ਕੀ ਹਨ ਤਾਲਿਬਾਨ, ਜੈਸ਼ ਅਤੇ ਆਈ. ਐੱਸ. ਆਈ. ਦੇ ਅਸਲ ਮਨਸੂਬੇ

Saturday, Feb 16, 2019 - 09:10 PM (IST)

ਕੀ ਹਨ ਤਾਲਿਬਾਨ, ਜੈਸ਼ ਅਤੇ ਆਈ. ਐੱਸ. ਆਈ. ਦੇ ਅਸਲ ਮਨਸੂਬੇ

ਨਵੀ ਦਿੱਲੀ— ਭਾਰਤ 'ਚ ਕੀਤੇ ਆਪਣੇ ਸਭ ਤੋਂ ਵੱਡੇ ਹਮਲੇ ਨਾਲ ਪਾਕਿਸਤਾਨੀ ਅੱਤਵਾਦੀ ਧਿਰ ਜੈਸ਼-ਏ-ਮੁਹੰਮਦ ਨੇ ਇਹ ਸੰਕੇਤ ਦੇ ਦਿੱਤਾ ਹੈ ਕਿ ਉਹ ਕਸ਼ਮੀਰ ਘਾਟੀ 'ਚ ਤੇਜ਼ੀ ਨਾਲ ਉਭਰ ਰਿਹਾ ਹੈ। ਉਸ ਦਾ ਅਜਿਹੇ ਸਮੇਂ 'ਚ ਉਭਰ ਕੇ ਸਾਹਮਣੇ ਆ ਰਿਹਾ ਹੈ ਜਦੋਂ ਅਫਗਾਨਿਸਤਾਨ ਤੋਂ ਅਮਰੀਕੀ ਫੌਜ ਵਾਪਸ ਆਉਣ ਵਾਲੀ ਹੈ ਤੇ ਜੈਸ਼ ਨੂੰ ਚਲਾਉਣ ਵਾਲਾ ਆਈ.ਐੱਸ.ਆਈ. ਤਾਲਿਬਾਨ ਦੇ ਜ਼ਰੀਏ ਕਾਬੁਲ 'ਤੇ ਕਬਜ਼ਾ ਕਰਨ ਦੀ ਤਿਆਰੀ 'ਚ ਹੈ। ਤਾਂ ਕਿ ਤਾਲਿਬਾਨ-ਆਈ.ਐੱਸ.ਆਈ-ਜੈਸ਼ ਦਾ ਤ੍ਰਿਕੋਣ ਕਸ਼ਮੀਰ ਨੂੰ ਬੁਰੀ ਤਰ੍ਹਾਂ ਅਸਥਿਰ ਕਰਨ ਦੀ ਫਿਰਾਕ 'ਚ ਹੈ? ਇਹ ਸਵਾਲ ਚੁੱਕਣਾ ਲਾਜ਼ਮੀ ਹੈ।

ਸਾਲ 1999 ਦੇ ਦਸੰਬਰ ਮਹੀਨੇ 'ਚ ਇੰਡੀਅਨ ਏਅਰਲਾਈਨ ਜਹਾਜ਼ ਨੂੰ ਅਗਵਾ ਕਰ ਕੰਧਾਰ ਲੈ ਜਾਣ ਤੇ ਭਾਰਤ ਦੀ ਜੇਲ 'ਚ ਬੰਦ ਅਜ਼ਹਰ ਮਸੂਦ ਨੂੰ ਰਿਹਾਅ ਕਰਨ ਪਿਛੇ ਪਾਕਿ ਖੁਫੀਆ ਏਜੰਸੀ ਆਈ.ਐੱਸ.ਆਈ. ਤੇ ਅਫਗਾਨ ਅੱਤਵਾਦੀ ਧਿਰ ਤਾਲਿਬਾਨ ਦੀ ਭੂਮਿਕਾ ਬਿਲਕੁਲ ਸਾਫ ਹੈ। ਉਸ ਤੋਂ ਬਾਅਦ ਹੀ ਆਈ.ਐੱਸ.ਆਈ. ਦੀ ਮਦਦ ਨਾਲ ਅਜ਼ਹਰ ਨੇ ਜੈਸ਼-ਏ-ਮੁਹੰਮਦ ਦਾ ਗਠਨ ਕੀਤਾ। ਪਾਕਿ ਖੁਫੀਆ ਏਜੰਸੀ ਦਾ ਇਰਾਦਾ ਕਸ਼ਮੀਰ 'ਚ ਚੱਲ ਰਹੇ ਵੱਖਵਾਦੀ ਅੰਦੋਲਨ ਨੂੰ ਵੱਖਰੇ ਕਸ਼ਮੀਰ ਦੀ ਮੰਗ ਕਰਨ ਵਾਲੇ ਤੱਤਾਂ ਦੇ ਹੱਥਾਂ ਤੋਂ ਖੋਹ ਕੇ ਅਜਿਹੇ ਲੋਕਾਂ ਦੇ ਹੱਥਾਂ 'ਚ ਸੌਂਪਣਾ ਸੀ, ਜੋ ਪਾਕਿਸਤਾਨ 'ਚ ਕਸ਼ਮੀਰ ਦੀ ਸ਼ਮੂਲੀਅਤ ਚਾਹੁੰਦੇ ਸਨ। ਇਸ ਤੋਂ ਇਲਾਵਾ ਆਈ.ਐੱਸ.ਆਈ. ਨੂੰ ਇਹ ਵੀ ਲੱਗਣ ਲੱਗਾ ਸੀ ਕਿ ਕਸ਼ਮੀਰ ਦਾ ਅੰਦੋਲਨ ਥੋੜ੍ਹਾ ਨਰਮ ਹੈ ਤੇ ਉਹ ਪੂਰੇ ਕਸ਼ਮੀਰ ਦੇ ਲੋਕਾਂ ਨੂੰ ਆਪਣੇ ਨਾਲ ਨਹੀਂ ਜੋੜ ਪਾ ਰਿਹਾ ਹੈ। ਅਜਿਹੇ 'ਚ ਅਜ਼ਹਰ ਮਸੂਦ ਜ਼ਿਆਦਾ ਵੱਡਾ ਅੰਦੋਲਨ ਛੇੜ ਕੇ ਭਾਰਤ ਨਾਲ ਆਰ-ਪਾਰ ਦੀ ਲੜਾਈ ਦੇ ਆਈ.ਐੱਸ.ਆਈ. ਏਜੰਡੇ ਨੂੰ ਬਿਹਤਰ ਤਰੀਕੇ ਨਾਲ ਲਾਗੂ ਕਰ ਸਕਦਾ ਸੀ। ਆਈ.ਐੱਸ.ਆਈ. ਦੀ ਮਦਦ ਨਾਲ ਜੈਸ਼ ਮਜ਼ਬੂਤ ਹੋ ਗਿਆ ਪਰ ਉਸ ਦਾ ਧਿਆਨ ਭਾਰਤ ਨਹੀਂ, ਅਮਰੀਕਾ 'ਤੇ ਰਿਹਾ ਤੇ ਉਸ ਨੇ ਪਾਕਿਸਤਾਨ ਹਿੱਤਾਂ 'ਤੇ ਕਈ ਵਾਰ ਛੋਟੇ ਹਮਲੇ ਕੀਤੇ।

