ਨਵੇਂ PMO ‘ਸੇਵਾ ਤੀਰਥ’ 'ਚ ਮੋਦੀ ਕੈਬਨਿਟ ਦੀ ਪਹਿਲੀ ਇਤਿਹਾਸਕ ਬੈਠਕ; ‘ਵਿਕਸਿਤ ਭਾਰਤ’ ਦਾ ਲਿਆ ‘ਸੇਵਾ ਸੰਕਲਪ’
Tuesday, Feb 24, 2026 - 03:46 PM (IST)
ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਅੱਜ ਕੇਂਦਰੀ ਮੰਤਰੀ ਮੰਡਲ ਦੀ ਪਹਿਲੀ ਬੈਠਕ ਨਵ-ਨਿਰਮਿਤ ਪ੍ਰਧਾਨ ਮੰਤਰੀ ਦਫ਼ਤਰ (PMO) ਭਵਨ ‘ਸੇਵਾ ਤੀਰਥ’ ਵਿੱਚ ਹੋਈ। ਇਸ ਮੌਕੇ ਕੈਬਨਿਟ ਨੇ ਇਕ ਇਤਿਹਾਸਕ ‘ਸੇਵਾ ਸੰਕਲਪ’ ਮਤਾ ਪਾਸ ਕੀਤਾ, ਜਿਸ ਵਿੱਚ ਭਾਰਤ ਨੂੰ ਸਾਲ 2047 ਤੱਕ ਵਿਕਸਿਤ ਰਾਸ਼ਟਰ ਬਣਾਉਣ ਅਤੇ ਨੇੜਲੇ ਭਵਿੱਖ ਵਿੱਚ ਵਿਸ਼ਵ ਦੀ ਤੀਜੀ ਸਭ ਤੋਂ ਵੱਡੀ ਆਰਥਿਕਤਾ ਬਣਾਉਣ ਦੀ ਵਚਨਬੱਧਤਾ ਦੁਹਰਾਈ ਗਈ ਹੈ।
ਗੁਲਾਮੀ ਦੇ ਪ੍ਰਤੀਕਾਂ ਦਾ ਅੰਤ ਅਤੇ ਨਵੇਂ ਭਾਰਤ ਦਾ ਨਿਰਮਾਣ
ਮਤੇ ਵਿੱਚ ਕਿਹਾ ਗਿਆ ਹੈ ਕਿ ਇਹ ਨਵਾਂ ਭਵਨ ‘ਨਵੇਂ ਭਾਰਤ’ ਦੇ ਨਵ-ਨਿਰਮਾਣ ਦੀ ਪ੍ਰਤੱਖ ਅਭਿਵਿਅਕਤੀ ਹੈ। ਜ਼ਿਕਰਯੋਗ ਹੈ ਕਿ ‘ਸੇਵਾ ਤੀਰਥ’ ਉਨ੍ਹਾਂ ਅਸਥਾਈ ਬੈਰਕਾਂ ਵਾਲੀ ਥਾਂ ’ਤੇ ਬਣਿਆ ਹੈ ਜੋ ਬ੍ਰਿਟਿਸ਼ ਕਾਲ (ਅੰਗਰੇਜ਼ੀ ਰਾਜ) ਦੀਆਂ ਸਨ। ਇਸ ਸਥਾਨ ’ਤੇ ਰਾਸ਼ਟਰ ਸੰਚਾਲਨ ਦੇ ਇੱਕ ਸਰਗਰਮ ਸੰਸਥਾਨ ਦਾ ਨਿਰਮਾਣ ਭਾਰਤ ਦੇ ਕਾਇਆਕਲਪ ਦਾ ਪ੍ਰਤੀਕ ਹੈ।
‘ਨਾਗਰਿਕ ਦੇਵੋ ਭਵ’ ਦਾ ਸੰਕਲਪ
ਕੈਬਨਿਟ ਨੇ ਸੰਕਲਪ ਲਿਆ ਕਿ ਇਸ ਭਵਨ ਵਿੱਚ ਲਿਆ ਗਿਆ ਹਰ ਫ਼ੈਸਲਾ 140 ਕਰੋੜ ਦੇਸ਼ ਵਾਸੀਆਂ ਪ੍ਰਤੀ ਸੇਵਾ-ਭਾਵਨਾ ਨਾਲ ਪ੍ਰੇਰਿਤ ਹੋਵੇਗਾ। ਮਤੇ ਅਨੁਸਾਰ, ਇਹ ਕੰਪਲੈਕਸ ਸੱਤਾ ਦੇ ਪ੍ਰਦਰਸ਼ਨ ਦਾ ਨਹੀਂ, ਸਗੋਂ ਹਰ ਭਾਰਤਵਾਸੀ ਦੇ ਸਸ਼ਕਤੀਕਰਨ ਦਾ ਕੇਂਦਰ ਹੋਵੇਗਾ ਅਤੇ ਇੱਥੇ ‘ਨਾਗਰਿਕ ਦੇਵੋ ਭਵ’ ਦੀ ਭਾਵਨਾ ਨਾਲ ਕੰਮ ਕੀਤਾ ਜਾਵੇਗਾ।
