ਜਦੋਂ ਪਾਣੀ ਨਾਲ ਭਰੇ ਨੈਸ਼ਨਲ ਹਾਈਵੇਅ ''ਤੇ ਨੱਚਣ ਲੱਗੇ ਲੋਕ, ਵਾਇਰਲ ਹੋ ਰਿਹਾ ਹੈ ਵੀਡੀਓ

08/08/2019 12:44:39 PM

ਬੇਲਗਾਵੀ— ਕਰਨਾਟਕ ਦੇ ਕਈ ਜ਼ਿਲੇ ਹੜ੍ਹ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਪ੍ਰਸ਼ਾਸਨ ਨਾਲ ਮਿਲ ਕੇ ਰਾਹਤ ਅਤੇ ਬਚਾਅ ਕੰਮ 'ਚ ਜੁਟੀਆਂ ਹਨ। ਲੋਕਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ। ਜਿਨ੍ਹਾਂ ਜ਼ਿਲਿਆਂ 'ਚ ਭਾਰੀ ਬਾਰਸ਼ ਹੋ ਰਹੀ ਹੈ, ਉੱਥੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਦਰਮਿਆਨ ਬੇਲਗਾਵੀ ਤੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਮੁਸ਼ਕਲ ਸਮੇਂ 'ਚ ਵੀ ਖੁਸ਼ ਰਹਿਣ ਅਤੇ ਨਾਲ ਮਿਲ ਕੇ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਸੀਖ ਮਿਲਦੀ ਹੈ।

ਇਸ ਤਰ੍ਹਾਂ ਡਾਂਸ ਕਰ ਰਹੇ ਹਨ ਜਿਵੇਂ ਕੋਈ ਤਿਉਹਾਰ ਹੋਵੇ
ਦਰਅਸਲ ਬੇਲਗਾਵੀ ਦਾ ਯਮਗਰਨੀ ਪਿੰਡ ਵੀ ਭਾਰੀ ਬਾਰਸ਼ ਤੋਂ ਬਾਅਦ ਹੜ੍ਹ ਵਰਗੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਕੁਝ ਥਾਂਵਾਂ 'ਤੇ ਗੋਢਿਆਂ ਤੋਂ ਉੱਪਰ ਤੱਕ ਪਾਣੀ ਭਰ ਚੁੱਕਿਆ ਹੈ ਅਤੇ ਤੁਰਨਾ ਮੁਸ਼ਕਲ ਹੈ। ਅਜਿਹੇ 'ਚ ਵੀ ਪਿੰਡ ਦੇ ਲੋਕ ਪਾਣੀ 'ਚ ਡੁੱਬ ਚੁੱਕੇ ਨੈਸ਼ਨਲ ਹਾਈਵੇਅ 'ਤੇ ਖੜ੍ਹੇ ਹੋ ਕੇ ਇਸ ਤਰ੍ਹਾਂ ਡਾਂਸ ਕਰ ਰਹੇ ਹਨ ਜਿਵੇਂ ਕੋਈ ਤਿਉਹਾਰ ਹੋਵੇ। ਸਾਹਮਣੇ ਆਏ ਇਕ ਵੀਡੀਓ 'ਚ ਢੋਲ ਅਤੇ ਡੀ.ਜੇ. ਦੀਆਂ ਆਵਾਜ਼ਾਂ 'ਤੇ ਨੱਚਦੇ ਲੋਕਾਂ ਨੂੰ ਦੇਖ ਲੱਗ ਹੀ ਨਹੀਂ ਰਿਹਾ ਕਿ ਕੋਈ ਆਫ਼ਤ ਦਰਵਾਜ਼ੇ 'ਤੇ ਦਸਤਕ ਦੇ ਰਹੀ ਹੈ। ਇਹ ਲੋਕ ਆਪਣੀ ਮੌਜ 'ਚ ਗਵਾਚੇ ਸਿਰਫ਼ ਡਾਂਸ ਕਰਦੇ ਦਿੱਸ ਰਹੇ ਹਨ। 

ਸੋਸ਼ਲ ਮੀਡੀਆ 'ਤੇ ਸ਼ੇਅਰ ਹੋ ਰਿਹਾ ਹੈ ਵੀਡੀਓ
ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਲੋਕ ਪਿੰਡ ਵਾਲਿਆਂ ਦੇ ਜੋਸ਼ ਦੀ ਸ਼ਲਾਘਾ ਕਰ ਰਹੇ ਹਨ। ਕਿਵੇਂ ਮੁਸੀਬਤ 'ਚ ਖੁਸ਼ੀ ਦੇ ਕੁਝ ਪਲ ਚੋਰੀ ਕੀਤੇ ਜਾ ਸਕਦੇ ਹਨ, ਲੋਕ ਇਸ ਤੋਂ ਸੀਖ ਲੈ ਰਹੇ ਹਨ। ਜ਼ਿਕਰਯੋਗ ਹੈ ਕਿ ਕੋਡਗੂ, ਧਾਰਵਾੜ, ਮੰਗਲੁਰੂ, ਹਸਨ, ਬੇਲਗਾਵੀ, ਮੈਸੂਰ, ਕਾਰਵਾੜ ਅਤੇ ਉਡੁਪੀ ਭਾਰੀ ਬਾਰਸ਼ ਅਤੇ ਹੜ੍ਹ ਨਾਲ ਪ੍ਰਭਾਵਿਤ ਹਨ। ਇੱਥੇ ਸਕੂਲਾਂ ਨੂੰ ਬੰਦ ਰੱਖਣ ਦਾ ਆਦੇਸ਼ ਦਿੱਤਾ ਗਿਆ ਹੈ।


DIsha

Content Editor

Related News