UNSC:ਭਾਰਤੀ ਰਾਜਦੂਤ ਨੇ ਪਾਕਿ ਪੱਤਰਕਾਰਾਂ ਵੱਲ ਵਧਾਇਆ ''ਦੋਸਤੀ ਦਾ ਹੱਥ'' (video)

08/17/2019 7:56:08 PM

ਸੰਯੁਕਤ ਰਾਸ਼ਟਰ— ਕਸ਼ਮੀਰ ਮੁੱਦੇ 'ਤੇ ਸੁਰੱਖਿਆ ਪ੍ਰੀਸ਼ਦ ਦੀ ਬੰਦ ਕਮਰੇ 'ਚ ਹੋਈ ਬੈਠਕ ਤੋਂ ਬਾਅਦ ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਰਾਜਦੂਤ ਸਈਦ ਅਕਬਰੂਦੀਨ ਨੇ ਮੀਡੀਆ ਨੂੰ ਸੰਬੋਧਿਤ ਕੀਤਾ ਤੇ ਪੱਤਰਕਾਰਾਂ ਨਾਲ ਹੱਥ ਮਿਲਾ ਕੇ ਉਨ੍ਹਾਂ ਵੱਲ 'ਦੋਸਤੀ ਦਾ ਹੱਥ' ਵਧਾਇਆ।

ਸੁਰੱਖਿਆ ਪ੍ਰੀਸ਼ਦ ਦੇ ਸਥਾਈ ਮੈਂਬਰ ਚੀਨ ਦੀ ਅਪੀਲ 'ਤੇ ਸ਼ੁੱਕਰਵਾਰ ਨੂੰ ਹੋਈ ਇਹ ਰਸਮੀ ਬੈਠਕ ਕਰੀਬ ਘੰਟਾ ਭਰ ਚੱਲੀ, ਜਿਸ ਤੋਂ ਬਾਅਦ ਸੰਯੁਕਤ ਰਾਸ਼ਟਰ 'ਚ ਚੀਨ ਦੇ ਰਾਜਦੂਤ ਝਾਂਗ ਜੁਨ ਤੇ ਪਾਕਿਸਤਾਨ ਦੀ ਰਾਜਦੂਤ  ਮਲੀਹਾ ਲੋਧੀ ਨੇ ਸੁਰੱਖਿਆ ਪ੍ਰੀਸ਼ਦ ਦੇ ਸਟੇਕਆਊਟ 'ਚ ਇਕ-ਇਕ ਕਰਕੇ ਮੀਡੀਆ ਨੂੰ ਸੰਬੋਧਿਤ ਕੀਤਾ। ਦੋਵਾਂ ਪੱਤਰਕਾਰਾਂ ਦੇ ਇਕ ਵੀ ਪ੍ਰਸ਼ਨ ਦਾ ਜਵਾਬ ਦਿੱਤੇ ਬਿਨਾਂ ਉਥੋਂ ਨਿਕਲ ਗਏ। ਚੀਨ ਤੇ ਪਾਕਿਸਤਾਨ ਦੀ ਟਿੱਪਣੀ ਤੋਂ ਬਾਅਦ ਅਕਬਰੂਦੀਨ ਕਸ਼ਮੀਰ ਤੇ ਧਾਰਾ 370 'ਤੇ ਭਾਰਤ ਦੀ ਸਥਿਤੀ 'ਤੇ ਬਿਆਨ ਦੇਣ ਲਈ ਸੁਰੱਖਿਆ ਪ੍ਰੀਸ਼ਦ ਦੇ ਸਟੇਕਆਊਟ 'ਤੇ ਆਏ। ਚੀਨੀ ਤੇ ਪਾਕਿਸਤਾਨੀ ਦੂਤਾਂ ਤੋਂ ਉਲਟ ਉਹ ਆਪਣੀ ਟਿੱਪਣੀ ਤੋਂ ਬਾਅਦ ਉਥੇ ਹੀ ਮੌਜੂਦ ਰਹੇ ਤੇ ਸੰਯੁਕਤ ਰਾਸ਼ਟਰ ਪੱਤਰਕਾਰਾਂ ਦੀ ਸਭਾ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਸਵਾਲ ਕਰ ਸਕਦੇ ਹਨ।