9/11 ਤੋਂ ਬਾਅਦ ਵਧੀਆਂ ਦੂਰੀਆਂ
ਅਮਰੀਕਾ 'ਚ 9/11 ਦੇ ਹਮਲੇ ਤੋਂ ਬਾਅਦ ਜਿਸ ਤਰ੍ਹਾਂ ਪਰਵੇਜ ਮੁਸ਼ਰੱਫ ਵਾਸ਼ਿੰਗਟਨ ਦੇ ਦਬਾਅ 'ਚ ਆ ਕੇ ਅੱਤਵਾਦ ਖਿਲਾਫ ਲੜਾਈ 'ਚ ਸਹਿਯੋਗ ਕਰਨ ਨੂੰ ਤਿਆਰ ਹੋ ਗਿਆ, ਅਜ਼ਹਰ ਨੂੰ ਝਟਕਾ ਲਗਾ। ਬਾਅਦ 'ਚ ਮੁਸ਼ਰੱਫ 'ਤੇ ਹਮਲਾ ਕਰਨ ਦੇ ਦੋਸ਼ ਵੀ ਜੈਸ਼ 'ਤੇ ਲੱਗੇ। ਜੈਸ਼ ਕੁਝ ਸਾਲਾਂ ਤਕ ਥੋੜ੍ਹਾਂ ਸ਼ਾਂਤ ਰਿਹਾ ਪਰ ਮੁਸ਼ਰੱਫ ਦੇ ਸੱਤਾ ਤੋਂ ਹਟਣ, ਅਮਰੀਕਾ ਨਾਲ ਪਾਕਿ ਦੇ ਰਿਸ਼ਤੇ ਵਿਗੜਨ ਤੇ ਅਫਗਾਨਿਸਤਾਨ 'ਚ ਤਾਲਿਬਾਨ ਦੇ ਮਜ਼ਬੂਤ ਹੋਣ ਨਾਲ ਜੈਸ਼ ਦੀ ਹਿੰਮਤ ਇਕ ਵਾਰ ਫਿਰ ਵਧੀ। ਹੌਲੀ-ਹੌਲੀ ਜੈਸ਼ ਵੀ ਮਜ਼ਬੂਤ ਹੋਣ ਲੱਗਾ।

