ਓਲੰਪਿਕ ਐਥਲੀਟ ਤੋਂ ਡਰੱਗ ਕਿੰਗਪਿਨ ਬਣੇ ਮੋਸਟ ਵਾਂਟੇਡ ’ਤੇ ਹੁਣ 15 ਮਿਲੀਅਨ ਡਾਲਰ ਦਾ ਇਨਾਮ

Friday, Nov 21, 2025 - 05:38 AM (IST)

ਓਲੰਪਿਕ ਐਥਲੀਟ ਤੋਂ ਡਰੱਗ ਕਿੰਗਪਿਨ ਬਣੇ ਮੋਸਟ ਵਾਂਟੇਡ ’ਤੇ ਹੁਣ 15 ਮਿਲੀਅਨ ਡਾਲਰ ਦਾ ਇਨਾਮ

ਓਂਟਾਰੀਓ  - ਅਮਰੀਕਾ ਨੇ ਸਾਬਕਾ ਕੈਨੇਡੀਅਨ ਓਲੰਪਿਕ ਐਥਲੀਟ ਤੋਂ ਡਰੱਗ ਕਿੰਗਪਿਨ ਬਣੇ ਰਯਾਨ ਵੈਡਿੰਗ ਦੀ ਗ੍ਰਿਫਤਾਰੀ ’ਤੇ ਇਨਾਮ 10 ਮਿਲੀਅਨ ਡਾਲਰ ਤੋਂ ਵਧਾ ਕੇ 15 ਮਿਲੀਅਨ ਡਾਲਰ ਕਰ ਦਿੱਤਾ ਹੈ। ਵੈਡਿੰਗ ਨਾਲ ਜੁੜੇ ਇਸ ਮਾਮਲੇ ’ਚ ਆਪ੍ਰੇਸ਼ਨ ਜੁਆਇੰਟ ਸਲੈਲਮ ਦੇ ਹਿੱਸੇ ਵਜੋਂ ਕੈਨੇਡਾ ’ਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵੈਡਿੰਗ ’ਤੇ 1 ਬਿਲੀਅਨ ਡਾਲਰ ਦੀ ਡਰੱਗ ਸਮੱਗਲਿੰਗ, ਸਿਨਾਲੋਆ ਕਾਰਟੇਲ ਨਾਲ ਗੱਠਜੋੜ  ਅਤੇ  ਗਵਾਹ ਦੇ ਕਤਲ  ਦਾ ਦੋਸ਼ ਹੈ। ਕੈਲੀਫੋਰਨੀਆ ਦੇ ਸੈਂਟਰਲ ਡਿਸਟ੍ਰਿਕਟ ਦੇ ਸਹਾਇਕ ਅਟਾਰਨੀ ਬਿਲਾਲ ਏ. ਇਸੇਲੀ ਨੇ ਕਿਹਾ ਕਿ ਨਵੀਂ ਯੂ. ਐੱਸ. ਫੈਡਰਲ  ਚਾਰਜਸ਼ੀਟ ’ਚ ਹੁਣ 15 ਲੋਕਾਂ ’ਤੇ ਦੋਸ਼ ਲਾਇਆ ਗਿਆ ਹੈ।

ਕੈਨੇਡਾ ਦੇ ਮੰਨੇ-ਪ੍ਰਮੰਨੇ ਡਿਫੈਂਸ ਲਾਇਰ ਵੀ ਗ੍ਰਿਫਤਾਰ
ਅਮਰੀਕਾ ਅਤੇ ਕੈਨੇਡਾ ਦੇ ਟਾਪ  ਲਾਅ  ਐਨਫੋਰਸਮੈਂਟ ਅਧਿਕਾਰੀਆਂ ਨੇ ਦੱਸਿਆ  ਕਿ ਗ੍ਰਿਫ਼ਤਾਰ ਕੀਤੇ ਗਏ 7 ਦੋਸ਼ੀਆਂ ’ਚ  ਕੈਨੇਡਾ  ਦੇ   ਮੰਨੇ-ਪ੍ਰਮੰਨੇ  ਡਿਫੈਂਸ ਲਾਇਰ ਦੀਪਕ ਪਰਾਡਕਰ ਵੀ ਸ਼ਾਮਲ ਹਨ। ਪਰਾਡਕਰ ’ਤੇ ਅਮਰੀਕਾ ’ਚ ਇਕ ਗਵਾਹ ਦੇ ਕਤਲ ਦੀ ਸਾਜ਼ਿਸ਼ ਰਚਣ ’ਚ ਮਦਦ ਕਰਨ ਦਾ ਦੋਸ਼ ਲਾਇਆ ਗਿਆ ਹੈ। ਉਸ ’ਤੇ  ਦੋਸ਼ ਹੈ  ਕਿ ਉਸ ਨੇ ਆਪਣੇ ਮੁਵੱਕਿਲ ਸਾਬਕਾ ਕੈਨੇਡੀਅਨ ਓਲੰਪਿਕ ਐਥਲੀਟ ਤੋਂ ਡਰੱਗ  ਲਾਰਡ ਬਣੇ  ਰਯਾਨ ਵੈਡਿੰਗ ਨੂੰ ਸਲਾਹ ਦਿੱਤੀ  ਸੀ  ਕਿ ਜੇ ਉਹ ਇਕ ਮੁੱਖ ਐੱਫ.ਬੀ.ਆਈ. ਦੇ ਗਵਾਹ ਦਾ ਕਤਲ ਕਰਦਾ ਹੈ ਤਾਂ ਉਸ ਵਿਰੁੱਧ ਕੇਸ ਖਾਰਿਜ ਕੀਤਾ ਜਾ ਸਕਦਾ ਹੈ। ਰਿਪੋਰਟ ਅਨੁਸਾਰ ਐੱਫ.ਬੀ.ਆਈ. ਦੇ ਗਵਾਹ ਦਾ ਨਾਂ ਜੋਨਾਥਨ ਇਸੇਬੇਡੋ-ਗਾਰਸੀਆ ਸੀ। ਉਸ ਨੂੰ ਇਸ ਸਾਲ ਜਨਵਰੀ ’ਚ ਕੋਲੰਬੀਆ ਦੇ ਮੈਡੇਲਿਨ ਸ਼ਹਿਰ ’ਚ ਇਕ ਰੈਸਟੋਰੈਂਟ ’ਚ ਸਿਰ ’ਚ 5 ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ।  ਪਰਾਡਕਰ  ਜੋ ਸੋਸ਼ਲ ਮੀਡੀਆ ’ਤੇ ‘ਕੋਕੀਨ ਲਾਇਰ’ ਦੇ ਨਾਂ ਨਾਲ ਜਾਣੇ ਜਾਂਦੇ ਸਨ, ’ਤੇ ਨਿਆਂ ’ਚ ਰੁਕਾਵਟ ਪਾਉਣ, ਗਵਾਹਾਂ ਨਾਲ ਛੇੜਛਾੜ ਕਰਨ ਅਤੇ ਕਤਲ ਲਈ ਉਕਸਾਉਣ  ਸਮੇਤ   ਕਈ  ਗੰਭੀਰ  ਦੋਸ਼  ਲਾਏ  ਗਏ  ਹਨ।

