ਮੁਸੀਬਤ ''ਚ ਫਸੇ ਲੋਕਾਂ ਦੀ ਮਦਦ ਲਈ ਖੁੱਲ੍ਹੇ ਰੱਖਾਂਗੇ ਆਪਣੇ ਦਰਵਾਜ਼ੇ : ਮਮਤਾ ਬੈਨਰਜੀ
Sunday, Jul 21, 2024 - 06:00 PM (IST)
ਕੋਲਕਾਤਾ : ਬੰਗਲਾਦੇਸ਼ ਵਿਚ ਜਾਰੀ ਹਿੰਸਾ ਦੇ ਸਬੰਧ ਵਿਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਨੂੰ ਕਿਹਾ ਕਿ ਉਹ ਬੰਗਲਾਦੇਸ਼ ਵਿਚ ਮੁਸੀਬਤ ਵਿਚ ਫਸੇ ਲੋਕਾਂ ਦੀ ਮਦਦ ਲਈ ਆਪਣੇ ਸੂਬੇ ਦੇ ਦਰਵਾਜ਼ੇ ਖੁੱਲ੍ਹੇ ਰੱਖੇਗੀ ਤੇ ਉਨ੍ਹਾਂ ਨੂੰ ਸ਼ਰਣ ਦੇਵੇਗੀ। ਬੈਨਰਜੀ ਨੇ ਸੰਭਾਵਿਤ ਮਾਨਵਤਾਵਾਦੀ ਸੰਕਟ 'ਤੇ ਆਪਣੇ ਰੁਖ ਨੂੰ ਜਾਇਜ਼ ਠਹਿਰਾਉਣ ਲਈ ਸ਼ਰਨਾਰਥੀਆਂ ਬਾਰੇ ਸੰਯੁਕਤ ਰਾਸ਼ਟਰ ਦੇ ਮਤੇ ਦਾ ਹਵਾਲਾ ਦਿੱਤਾ।
ਉਨ੍ਹਾਂ ਕੋਲਕਾਤਾ ਵਿਚ ਤ੍ਰਿਣਮੂਲ ਕਾਂਗਰਸ ਦੀ ਸ਼ਹੀਦ ਦਿਵਸ ਰੈਲੀ ਵਿਚ ਕਿਹਾ ਕਿ ਮੈਨੂੰ ਬੰਗਲਾਦੇਸ਼ ਦੇ ਮਾਮਲਿਆਂ 'ਤੇ ਨਹੀਂ ਬੋਲਣਾ ਚਾਹੀਦਾ ਕਿਉਂਕਿ ਇਹ ਇੱਕ ਪ੍ਰਭੂਸੱਤਾ ਸੰਪੰਨ ਰਾਸ਼ਟਰ ਹੈ ਅਤੇ ਇਸ ਮੁੱਦੇ 'ਤੇ ਜੋ ਵੀ ਕਿਹਾ ਜਾਣਾ ਚਾਹੀਦਾ ਹੈ, ਉਹ ਕੇਂਦਰ ਦਾ ਵਿਸ਼ਾ ਹੈ। ਪਰ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਜੇਕਰ ਸੰਕਟ ਵਿਚ ਫਸੇ ਲੋਕ ਬੰਗਾਲ ਦੇ ਦਰਵਾਜ਼ੇ ਖੜਕਾਉਣਗੇ ਤਾਂ ਅਸੀਂ ਉਨ੍ਹਾਂ ਨੂੰ ਸ਼ਰਣ ਜ਼ਰੂਰ ਦੇਵਾਂਗੇ। ਬੈਨਰਜੀ ਨੇ ਕਿਹਾ ਕਿ ਅਜਿਹਾ ਇਸ ਲਈ ਹੈ ਕਿਉਂਕਿ ਅਸ਼ਾਂਤ ਖੇਤਰਾਂ 'ਚ ਸ਼ਰਣਾਰਥੀਆਂ ਨੂੰ ਠਹਿਰਾਉਣ ਲਈ ਇੱਕ ਸਾਂਝਾ ਯਤਨ ਹੈ। ਉਨ੍ਹਾਂ ਨੇ ਬੰਗਾਲ ਦੇ ਉਨ੍ਹਾਂ ਨਿਵਾਸੀਆਂ ਨੂੰ ਹਰ ਮੁਮਕਿਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਜਿਨ੍ਹਾਂ ਦੇ ਰਿਸ਼ਤੇਦਾਰ ਅੰਤਰਰਾਸ਼ਟਰੀ ਸਰਹੱਦ ਦੇ ਪੂਰਬੀ ਹਿੱਸੇ ਵਿਚ ਵਧਦੀ ਹਿੰਸਾ ਦੇ ਕਾਰਨ ਫਸ ਗਏ ਹਨ। ਉਨ੍ਹਾਂ ਨੇ ਬੰਗਲਾਦੇਸ਼ੀਆਂ ਨੂੰ ਵੀ ਸਹਾਇਤਾ ਪ੍ਰਦਾਨ ਕਰਨ ਦੀ ਗੱਲ ਕਹੀ ਜੋ ਬੰਗਾਲ ਤੋਂ ਆਏ ਸਨ, ਪਰ ਘਰ ਪਰਤਣ ਵਿਚ ਔਖ ਦਾ ਸਾਹਮਣਾ ਕਰ ਰਹੇ ਹਨ। ਬੈਨਰਜੀ ਨੇ ਪੱਛਮੀ ਬੰਗਾਲ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਬੰਗਲਾਦੇਸ਼ ਦੀ ਮੌਜੂਦਾ ਸਥਿਤੀ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ ਪਰੇਸ਼ਾਨ ਨਾ ਹੋਣ।
ਉਨ੍ਹਾਂ ਕਿਹਾ ਕਿ ਸਾਨੂੰ ਸੰਜਮ ਵਰਤਣਾ ਚਾਹੀਦਾ ਹੈ ਅਤੇ ਇਸ ਮੁੱਦੇ 'ਤੇ ਕਿਸੇ ਵੀ ਭੜਕਾਹਟ 'ਚ ਸ਼ਾਮਲ ਨਹੀਂ ਹੋਣਾ ਚਾਹੀਦਾ ਹੈ। ਬੰਗਲਾਦੇਸ਼ 'ਚ ਸਰਕਾਰੀ ਨੌਕਰੀਆਂ 'ਚ ਰਾਖਵਾਂਕਰਨ ਪ੍ਰਣਾਲੀ 'ਚ ਸੁਧਾਰ ਦੀ ਮੰਗ ਨੂੰ ਲੈ ਕੇ ਕਈ ਦਿਨਾਂ ਤੋਂ ਪ੍ਰਦਰਸ਼ਨ ਚੱਲ ਰਹੇ ਹਨ ਅਤੇ ਹਾਲਾਤ ਵਿਗੜਦੇ ਹੀ ਸ਼ਨੀਵਾਰ ਨੂੰ ਪੂਰੇ ਦੇਸ਼ 'ਚ ਸਖਤ ਕਰਫਿਊ ਲਗਾ ਦਿੱਤਾ ਗਿਆ। ਰਾਸ਼ਟਰੀ ਰਾਜਧਾਨੀ ਢਾਕਾ ਦੇ ਵੱਖ-ਵੱਖ ਹਿੱਸਿਆਂ 'ਚ ਫੌਜੀ ਬਲਾਂ ਨੇ ਗਸ਼ਤ ਕੀਤੀ।