ਉਤਰਾਖੰਡ ਚੋਣਾਂ : 82 ਲੱਖ ਤੋਂ ਵਧ ਵੋਟਰ 632 ਉਮੀਦਵਾਰਾਂ ਦੀ ਕਿਸਮਤ ਦਾ ਕਰਨਗੇ ਫ਼ੈਸਲਾ
Monday, Feb 14, 2022 - 09:05 AM (IST)
ਦੇਹਰਾਦੂਨ (ਭਾਸ਼ਾ)- ਉਤਰਾਖੰਡ ਵਿਧਾਨ ਸਭਾ ਦੀਆਂ 70 ਸੀਟਾਂ ਲਈ ਵੋਟਿੰਗ ਸੋਮਵਾਰ ਸਵੇਰੇ 8 ਵਜੇ ਸ਼ੁਰੂ ਹੋ ਗਈ, ਜਿੱਥੇ ਪ੍ਰਦੇਸ਼ ਦੇ 82 ਲੱਖ ਤੋਂ ਵਧ ਵੋਟਰ 632 ਉਮੀਦਵਾਰਾਂ ਦੀ ਕਿਸਮਤ ਨੂੰ ਈ.ਵੀ.ਐੱਮ. 'ਚ ਕੈਦ ਕਰ ਦੇਣਗੇ। ਪ੍ਰਦੇਸ਼ ਦੇ ਪੁਲਸ ਜਨਰਲ ਇੰਸਪੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਲਈ ਸਖ਼ਤ ਪ੍ਰਬੰਧ ਕੀਤੇ ਗਏ ਹਨ। ਉਤਰਾਖੰਡ ਦੀ ਮੁੱਖ ਚੋਣ ਅਧਿਕਾਰੀ ਸੌਜੰਨਿਆ ਨੇ ਦੱਸਿਆ ਕਿ ਪ੍ਰਦੇਸ਼ 'ਚ ਸ਼ਾਮ 6 ਵਜੇ ਤੱਕ ਵੋਟਰ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ। ਉਨ੍ਹਾਂ ਕਿਹਾ,''ਮੇਰੀ ਸਾਰੇ ਵੋਟਰਾਂ ਨੂੰ ਅਪੀਲ ਹੈ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ। ਲੋਕਤੰਤਰ 'ਚ ਹਰੇਕ ਵੋਟ ਕੀਮਤੀ ਹੈ।''
ਇਹ ਵੀ ਪੜ੍ਹੋ : ਉੱਤਰ ਪ੍ਰਦੇਸ਼ ਚੋਣਾਂ : ਦੂਜੇ ਪੜਾਅ ਲਈ 9 ਜ਼ਿਲ੍ਹਿਆਂ ਦੀਆਂ 55 ਸੀਟਾਂ 'ਤੇ ਹੋ ਰਹੀ ਹੈ ਵੋਟਿੰਗ
ਸੌਜੰਨਿਆ ਨੇ ਦੱਸਿਆ ਕਿ ਕੋਰੋਨਾ ਦੇ ਮੱਦੇਨਜ਼ਰ ਸਾਰੇ ਵੋਟਿੰਗ ਕੇਂਦਰਾਂ 'ਤੇ ਈ.ਵੀ.ਐੱਮ. ਦੀ ਵਰਤੋਂ ਕਰਨ ਲਈ ਦਸਤਾਨੇ ਅਤੇ ਹੈਂਡ ਸੈਨੇਟਾਈਜ਼ਰ ਉਪਲੱਬਧ ਕਰਵਾਏ ਗਏ ਹਨ ਤਾਂ ਕਿ ਮਹਾਮਾਰੀ ਫ਼ੈਲਣ ਤੋਂ ਰੋਕੀ ਜਾ ਸਕੇ। ਉਨ੍ਹਾਂ ਨੇ ਵੋਟਰਾਂ ਨੂੰ ਸਮਾਜਿਕ ਦੂਰੀ ਦਾ ਪਾਲਣ ਕਰਨ ਅਤੇ ਮਾਸਕ ਪਹਿਨਣ ਸਮੇਤ ਕੋਰੋਨਾ ਨਿਯਮ ਅਪਣਾਉਣ ਦੀ ਵੀ ਅਪੀਲ ਕੀਤੀ। ਕੋਰੋਨਾ ਵਾਇਰਸ ਦੀ ਤੀਜੀ ਲਹਿਰ ਕਾਰਨ ਪ੍ਰਦੇਸ਼ 'ਚ ਸ਼ੁਰੂਆਤ 'ਚ ਚੋਣ ਪ੍ਰਚਾਰ ਸਿਰਫ਼ ਜਨਸੰਪਰਕ ਤੱਕ ਹੀ ਸਿਮਟਿਆ ਰਿਹਾ ਪਰ ਰਾਹਤ ਭਰੀ ਗੱਲ ਇਹ ਹੈ ਕਿ ਹੁਣ ਸੰਕਰਮਣ ਮਾਮਲਿਆਂ ਦੀ ਗਿਣਤੀ 'ਚ ਗਿਰਾਵਟ ਆ ਗਈ ਹੈ। ਕਰੀਬ 21 ਸਾਲ ਪਹਿਲੇ ਬਣੇ ਉਤਰਾਖੰਡ 'ਚ ਪਿਛਲੀਆਂ 4 ਵਿਧਾਨ ਸਭਾ ਚੋਣਾਂ ਦੀ ਤਰ੍ਹਾਂ ਇਸ ਵਾਰ ਵੀ ਜ਼ਿਆਦਾਤਰ ਸੀਟਾਂ 'ਤੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਵਿਚਾਲੇ ਸਖ਼ਤ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਫਿਲਹਾਲ, ਆਮ ਆਦਮੀ ਪਾਰਟੀ (ਆਪ) ਨੇ 70 ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰ ਕੇ ਕਈ ਸੀਟਾਂ 'ਤੇ ਮੁਕਾਬਲੇ ਨੂੰ ਤ੍ਰਿਕੋਣੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਇਲਾਵਾ ਖੇਤਰੀ ਰਾਜਨੀਤਕ ਪਾਰਟੀ ਉਤਰਾਖੰਡ ਕ੍ਰਾਂਤੀ ਦਲ ਵੀ 48 ਸੀਟਾਂ 'ਤੇ ਚੋਣਾਂ ਲੜ ਕੇ ਆਪਣੀ ਮੌਜੂਦਗੀ ਦਰਜ ਕਰਵਾ ਰਿਹਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