ਕਰਨਾਟਕ ਪਿੱਛੋਂ ਹੁਣ ਪੱਛਮੀ ਬੰਗਾਲ ’ਚ ਹਿਜਾਬ ’ਤੇ ਰੌਲਾ
Thursday, Nov 24, 2022 - 10:59 AM (IST)

ਕੋਲਕਾਤਾ– ਪੱਛਮੀ ਬੰਗਾਲ ’ਚ ਹਾਵੜਾ ਦੇ ਇਕ ਸਰਕਾਰੀ ਸਕੂਲ ਵਿਚ ਹਿਜਾਬ ਅਤੇ ਭਗਵੇਂ ਸਕਾਰਫ਼ ਨੂੰ ਲੈ ਕੇ ਦੋ ਵਿਦਿਆਰਥੀ ਗੁੱਟਾਂ ਵਿਚ ਟਕਰਾਅ ਹੋ ਗਿਆ। ਵਿਵਾਦ ਇੰਨਾ ਵੱਧ ਗਿਆ ਕਿ ਸਕੂਲ ਵਿੱਚ ਚੱਲ ਰਹੀ ਪ੍ਰੀਖਿਆ ਰੱਦ ਕਰਨੀ ਪਈ। ਹਾਵੜਾ ਦੇ ਧੂਲਾਗੜ੍ਹ ’ਚ ਤਣਾਅ ਤੋਂ ਬਾਅਦ ਰੈਪਿਡ ਐਕਸ਼ਨ ਫੋਰਸ ਨੂੰ ਤਾਇਨਾਤ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਜਨਵਰੀ ’ਚ ਕਰਨਾਟਕ ’ਚ ਹਿਜਾਬ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਮੰਗਲਵਾਰ ਕੁਝ ਵਿਦਿਆਰਥਣਾਂ ਨੇ ਹਿਜਾਬ ਪਾ ਕੇ ਪ੍ਰੀਖਿਆ ਦਿੱਤੀ ਸੀ। ਹੋਰ ਵਿਦਿਆਰਥੀਆਂ ਦੇ ਇੱਕ ਗਰੁੱਪ ਨੇ ਇਸ ’ਤੇ ਇਤਰਾਜ਼ ਕੀਤਾ ਅਤੇ ਉਨ੍ਹਾਂ ਨੂੰ ਪ੍ਰੀਖਿਆ ਦੌਰਾਨ ਇਸ ਨੂੰ ਨਾ ਪਹਿਨਣ ਲਈ ਕਿਹਾ। ਇਸ ਤੋਂ ਬਾਅਦ ਕੁਝ ਵਿਦਿਆਰਥੀਆਂ ਨੇ ਭਗਵਾਨ ਸ਼ਿਵ ਦੇ ਗ੍ਰਾਫਿਕਸ ਵਾਲੀਆਂ ਟੀ-ਸ਼ਰਟਾਂ ਪਾ ਕੇ ਅਤੇ ਭਗਵਾ ਸਕਾਰਫ਼ ਪਾ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਕੁਝ ਵਿਦਿਆਰਥੀਆਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਵੀ ਉਸੇ ਤਰ੍ਹਾਂ ਭਗਵੇਂ ਸਕਾਰਫ਼ ਨਾਲ ਅੰਦਰ ਜਾਣ ਦਿੱਤਾ ਜਾਵੇ ਜਿਵੇਂ ਹੋਰਨਾਂ ਕੁੜੀਆਂ ਨੂੰ ਹਿਜਾਬ ਪਹਿਨਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਮਾਮਲਾ ਇੰਨਾ ਵੱਧ ਗਿਆ ਕਿ ਵਿਦਿਆਰਥੀਆਂ ਨੇ ਸਕੂਲ ਵਿੱਚ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ।
ਘਟਨਾ ਤੋਂ ਬਾਅਦ ਸਕੂਲ ਮੈਨੇਜਮੈਂਟ ਨੇ ਮੀਟਿੰਗ ਕੀਤੀ, ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਵਿਦਿਆਰਥੀਆਂ ਨੂੰ ਹੁਣ ਸਕੂਲ ਦੀ ਵਰਦੀ ਵਿੱਚ ਹੀ ਸਕੂਲ ਆਉਣਾ ਪਵੇਗਾ।