ਘਰਾਂ ਦੇ ਬਾਹਰ ਕਾਰ ਖੜ੍ਹੀ ਕਰਨ ਲਈ ਵੀ ਦੇਣੇ ਹੋਣਗੇ ਪੈਸੇ

09/29/2017 10:06:18 AM

ਨਵੀਂ ਦਿੱਲੀ — ਦਿੱਲੀ ਵਿਚ ਜਲਦੀ ਹੀ ਨਵੀਂ ਪਾਰਕਿੰਗ ਨੀਤੀ ਲਾਗੂ ਹੋਵੇਗੀ। ਇਸ ਅਧੀਨ ਦਿੱਲੀ 'ਚ ਘਰ ਦੇ ਬਾਹਰ ਕਾਰ ਨੂੰ ਖੜ੍ਹਾ ਕਰਨਾ ਵੀ ਮਹਿੰਗਾ ਹੋ ਜਾਵੇਗਾ ਕਿਉਂਕਿ ਦਿੱਲੀ ਨਗਰ ਨਿਗਮ ਨੇ ਘਰਾਂ ਦੇ ਬਾਹਰ ਪਾਰਕ ਕੀਤੀਆਂ ਜਾਣ ਵਾਲੀਆਂ ਮੋਟਰ ਗੱਡੀਆਂ ਲਈ ਪੈਸੇ ਵਸੂਲਣ ਦਾ ਫੈਸਲਾ ਕੀਤਾ ਹੈ।
ਸੂਬਾ ਸਰਕਾਰ ਨੇ ਖਰੜਾ ਨੀਤੀ 2017 ਅਧੀਨ ਉਕਤ ਪ੍ਰਬੰਧ ਜਾਰੀ ਕੀਤਾ ਹੈ। ਉਪ ਰਾਜਪਾਲ ਅਨਿਲ ਬੇਜਲ ਦੀ ਪ੍ਰਧਾਨਗੀ ਹੇਠ ਹੋਈ ਬੈਠਕ 'ਚ ਇਸ ਸਬੰਧੀ ਚਰਚਾ ਕੀਤੀ ਗਈ। 
ਇਸ 'ਤੇ ਦਿੱਲੀ ਸਰਕਾਰ ਸਮੇਤ ਹੋਰਨਾਂ ਏਜੰਸੀਆਂ ਨੇ ਵੀ ਸਹਿਮਤੀ ਪ੍ਰਗਟਾਈ। ਨਵੀਂ ਨੀਤੀ ਮੁਤਾਬਕ ਆਮ ਨਾਗਰਿਕ ਲਈ ਨਵੀਆਂ ਪਾਰਕਿੰਗ ਦਰਾਂ ਦਿੱਲੀ ਸਰਕਾਰ ਵਲੋਂ ਪਹਿਲਾਂ ਬਣਾਈ ਗਈ ਕਮੇਟੀ ਵਲੋਂ ਤੈਅ ਕੀਤੀਆਂ ਜਾਣਗੀਆਂ। ਇਹ ਕਮੇਟੀ ਟਰਾਂਸਪੋਰਟ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਗਠਿਤ ਹੋਵੇਗੀ। ਖਰੜੇ ਮੁਤਾਬਕ ਨਗਰ ਨਿਗਮਾਂ ਕੋਲ ਨੀਤੀ ਵਿਚ ਤਬਦੀਲੀ ਕਰਨ ਦਾ ਜਿਹੜਾ ਅਧਿਕਾਰ ਹੋਵੇਗਾ, ਉਹ ਸਿਰਫ ਪਾਰਕਿੰਗ ਦੀਆਂ ਦਰਾਂ 'ਚ ਵਾਧੇ ਤਕ ਹੀ ਸੀਮਿਤ ਹੋਵੇਗਾ। ਨਵੀਂ ਪਾਰਕਿੰਗ ਨੀਤੀ ਅਧੀਨ ਸਿਨੇਮਾ -ਘਰਾਂ, ਮਾਲਜ਼, ਹਵਾਈ ਅੱਡਿਆਂ ਅਤੇ ਹੋਰਨਾਂ ਥਾਵਾਂ 'ਤੇ ਵੀ ਇਹ ਪ੍ਰਬੰਧ ਲਾਗੂ ਹੋਣਗੇ। ਨਵੀਂ ਪਾਰਕਿੰਗ ਨੀਤੀ ਬਾਰੇ ਨੋਟੀਫਿਕੇਸ਼ਨ ਜਾਰੀ ਹੋਣ ਪਿੱਛੋਂ ਨਗਰ ਨਿਗਮਾਂ ਰਾਹੀਂ ਇਸ ਨੂੰ ਲਾਗੂ ਕੀਤਾ ਜਾਵੇਗਾ। 
ਰਾਤ ਵੇਲੇ ਘੱਟ ਟ੍ਰੈਫਿਕ ਵਾਲੇ ਰਸਤਿਆਂ ਦੀ ਹੋਵੇਗੀ ਪਛਾਣ
ਦੱਸਣਯੋਗ ਹੈ ਕਿ ਦਿੱਲੀ ਵਿਚ ਮੋਟਰ ਗੱਡੀਆਂ ਦੀ ਪਾਰਕਿੰਗ ਇਕ ਵੱਡੀ ਸਮੱਸਿਆ ਬਣ ਗਈ ਹੈ। ਇਸ ਨੂੰ ਘੱਟ ਕਰਨ ਲਈ ਨਵੀਂ ਨੀਤੀ 'ਚ ਕਈ ਪ੍ਰਬੰਧ ਕੀਤੇ ਗਏ ਹਨ। ਇਸ ਅਧੀਨ ਅਜਿਹੇ ਰਸਤਿਆਂ ਦੀ ਪਛਾਣ ਕੀਤੀ ਜਾਵੇਗੀ ਜਿਥੇ ਰਾਤ ਦੇ ਸਮੇਂ ਟ੍ਰੈਫਿਕ ਘੱਟ ਰਹਿੰਦਾ ਹੈ। ਉਸ ਪਿਛੋਂ ਇਨ੍ਹਾਂ ਰਸਤਿਆਂ ਨੂੰ ਨਗਰ ਨਿਗਮਾਂ ਵਲੋਂ ਨੋਟੀਫਾਈ ਕੀਤਾ ਜਾਵੇਗਾ ਅਤੇ ਫਿਰ ਇਨ੍ਹਾਂ ਰਸਤਿਆਂ ਦੀ ਵਰਤੋਂ ਪਾਰਕਿੰਗ ਲਈ ਕੀਤੀ ਜਾਵੇਗੀ। ਇਸ ਲਈ ਸਰਕਾਰ ਨੂੰ ਪਾਰਕਿੰਗ ਫੀਸ ਦੇਣੀ ਹੋਵੇਗੀ।


Related News