ਅਸੀਂ ਵਿਸ਼ਵ ਮੰਗਲ ਸਾਧਨਾ ਦੇ ਮੌਨ ਪੁਜਾਰੀ ਹਾਂ : ਮੋਹਨ ਭਾਗਵਤ
Sunday, Apr 09, 2023 - 11:01 AM (IST)
ਜੈਪੁਰ (ਭਾਸ਼ਾ)- ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਸਰਸੰਘਚਾਲਕ ਡਾ. ਮੋਹਨ ਰਾਓ ਭਾਗਵਤ ਨੇ ਸ਼ਨੀਵਾਰ ਨੂੰ ਸੰਗਠਿਤ ਕਾਰਜ ਸ਼ਕਤੀ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਅਸੀਂ ‘ਵਿਸ਼ਵ ਮੰਗਲ ਸਾਧਨਾ’ ਦੇ ਮੌਨ ਪੁਜਾਰੀ ਹਾਂ। ਨਾਲ ਹੀ ਉਨ੍ਹਾਂ ਨੇ ਵਰਕਰਾਂ ਨੂੰ ਸੇਵਾ ਲਈ ਢੁੱਕਵੇਂ ਅਤੇ ਉਤਮਤਾ ਪੂਰਨ ਵਰਕਰ ਬਣਨ ਦਾ ਸੰਕਲਪ ਲੈਣ ਦਾ ਸੱਦਾ ਦਿੱਤਾ।
ਭਾਗਵਤ ਜੈਪੁਰ ਦੇ ਜਾਮਡੋਲੀ ਸਥਿਤ ਕੇਸ਼ਵ ਵਿਦਿਆਪੀਠ ’ਚ ਚੱਲ ਰਹੇ ਸੇਵਾ ਸੰਗਮ ਦੇ ਦੂਜੇ ਦਿਨ ਪੂਰੇ ਦੇਸ਼ ਤੋਂ ਆਏ ਸੇਵਾ ਭਾਰਤੀ ਦੇ ਪ੍ਰਤੀਨਿਧੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਸੰਗਠਿਤ ਕਾਰਜ ਸ਼ਕਤੀ ਹਮੇਸ਼ਾ ਜੇਤੂ ਰਹਿੰਦੀ ਹੈ। ਅਸੀਂ ਵਿਸ਼ਵ ਮੰਗਲ ਸਾਧਨਾ ਦੇ ਮੌਨ ਪੁਜਾਰੀ ਹਾਂ। ਇਸ ਦੇ ਲਈ ਸਮਰੱਥ-ਸੰਪੰਨ ਸੰਘ ਸ਼ਕਤੀ ਚਾਹੀਦੀ ਹੈ, ਕਿਉਂਕਿ ਵਧੀਆ ਕੰਮ ਵੀ ਬਿਨਾਂ ਸ਼ਕਤੀ ਦੇ ਕੋਈ ਮੰਨਦਾ ਨਹੀਂ ਹੈ, ਕੋਈ ਵੇਖਦਾ ਨਹੀਂ ਹੈ। ਇਹ ਸੰਸਾਰ ਦਾ ਸੁਭਾਅ ਹੈ।
ਭਾਗਵਤ ਨੇ ਕਿਹਾ ਕਿ ਸੰਗਠਿਤ ਕਾਰਜ ਸ਼ਕਤੀ ਹਮੇਸ਼ਾ ਜੇਤੂ ਰਹਿੰਦੀ ਹੈ। ਧਰਮ ਦੀ ਹਿਫਾਜ਼ਤ ਕਰਦੇ ਹੋਏ ਅਸੀਂ ਰਾਸ਼ਟਰ ਨੂੰ ਪਰਮ ਦੌਲਤ ਸੰਪੰਨ ਬਣਾਵਾਂਗੇ। ਸੰਘ ਦੀ ਪ੍ਰੇਰਨਾ ਨਾਲ ਸਵੈਮ ਸੇਵਕਾਂ ਨੇ ਸੇਵਾ ਕਾਰਜ ਕੀਤੇ। ਇਨ੍ਹਾਂ ਤੋਂ ਹੀ ‘ਸੇਵਾ ਭਾਰਤੀ’ ਦਾ ਜਨਮ ਹੋਇਆ। ਸੇਵਾ ਦਾ ਕਾਰਜ ਪਵਿੱਤਰ ਹੁੰਦਾ ਹੈ। ਫਲ ਦੀ ਇੱਛਾ ਨਾ ਰੱਖ ਕੇ ਕੀਤੇ ਜਾਣ ਵਾਲੇ ਕੰਮ ਪਵਿੱਤਰ ਹੁੰਦੇ ਹਨ। ਜੋ ਕੰਮ ਸਵਾਰਥ ਲਈ ਕੀਤੇ ਜਾਂਦੇ ਹਨ ਉਹ ਰਾਜਸੀ ਕਾਰਜ ਹੁੰਦੇ ਹਨ। ਬਦਲਾਖੋਰੀ ਦੇ ਕੰਮ ਵੀ ਹੁੰਦੇ ਹਨ। ਅਜਿਹਾ ਕਰਨ ਵਾਲੇ ਆਪਣਾ ਵੀ ਭਲਾ ਨਹੀਂ ਕਰਦੇ ਅਤੇ ਦੂਸਰਿਆਂ ਦਾ ਵੀ ਨੁਕਸਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਵਿਸ਼ਵ ਦੀ ਸੁੱਖ-ਸ਼ਾਂਤੀ ਲਈ ਕੰਮ ਕਰਨਾ ਹੈ। ਇਸ ਲਈ ਕੰਮ ਕਰਨ ਵਾਲਿਆਂ ਦਾ ਵੱਡਾ ਸਮੂਹ ਖੜ੍ਹਾ ਕਰਨਾ ਹੈ। ਸੇਵਾ ਭਾਰਤੀ ਦੇ ਇਸ 3 ਦਿਨਾ ਸੰਗਮ ’ਚ ਦੇਸ਼ ਭਰ ਤੋਂ 800 ਤੋਂ ਜ਼ਿਆਦਾ ਸਵੈ-ਇੱਛਕ ਸੇਵਾ ਸੰਗਠਨਾਂ ਦੇ ਹਜ਼ਾਰਾਂ ਪ੍ਰਤੀਨਿਧੀ ਹਿੱਸਾ ਲੈ ਰਹੇ ਹਨ।