ਜੈਸ਼ ਦੇ ਆਈ.ਐਸ.ਆਈ. ਨਾਲ ਸਬੰਧ ਤਾਂ ਹਨ ਹੀ, ਉਸ ਦੇ ਤਾਲਿਬਾਨ ਨਾਲ ਵੀ ਜੁੜੇ ਹੋਏ ਹਨ। ਇਸ ਤ੍ਰਿਕੋਣ ਨੂੰ ਸਮਝਨ ਲਈ ਦੋ ਉਦਾਹਰਨ ਕਾਫੀ ਹਨ। ਅਜ਼ਹਰ ਮਸੂਦ ਨੇ ਅੱਤਵਾਦ ਦੀ ਟ੍ਰੇਨਿੰਗ ਨਿਜ਼ਾਮੂਦਿਨ ਸਮਜਈ ਤੋਂ ਲਈ ਸੀ। ਇੰਡੀਅਨ ਐਕਸਪ੍ਰੈਸ ਮੁਤਾਬਕ ਤਤਕਾਲੀਨ ਆਈ.ਐੱਸ.ਆਈ. ਮੁਖੀ ਸ਼ੁਜ਼ਾ ਪਾਸ਼ਾ ਨੇ ਅਮਰੀਕੀ ਦਬਾਅ 'ਚ ਆ ਕੇ ਸਮਜਈ ਨੂੰ ਤਾਲਿਬਾਨ ਇਹ ਸਮਝਾਉਣ ਲਈ ਭੇਜਿਆ ਕਿ ਉਹ ਓਸਾਮਾ ਬਿਨ ਲਾਦੇਨ ਨੂੰ ਸੌਂਪ ਦੇਵੇ। ਗੱਲ ਨਹੀਂ ਬਣੀ ਪਰ ਤਾਲਿਬਾਨ ਤੇ ਜੈਸ਼ ਦਾ ਰਿਸ਼ਤਾ ਇਸ ਤੋਂ ਸਾਫ ਹੁੰਦਾ ਹੈ। ਇਸੇ ਤਰ੍ਹਾਂ 2009 'ਚ ਜਦੋਂ ਰਾਵਪਿੰਡੀ 'ਚ ਪਾਕਿਸਤਾਨ ਤਾਲਿਬਾਨ ਨੇ ਹਮਲਾ ਕਰ ਕਈ ਫੌਜੀਆਂ ਨੂੰ ਬੰਧਕ ਬਣਾ ਲਿਆ, ਤਾਂ ਆਈ.ਐੱਸ.ਆਈ. ਨੇ ਤਾਲਿਬਾਨ ਨਾਲ ਗੱਲਬਾਤ ਲਇ ਜੈਸ਼ ਦਾ ਇਸਤੇਮਾਲ ਕੀਤਾ ਸੀ। ਗੱਲਬਾਤ ਕਰਨ ਵਾਲਿਆਂ 'ਚ ਅਜ਼ਰ ਮਸੂਦ ਦਾ ਭਰਾ ਅਬਦੁਲ ਰਉਫ ਅਸਗਰ ਵੀ ਸ਼ਾਮਲ ਸੀ।

ਹਾਲ ਹੀ 'ਚ ਹੋਏ ਪੁਲਵਾਮਾ ਹਮਲੇ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਹੁਣ ਕਸ਼ਮੀਰ 'ਚ ਜੈਸ਼ ਦੀ ਮਜ਼ਬੂਤ ਸਥਿਤੀ ਹੈ ਤੇ ਆਈ.ਐੱਸ.ਆਈ. ਉਸ ਦੇ ਨਾਲ ਹੈ। ਆਈ.ਐੱਸ.ਆਈ. ਭਾਰਤ 'ਤੇ ਹੁਣ ਜ਼ਿਆਦਾ ਧਿਆਨ ਇਸ ਲਈ ਵੀ ਦੇ ਸਕਦਾ ਕਿਉਂਕਿ ਅਫਗਾਨਿਸਤਾਨ 'ਚ ਉਸ ਦੀ ਸਥਿਤੀ ਮਜ਼ਬੂਤ ਹੈ। ਤਾਲਿਬਾਨ ਤੇ ਅਮਰੀਕਾ 'ਚ ਇਸ 'ਤੇ ਸਹਿਮਤੀ ਬਣ ਗਈ ਹੈ ਕਿ ਅਮਰੀਕੀ ਫੌਜ ਵਾਪਸ ਚੱਲੀ ਜਾਵੇਗੀ ਤੇ ਤਾਲਿਬਾਨ ਅਫਗਾਨ ਸਰਕਾਰ ਦੇ ਲੋਕਾਂ ਤੇ ਫੌਜ 'ਤੇ ਪਹਿਲਾਂ ਵਾਂਗ ਹਮਲੇ ਨਹੀਂ ਕਰੇਗਾ। ਅਫਗਾਨਿਸਤਾਨ 'ਚ ਤਾਂ ਭਾਰਤ ਦੀ ਸਥਿਤੀ ਕਮਜ਼ੋਰ ਹੋਵੇਗੀ ਹੀ, ਨਵੀਂ ਦਿੱਲੀ ਨੂੰ ਇਹ ਵੀ ਦੇਖਣਾ ਹੋਵੇਗਾ ਕਿ ਉਹ ਆਈ.ਐੱਸ.ਆਈ.-ਜੈਸ਼-ਤਾਲਿਬਾਨ ਨੂੰ ਕਿਵੇਂ ਤੋੜਦਾ ਹੈ, ਜਾਂ ਉਨ੍ਹਾਂ ਦੀਆਂ ਚੁਣੌਤੀਆਂ ਤੋਂ ਕਿਵੇ ਨਜਿੱਠਦਾ ਹੈ।


author

Inder Prajapati

Content Editor

Related News