ਚਮੋਲੀ ''ਚ ਬੰਨ੍ਹ ਟੁੱਟਣ ਨਾਲ 100 ਤੋਂ ਵੱਧ ਲੋਕਾਂ ਦੇ ਲਾਪਤਾ ਹੋਣ ਦਾ ਖ਼ਦਸ਼ਾ
Sunday, Feb 07, 2021 - 04:49 PM (IST)
ਚਮੋਲੀ/ਦੇਹਰਾਦੂਨ- ਉਤਰਾਖੰਡ ਦੇ ਚਮੋਲੀ ਜ਼ਿਲ੍ਹੇ 'ਚ ਰਿਸ਼ੀ ਬੰਨ੍ਹ ਗੰਗਾ ਪ੍ਰਾਜੈਕਟ 'ਤੇ ਨਦੀ 'ਚ ਗਲੇਸ਼ੀਅਰ ਟੁੱਟਣ ਤੋਂ ਬਾਅਗ ਗਲੇਸ਼ੀਅਰ ਸਮੇਤ ਪਹਾੜ ਦਾ ਮਲਬਾ ਡਿੱਗਣ ਨਾਲ ਨਦੀ ਕੋਲ ਕੰਮ ਕਰ ਰਹੇ 100 ਤੋਂ ਵੱਧ ਲੋਕਾਂ ਦੇ ਲਾਪਤਾ ਹੋਣ ਦਾ ਖ਼ਦਸ਼ਾ ਜਤਾਇਆ ਗਿਆ ਹੈ। ਮੁੱਖ ਸਕੱਤਰ ਓਮਪ੍ਰਕਾਸ਼ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਘਟਨਾ 'ਚ ਘੱਟੋ-ਘੱਟ 100 ਤੋਂ 150 ਲੋਕਾਂ ਦੇ ਲਾਪਤਾ ਹੋਣ ਦਾ ਖ਼ਦਸ਼ਾ ਹੈ। ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਟਿਹਰੀ ਬੰਨ੍ਹ ਤੋਂ ਪਾਣੀ ਰੋਕ ਦਿੱਤਾ ਗਿਆ ਹੈ, ਜਦੋਂ ਕਿ ਸ਼੍ਰੀਨਗਰ ਬੰਨ੍ਹ ਪ੍ਰਾਜੈਕਟ ਤੋਂ ਪਾਣੀ ਪੂਰੀ ਤਰ੍ਹਾਂ ਛੱਡ ਦਿੱਤਾ ਗਿਆ ਹੈ ਅਤੇ ਸਾਰੇ ਗੇਟ ਖੋਲ੍ਹ ਦਿੱਤੇ ਗਏ ਹਨ ਤਾਂ ਕਿ ਪਹਾੜਾਂ ਤੋਂ ਆ ਰਿਹਾ ਪਾਣੀ ਬੰਨ੍ਹ ਨੂੰ ਨੁਕਸਾਨ ਨਾ ਪਹੁੰਚਾ ਸਕੇ।
ਇਹ ਵੀ ਪੜ੍ਹੋ : ਚਮੋਲੀ 'ਚ ਗਲੇਸ਼ੀਅਰ ਟੁੱਟਣ ਕਾਰਨ ਭਾਰੀ ਤਬਾਹੀ, ਹਰਿਦੁਆਰ 'ਚ ਹਾਈ ਅਲਰਟ, ਤਸਵੀਰਾਂ 'ਚ ਦੇਖੋ ਮੰਜ਼ਰ
ਮੁੱਖ ਮੰਤਰੀ ਨੇ ਦੱਸਿਆ ਕਿ ਅਲਕਨੰਦਾ ਨਦੀ ਦੇ ਮਾਰਗ ਤੋਂ ਸਾਰੇ ਪ੍ਰਾਜੈਕਟਾਂ ਜਿਸ 'ਚ ਰੇਲ ਦੇ ਕੰਮ ਤੋਂ ਇਲਾਵਾ 4 ਧਾਮ ਸੜਕ ਮਾਰਗ 'ਤੇ ਯੋਜਨਾ ਦੇ ਕੰਮ ਵੀ ਰੋਕ ਦਿੱਤੇ ਗਏ ਹਨ। ਇਸ ਤੋਂ ਇਲਾਵਾ ਗੰਗਾ ਨਦੀ 'ਚ ਰਾਫਟਿੰਗ ਵੀ ਰੋਕ ਦਿੱਤੀ ਗਈ ਹੈ। ਨੇੜਲੇ ਕੈਂਪ ਖਾਲੀ ਕਰਵਾ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਐੱਨ.ਡੀ.ਆਰ.ਐੱਫ. ਦੀ ਟੀਮ ਪਹੁੰਚ ਚੁਕੀ ਹੈ। ਕੇਂਦਰ ਤੋਂ ਰਾਸ਼ਟਰੀ ਆਫ਼ਤ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.) ਦੀ ਟੀਮ ਜ਼ਰੂਰਤ ਪੈਣ 'ਤੇ ਲਗਾਈ ਜਾ ਸਕਦੀ ਹੈ। ਇਸ ਘਟਨਾ ਤੋਂ ਬਾਅਦ ਉਤਰਾਖੰਡ, ਉੱਤਰ ਪ੍ਰਦੇਸ਼ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਚਮੋਲੀ, ਰੁਦਰਪ੍ਰਯਾਗ, ਕਰਨਪ੍ਰਯਾਗ, ਰਿਸ਼ੀਕੇਸ਼ ਅਤੇ ਹਰਿਦੁਆਰ 'ਚ ਸਾਰੇ ਘਾਟ ਖਾਲੀ ਕਰਵਾ ਲਏ ਗਏ ਹਨ ਅਤੇ ਨੇੜੇ-ਤੇੜੇ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਸਥਾਨ 'ਤੇ ਜਾਣ ਲਈ ਕਿਹਾ ਗਿਆ ਹੈ ਅਤੇ ਨਦੀ ਦੇ ਕਿਨਾਰੇ ਰਹਿੰਦੀਆਂ ਬਸਤੀਆਂ ਖਾਲੀ ਕਰਵਾਈਆਂ ਜਾ ਰਹੀਆਂ ਹਨ।