ਦੇਸ਼ ਸੇਵਾ ਦੀ ਦਿਸ਼ਾ ’ਚ ਪਹਿਲਾ ਕਦਮ ਵੋਟ ਪਾਉਣਾ ਹੈ : ਮੁੱਖ ਚੋਣ ਕਮਿਸ਼ਨਰ

Sunday, Apr 13, 2025 - 10:24 PM (IST)

ਦੇਸ਼ ਸੇਵਾ ਦੀ ਦਿਸ਼ਾ ’ਚ ਪਹਿਲਾ ਕਦਮ ਵੋਟ ਪਾਉਣਾ ਹੈ : ਮੁੱਖ ਚੋਣ ਕਮਿਸ਼ਨਰ

ਰਾਂਚੀ, (ਭਾਸ਼ਾ)- ਮੁੱਖ ਚੋਣ ਕਮਿਸ਼ਨਰ (ਸੀ. ਈ. ਸੀ.) ਗਿਆਨੇਸ਼ ਕੁਮਾਰ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਸੇਵਾ ਦੀ ਦਿਸ਼ਾ ਵਿਚ ਪਹਿਲਾ ਕਦਮ ਵੋਟ ਪਾਉਣਾ ਹੈ। ਕੁਮਾਰ ਨੇ ਕਿਹਾ ਕਿ ਜਦੋਂ ਵੀ ਚੋਣਾਂ ਹੋਣ, ਯੋਗ ਨਾਗਰਿਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਕੁਮਾਰ ਨੇ ਰਾਂਚੀ ’ਚ ਪੱਤਰਕਾਰਾਂ ਨੂੰ ਕਿਹਾ, ‘‘ਦੇਸ਼ ਸੇਵਾ ਦੀ ਦਿਸ਼ਾ ਵਿਚ ਪਹਿਲਾ ਕਦਮ ਵੋਟ ਪਾਉਣਾ ਹੈ। ਵੋਟ ਪਾਉਣ ਲਈ ਵਿਅਕਤੀ ਦਾ ਨਾਂ ਵੋਟਰ ਸੂਚੀ ’ਚ ਦਰਜ ਕਰਾਉਣਾ ਜ਼ਰੂਰੀ ਹੈ। ਭਾਰਤ ਦਾ ਕੋਈ ਵੀ ਯੋਗ ਨਾਗਰਿਕ ਜੋ 18 ਸਾਲ ਦੀ ਉਮਰ ਪੂਰੀ ਕਰ ਚੁੱਕਾ ਹੈ, ਉਸ ਨੂੰ ਵੋਟ ਪਾਉਣ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ।’’

ਮੁੱਖ ਚੋਣ ਕਮਿਸ਼ਨਰ ਝਾਰਖੰਡ ਦੇ ਤਿੰਨ ਦਿਨਾ ਦੌਰੇ ’ਤੇ ਸ਼ੁੱਕਰਵਾਰ ਨੂੰ ਰਾਂਚੀ ਪਹੁੰਚੇ ਸਨ। ਉਨ੍ਹਾਂ ਨੇ ਕਿਹਾ, ‘‘ਜਦੋਂ ਵੀ ਚੋਣਾਂ ਹੁੰਦੀਆਂ ਹਨ, ਵੋਟਰਾਂ ਨੂੰ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ।’’ ਕੁਮਾਰ ਨੇ ਕਿਹਾ ਕਿ ਚੋਣ ਕਮਿਸ਼ਨ ਹਮੇਸ਼ਾ ਵੋਟਰਾਂ ਦੇ ਨਾਲ ਖੜ੍ਹਾ ਰਿਹਾ ਹੈ ਅਤੇ ਅੱਗੇ ਵੀ ਖੜ੍ਹਾ ਰਹੇਗਾ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਰਾਂਚੀ ਦੇ ਬਾਹਰੀ ਇਲਾਕੇ ਦਸ਼ਮ ਫਾਲ ਵਿਖੇ ਬੂਥ ਪੱਧਰ ਦੇ ਅਧਿਕਾਰੀਆਂ (ਬੀ. ਐੱਲ. ਓਜ਼) ਨਾਲ ਇਕ ਚਰਚਾ ਕੀਤੀ। ਬੀ. ਐੱਲ. ਓਜ਼ ਨੇ ਪੋਲਿੰਗ ਦੌਰਾਨ ਦੂਰ-ਦੁਰਾਡੇ ਅਤੇ ਪਹੁੰਚ ਤੋਂ ਬਾਹਰਲੇ ਇਲਾਕਿਆਂ ਵਿਚ ਆਪਣੇ ਤਜਰਬੇ ਅਤੇ ਯਤਨਾਂ ਨੂੰ ਸਾਂਝਾ ਕੀਤਾ।

ਮੁੱਖ ਚੋਣ ਕਮਿਸ਼ਨਰ ਨੇ ਚੋਣਾਂ ਦੌਰਾਨ ਘਰ ’ਤੇ ਸਰਵੇਖਣ, ਬੀ. ਐੱਲ. ਓ. ਐਪ, ਚੋਣ ਸਮਾਂ ਪ੍ਰਬੰਧਨ ਅਤੇ ਹੋਰ ਸਬੰਧਤ ਮਾਮਲਿਆਂ ਵਿਚ ਬੀ. ਐੱਲ. ਓ. ਦੇ ਤਜਰਬਿਆਂ ਬਾਰੇ ਵੀ ਜਾਣਿਆ।


author

Rakesh

Content Editor

Related News