ਬੀਤੇ ਦਹਾਕੇ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਮੋਦੀ ਸਰਕਾਰ ਨੇ ਪਿਛਲੇ 10 ਸਾਲਾਂ ਦੇ ਸੁਧਾਰਾਂ ਨੂੰ ਗਿਣਾਉਂਦਿਆਂ ਦੱਸਿਆ ਕਿ:
• 25 ਕਰੋੜ ਤੋਂ ਵੱਧ ਨਾਗਰਿਕ ਗਰੀਬੀ ਤੋਂ ਬਾਹਰ ਆਏ ਹਨ।
• ਆਯੁਸ਼ਮਾਨ ਭਾਰਤ ਰਾਹੀਂ ਕਰੋੜਾਂ ਲੋਕਾਂ ਨੂੰ ਸਿਹਤ ਸੁਰੱਖਿਆ ਮਿਲੀ ਹੈ।
• 80 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਮੁਹੱਈਆ ਕਰਵਾ ਕੇ ਭੁੱਖਮਰੀ ਦੇ ਸਰਾਪ ਨੂੰ ਖ਼ਤਮ ਕੀਤਾ ਗਿਆ ਹੈ।
• 12 ਕਰੋੜ ਪਖਾਨਿਆਂ ਅਤੇ 4 ਕਰੋੜ ਤੋਂ ਵੱਧ ਘਰਾਂ ਦੀ ਉਸਾਰੀ ਕੀਤੀ ਗਈ ਹੈ।
• ਜਲ ਜੀਵਨ ਮਿਸ਼ਨ ਰਾਹੀਂ 16 ਕਰੋੜ ਲੋਕਾਂ ਤੱਕ ਪੀਣ ਵਾਲਾ ਪਾਣੀ ਪਹੁੰਚਾਇਆ ਗਿਆ ਹੈ।
ਆਰਥਿਕ ਸੁਧਾਰਾਂ ਨੂੰ ਮਿਲੇਗੀ ਗਤੀ
ਮਤੇ ਵਿੱਚ ਜੀ.ਐਸ.ਟੀ. (GST), ਡੀ.ਬੀ.ਟੀ. (DBT) ਅਤੇ ਡਿਜੀਟਲ ਇੰਡੀਆ ਵਰਗੇ ਸੁਧਾਰਾਂ ਨੂੰ ਸ਼ਾਸਨ ਨੂੰ ਵਧੇਰੇ ਪਾਰਦਰਸ਼ੀ ਬਣਾਉਣ ਵਾਲਾ ਦੱਸਿਆ ਗਿਆ ਹੈ। ਕੈਬਨਿਟ ਨੇ ਭਰੋਸਾ ਦਿੱਤਾ ਕਿ ‘ਸੇਵਾ ਤੀਰਥ’ ਦੀ ਨਵੀਂ ਊਰਜਾ ਅਤੇ ‘ਰਿਫਾਰਮ ਐਕਸਪ੍ਰੈਸ’ ਦੀ ਤੇਜ਼ ਗਤੀ ਨਾਲ ਭਾਰਤ ਜਲਦੀ ਹੀ ਵਿਸ਼ਵ ਦੀਆਂ ਚੋਟੀ ਦੀਆਂ ਤਿੰਨ ਆਰਥਿਕਤਾਵਾਂ ਵਿੱਚ ਸ਼ਾਮਲ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