ਕਿਵੇਂ ਬਣਿਆ ਡਰੱਗ ਮਾਫੀਆ
ਇਹ ਪੂਰਾ ਮਾਮਲਾ ਸਾਬਕਾ ਕੈਨੇਡੀਅਨ ਓਲੰਪਿਕ ਐਥਲੀਟ  ਰਯਾਨ ਵੈਡਿੰਗ ਨਾਲ ਜੁੜਿਆ ਹੈ। ਵੈਡਿੰਗ ਐੱਫ. ਬੀ. ਆਈ. ਦੀ ਟਾਪ-10 ਮੋਸਟ ਵਾਂਟੇਡ ਸੂਚੀ ’ਚ  ਸ਼ਾਮਲ ਹੈ। ਨਸ਼ੇ ਅਤੇ ਲਾਲਚ ਨੇ ਉਸ ਨੂੰ ਇਕ ਖ਼ਤਰਨਾਕ ਅਪਰਾਧੀ ਬਣਾ ਦਿੱਤਾ ਹੈ।  ਰਯਾਨ ਵੈਡਿੰਗ ਨੇ 2002 ਦੇ ਓਲੰਪਿਕ ’ਚ ਪੈਰੇਲਲ ਜੁਆਇੰਟ ਸਲੈਲਮ ’ਚ 24ਵਾਂ ਸਥਾਨ ਹਾਸਲ  ਕੀਤਾ  ਸੀ। ਓਲੰਪਿਕ ’ਚ ਸਫਲਤਾ ਹਾਸਲ  ਕਰਨ ਤੋਂ ਬਾਅਦ ਉਸ  ਨੂੰ ਮਾਣ ਅਤੇ ਨਸ਼ੇ ਦਾ ਅਜਿਹਾ ਚਸਕਾ ਲੱਗਾ  ਕਿ ਉਹ ਹੌਲੀ-ਹੌਲੀ ਅਪਰਾਧ ਦੀ ਦੁਨੀਆ ’ਚ ਸ਼ਾਮਲ ਹੋ ਗਿਆ। ਕੈਨੇਡਾ ’ਚ  ਡਰੱਗਜ਼ ਦੀ ਇਕ ਵੱਡੀ ਖੇਪ ’ਤੇ ਕਬਜ਼ਾ ਕਰਨ ਲਈ  ਉਸ  ਨੇ ਇਕੋ ਪਰਿਵਾਰ ਦੇ 2 ਮੈਂਬਰਾਂ ਦਾ ਕਤਲ ਕਰ ਦਿੱਤਾ ਸੀ। ਵੈਡਿੰਗ ਤੇ ਉਸ ਦੇ ਗਿਰੋਹ ਨੇ ਕੋਲੰਬੀਆ, ਮੈਕਸੀਕੋ, ਦੱਖਣੀ ਕੈਲੀਫੋਰਨੀਆ ਅਤੇ ਕੈਨੇਡਾ ਵਿਚਾਲੇ ਡਰੱਗਜ਼  ਲਿਜਾਣ  ਲਈ ਲੰਬੀ ਦੂਰੀ  ਦੇ ਟਰੱਕਾਂ ਦੀ ਵਰਤੋਂ ਕੀਤੀ ਸੀ। ਉਸ ਨੇ ਹਰ ਸਾਲ ਲੱਗਭਗ 60 ਟਨ ਕੋਕੀਨ ਦੀ ਸਮੱਗਲਿੰਗ ਕਰਨ ਦਾ ਪ੍ਰਬੰਧ ਕੀਤਾ।
 


author

Inder Prajapati

Content Editor

Related News