ਅਕਬਰੂਦੀਨ ਨੇ ਕਿਹਾ ਕਿ ਜੇਕਰ ਤੁਸੀਂ ਮੇਰੇ ਕੋਲੋਂ ਕੋਈ ਸਵਾਲ ਕਰਨਾ ਚਾਹੁੰਦੇ ਹੋ ਤਾਂ ਮੈਂ ਤਿਆਰ ਹਾਂ। ਮੈਂ ਜਵਾਬ ਦਵਾਂਗਾ। ਉਨ੍ਹਾਂ ਨੇ ਕਿ ਉਹ ਪੰਜ ਸਵਾਲਾਂ ਦੇ ਜਵਾਬ ਦੇਣਗੇ, 'ਇਥੇ ਆਉਣ ਵਾਲੇ ਮੇਰੇ ਸਾਥੀਆਂ ਤੋਂ ਪੰਜ ਗੁਣਾਂ ਜ਼ਿਆਦਾ।' ਉਨ੍ਹਾਂ ਨੇ ਕਿਹਾ ਕਿ ਤਿੰਨ ਪ੍ਰਸ਼ਨ ਪਾਕਿਸਤਾਨੀ ਪੱਤਰਕਾਰਾਂ ਵਲੋਂ। ਜਦੋਂ ਇਕ ਪਾਕਿਸਤਾਨੀ ਪੱਤਰਕਾਰ ਨੇ ਪੁੱਛਿਆ ਕਿ ਕੀ ਭਾਰਤ ਪਾਕਿਸਤਾਨ ਨਾਲ ਗੱਲ ਕਰਨ 'ਤੇ ਸਹਿਮਤ ਹੈ ਤਾਂ ਅਕਬਰੂਦੀਨ ਨੇ ਕਿਹਾ ਕਿ ਕੁਝ ਆਮ ਕੂਟਨੀਤਿਕ ਤਰੀਕੇ ਹੁੰਦੇ ਹਨ ਜਦੋਂ ਦੇਸ਼ ਇਕ-ਦੂਜੇ ਨਾਲ ਸੰਪਰਕ ਕਰਦੇ ਹਨ। ਇਹੀ ਤਰੀਕਾ ਹੈ। ਪਰੰਤੂ ਆਮ ਰਾਸ਼ਟਰ ਤਰੱਕੀ ਤੇ ਆਪਣੇ ਟੀਚਿਆਂ ਨੂੰ ਪਾਉਣ ਲਈ ਅੱਤਵਾਦ ਦੀ ਵਰਤੋਂ ਦਾ ਰਸਤਾ ਨਹੀਂ ਅਪਣਾਉਂਦੇ। ਜਦੋਂ ਤੱਕ ਅੱਤਵਾਦ ਰਹੇਗਾ ਕੋਈ ਵੀ ਲੋਕਤੰਤਰ ਗੱਲਬਾਤ ਸਵਿਕਾਰ ਨਹੀਂ ਕਰੇਗਾ। ਅੱਤਵਾਦ ਰੋਕੋ, ਗੱਲਬਾਤ ਸ਼ੁਰੂ ਕਰੋ।

ਇਕ ਸੀਨੀਅਰ ਪੱਤਰਕਾਰ ਨੇ ਪੁੱਛਿਆ ਕਿ ਤੁਸੀਂ ਪਾਕਿਸਤਾਨ ਨਾਲ ਕਦੋਂ ਗੱਲਬਾਤ ਸ਼ੁਰੂ ਕਰੋਗੇ। ਭਾਰਤੀ ਦੂਤ ਨੇ ਮੰਚ ਤੋਂ ਹੇਠਾਂ ਉਤਰਦੇ ਹੋਏ ਕਿਹਾ ਕਿ ਇਸ ਦੀ ਸ਼ੁਰੂਆਤ ਮੈਂ ਤੁਹਾਡੇ ਕੋਲ ਆ ਕੇ ਤੇ ਤੁਹਾਡੇ ਤਿੰਨਾਂ ਨਾਲ ਹੱਥ ਮਿਲਾ ਕੇ ਕਰਦਾ ਹਾਂ। ਅਕਬਰੂਦੀਨ ਫਿਰ ਮੀਡੀਆ ਸਮੂਹ 'ਚ ਮੌਜੂਦ ਹੋਰ ਦੋ ਪਾਕਿਸਤਾਨੀ ਪੱਤਰਕਾਰਾਂ ਦੇ ਕੋਲ ਗਏ ਤੇ ਮੁਸਕੁਰਾਉਂਦੇ ਹੋਏ ਉਨ੍ਹਾਂ ਨਾਲ ਹੱਥ ਮਿਲਾਇਆ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਸਟੇਕਆਊਟ 'ਚ ਮੌਜੂਦ ਲੋਕਾਂ ਨੇ ਉਨ੍ਹਾਂ ਦੇ ਰਵੱਈਏ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਂ ਤੁਹਾਨੂੰ ਦੱਸਦਾ ਹਾਂ ਕਿ ਅਸੀਂ ਪਹਿਲਾਂ ਹੀ ਇਹ ਕਹਿ ਕੇ ਕਿ ਅਸੀਂ ਸ਼ਿਮਲਾ ਸਮਝੌਤੇ ਨੂੰ ਲੈ ਕੇ ਵਚਨਬੱਧ ਹਾਂ, ਤੁਹਾਡੇ ਵੱਲ ਦੋਸਤੀ ਦਾ ਹੱਥ ਵਧਾ ਚੁੱਕੇ ਹਾਂ। ਚਲੋ ਹੁਣ ਪਾਕਿਸਤਾਨ ਵਲੋਂ ਜਵਾਬ ਆਉਣ ਦਾ ਇੰਤਜ਼ਾਰ ਕਰਦੇ ਹਾਂ।


Baljit Singh

Content Editor

Related News