਫੰਡਿੰਗ ਅਤੇ ਸਿਖਲਾਈ ਪ੍ਰਦਾਨ ਨਹੀਂ ਕੀਤੀ ਗਈ ਹੈ। ਇਹੀ ਕਾਰਨ ਹੈ ਕਿ ਹੁਣ ਕੈਨੇਡਾ ਵਿਚ ਵਕੀਲਾਂ ਅਤੇ ਅਦਾਲਤੀ ਅਧਿਕਾਰੀਆਂ ਨੂੰ ਜਬਰੀ ਵਸੂਲੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ।
ਪੜ੍ਹੋ ਇਹ ਵੀ : 20 ਸਾਲਾਂ ਤੱਕ ਨਹੀਂ ਮਿਲੇਗੀ PR! ਯੂਕੇ ਸਰਕਾਰ ਦਾ ਪ੍ਰਵਾਸੀਆਂ ਨੂੰ ਵੱਡਾ ਝਟਕਾ
ਪੂਰੀ ਨਿਆਂ ਪ੍ਰਣਾਲੀ ’ਤੇ ਹਮਲਾ
ਕੰਜ਼ਰਵੇਟਿਵ ਵਿਧਾਇਕ ਸਟੀਵ ਕੂਨਰ ਨੇ ਬ੍ਰਿਟਿਸ਼ ਕੋਲੰਬੀਆ ਵਿਚ ਜਬਰੀ ਵਸੂਲੀ ਦੇ ਮਾਮਲਿਆਂ ਨੂੰ ਖਤਰਨਾਕ ਦੱਸਿਆ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਉਨ੍ਹਾਂ ਲੋਕਾਂ ’ਤੇ ਹਮਲਾ ਨਹੀਂ ਹੈ, ਜੋ ਨਿਆਂ ਪ੍ਰਣਾਲੀ ਦਾ ਸਮਰਥਨ ਕਰਦੇ ਹਨ, ਸਗੋਂ ਪੂਰੀ ਨਿਆਂ ਪ੍ਰਣਾਲੀ ’ਤੇ ਹਮਲਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਕੰਜ਼ਰਵੇਟਿਵ ਵਿਧਾਇਕ ਹਰਮਨ ਭੰਗੂ ਨੇ ਕਿਹਾ, ‘ਬ੍ਰਿਟਿਸ਼ ਕੋਲੰਬੀਆ ਵਿਚ ਵਕੀਲਾਂ ਨੂੰ ਹੁਣ ਜਬਰੀ ਵਸੂਲੀ ਦੀਆਂ ਧਮਕੀਆਂ ਮਿਲ ਰਹੀਆਂ ਹਨ।’ ਇਸ ਤੋਂ ਪਤਾ ਲੱਗਦਾ ਹੈ ਕਿ ਇਹ ਨੈੱਟਵਰਕ ਕਿੰਨਾ ਫੈਲ ਗਿਆ ਹੈ। ਮੈਂ ਇਕ ਸਿੱਖ ਹਾਂ ਅਤੇ ਮੈਂ ਭਾਈਚਾਰੇ ਨੂੰ ਜਾਣਦਾ ਹਾਂ। ਮੈਂ ਪਰਿਵਾਰਾਂ ਅਤੇ ਕਾਰੋਬਾਰੀਆਂ ਕੋਲੋਂ ਡਰਾਉਣ-ਧਮਕਾਉਣ ਦੇ ਮਾਮਲਿਆਂ ਬਾਰੇ ਸੁਣਦਾ ਹਾਂ। ਮੈਂ ਇਹ ਵੀ ਜਾਣਦਾ ਹਾਂ ਕਿ ਇਨ੍ਹਾਂ ਵਿਚੋਂ ਕੁਝ ਅਪਰਾਧਿਕ ਨੈੱਟਵਰਕ ਭਾਰਤ ਤੋਂ ਆ ਰਹੇ ਹਨ ਅਤੇ ਇਥੇ ਪੈਰ ਜਮਾ ਚੁੱਕੇ ਹਨ ਕਿਉਂਕਿ ਪਿਛਲੀਆਂ ਲਿਬਰਲ ਸਰਕਾਰਾਂ ਉਨ੍ਹਾਂ ਨੂੰ ਦੇਸ਼ ’ਚੋਂ ਬਾਹਰ ਰੱਖਣ ਵਿਚ ਅਸਫਲ ਰਹੀਆਂ ਹਨ।’
ਪੜ੍ਹੋ ਇਹ ਵੀ : 20 ਸਾਲਾਂ ਤੱਕ ਨਹੀਂ ਮਿਲੇਗੀ PR! ਯੂਕੇ ਸਰਕਾਰ ਦਾ ਪ੍ਰਵਾਸੀਆਂ ਨੂੰ ਵੱਡਾ ਝਟਕਾ
