ਧਾਰਮਿਕ ਡੇਰੇ ਦੀ ਗੋਲਕ ਤੋੜ ਕੇ ਚੜ੍ਹਾਵੇ ਦੇ ਪੈਸੇ ਕੀਤੇ ਚੋਰੀ, ਦੋ ਕਾਬੂ

06/21/2024 3:34:45 PM

ਭਵਾਨੀਗੜ੍ਹ (ਵਿਕਾਸ ਮਿੱਤਲ) : ਨੇੜਲੇ ਪਿੰਡ ਘਰਾਚੋਂ ਵਿਖੇ ਬੀਤੀ ਰਾਤ ਚੋਰ ਧਾਰਮਿਕ ਡੇਰਾ ਬਾਬਾ ਟੱਲਾ ਦੇ ਗੇਟ 'ਤੇ ਲੱਗੀ ਗੋਲਕ ਦਾ ਜਿੰਦਾ ਤੋੜ ਕੇ ਚੜ੍ਹਾਵੇ ਦੇ ਸਾਰੇ ਪੈਸੇ ਚੋਰੀ ਕਰ ਕੇ ਲੈ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਦੋ ਜਣਿਆਂ ਨੂੰ ਚੋਰੀ ਦੇ ਪੈਸਿਆਂ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਨਾਮ-ਭਵਾਨੀਗੜ੍ਹ ਰੋਡ 'ਤੇ ਸਥਿਤ ਧਾਰਮਿਕ ਡੇਰਾ ਬਾਬਾ ਟੱਲਾ ਦੇ ਸੇਵਾਦਾਰ ਅਵਤਾਰ ਸਿੰਘ ਤੋਤੀ ਵਾਸੀ ਘਰਾਚੋਂ ਨੇ ਦੱਸਿਆ ਕਿ ਲੰਘੇ ਵੀਰਵਾਰ-ਸ਼ੁੱਕਰਵਾਰ ਦੀ ਦਰਮਿਆਨੀ ਰਾਤ ਪੌਣੇ ਕੁ ਦੋ ਵਜੇ ਦੇ ਕਰੀਬ ਅਣਪਛਾਤੇ ਚੋਰ ਡੇਰੇ ਦੇ ਮੇਨ ਗੇਟ ਦੇ ਬਾਹਰ ਲੱਗੀ ਗੋਲਕ ਦੇ ਜਿੰਦੇ ਨੂੰ ਤੋੜ ਕੇ ਉਸ ਵਿਚੋਂ ਚੜ੍ਹਾਵੇ ਦੀ ਸਾਰੀ ਭੇਟਾ ਚੋਰੀ ਕਰ ਲੈ ਗਏ। 

ਘਟਨਾ ਸਬੰਧੀ ਸਵੇਰੇ ਪਤਾ ਲੱਗਣ 'ਤੇ ਸੇਵਾਦਾਰਾਂ ਵੱਲੋਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ ਜਿਸ ਮਗਰੋਂ ਪੁਲਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ। ਪੁਲਸ ਚੌਕੀ ਘਰਾਚੋਂ ਦੇ ਇੰਚਾਰਜ ਐੱਸ.ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਸਬੰਧੀ ਗੰਭੀਰਤਾ ਨਾਲ ਕਾਰਵਾਈ ਕਰਦਿਆਂ ਪੁਲਸ ਨੇ ਦੋ ਵਿਅਕਤੀਆਂ ਨੂੰ ਚੋਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਕੋਲੋਂ ਚੋਰੀ ਦੇ 12 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਗਏ ਹਨ। ਵਿਅਕਤੀਆਂ ਦੀ ਪਛਾਣ ਪਿੰਡ ਬਿਗੜਵਾਲ ਦੇ ਗੁਰਪ੍ਰੀਤ ਸਿੰਘ ਤੇ ਲਵਪ੍ਰੀਤ ਸਿੰਘ ਵਜੋਂ ਹੋਈ ਹੈ, ਜਿਨ੍ਹਾਂ ਖ਼ਿਲਾਫ਼ ਪੁਲਸ ਨੇ ਥਾਣਾ ਭਵਾਨੀਗੜ੍ਹ ਵਿਖੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸ.ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮੁਲਜ਼ਮਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਵੀ ਖੁਲਾਸੇ ਹੋ ਸਕਣ। 


Gurminder Singh

Content Editor

Related News