ਟਰੰਪ ਨਾਲ ਵਪਾਰ ਨੂੰ ਲੈ ਕੇ ਵਧੇ ਤਣਾਅ ਵਿਚਾਲੇ ਜੀ-7 ਦੇਸ਼ਾਂ ਦੀ ਕੈਨੇਡਾ ’ਚ ਮੀਟਿੰਗ
Wednesday, Nov 12, 2025 - 10:42 PM (IST)
ਨਿਆਗਰਾ ਫਾਲਸ (ਕੈਨੇਡਾ)-ਉਦਯੋਗਿਕ ਲੋਕਤੰਤਰਾਂ ਦੇ ਸੰਗਠਨ ਜੀ-7 ਦੇ ਚੋਟੀ ਦੇ ਡਿਪਲੋਮੈਟ ਕੈਨੇਡਾ ਦੇ ਦੱਖਣੀ ਓਂਟਾਰੀਓ ’ਚ ਇਕੱਠੇ ਹੋ ਰਹੇ ਹਨ। ਜੀ-7 ਨੇਤਾਵਾਂ ਦੀ ਮੀਟਿੰਗ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਅਮਰੀਕਾ ਅਤੇ ਕੈਨੇਡਾ ਵਰਗੇ ਰਵਾਇਤੀ ਸਹਿਯੋਗੀਆਂ ਵਿਚਾਲੇ ਰੱਖਿਆ ਖਰਚ, ਵਪਾਰ ਅਤੇ ਗਾਜ਼ਾ ’ਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਜੰਗਬੰਦੀ ਯੋਜਨਾ ਅਤੇ ਰੂਸ-ਯੂਕ੍ਰੇਨ ਜੰਗ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ’ਤੇ ਅਨਿਸ਼ਚਿਤਤਾ ਦੇ ਬੱਦਲ ਮੰਡਰਾਅ ਰਹੇ ਹਨ। ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਵਪਾਰਕ ਦਬਾਅ ਦੇ ਬਾਵਜੂਦ ਕਈ ਮੁੱਦਿਆਂ ’ਤੇ ਸਬੰਧ ਬਣਾਈ ਰੱਖਣੇ ਚਾਹੀਦੇ ਹਨ। ਉਹ ਮੰਗਲਵਾਰ ਅਤੇ ਬੁੱਧਵਾਰ ਨੂੰ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਤੇ ਬ੍ਰਿਟੇਨ, ਫਰਾਂਸ, ਜਰਮਨੀ, ਇਟਲੀ ਅਤੇ ਜਾਪਾਨ ਦੇ ਆਪਣੇ ਹਮਰੁਤਬਾ ਦੀ ਮੇਜ਼ਬਾਨੀ ਕਰੇਗੀ। ਰੂਬੀਓ ਨੇ ਇਕ ਸੋਸ਼ਲ ਮੀਡੀਆ ਪੋਸਟ ’ਚ ਕਿਹਾ ਕਿ ਅਸੀਂ ਕਈ ਮਹੱਤਵਪੂਰਨ ਮੁੱਦਿਆਂ ’ਤੇ ਕੰਮ ਕਰ ਰਹੇ ਹਾਂ।
ਆਨੰਦ ਨੇ ਇਸ ਮੀਟਿੰਗ ਲਈ ਆਸਟ੍ਰੇਲੀਆ, ਬ੍ਰਾਜ਼ੀਲ, ਭਾਰਤ, ਸਾਊਦੀ ਅਰਬ, ਮੈਕਸੀਕੋ, ਦੱਖਣੀ ਕੋਰੀਆ, ਦੱਖਣੀ ਅਫਰੀਕਾ ਅਤੇ ਯੂਕ੍ਰੇਨ ਦੇ ਵਿਦੇਸ਼ ਮੰਤਰੀਆਂ ਨੂੰ ਵੀ ਸੱਦਾ ਦਿੱਤਾ ਹੈ।
