ਉਤਰਾਖੰਡ: ਕੇਦਾਰਨਾਥ, ਯਮੁਨੋਤਰੀ ਅਤੇ ਗੰਗੋਤਰੀ ਦੀ ਯਾਤਰਾ ਦੁਬਾਰਾ ਸ਼ੁਰੂ
Thursday, Oct 21, 2021 - 01:17 AM (IST)
ਦੇਹਰਾਦੂਨ - ਉਤਰਾਖੰਡ ਵਿੱਚ ਮੌਸਮ ਸਾਫ਼ ਹੋਣ ਦੇ ਨਾਲ ਹੀ ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ ਦੀ ਤੀਰਥਯਾਤਰਾ ਬੁੱਧਵਾਰ ਨੂੰ ਮੁੜ ਸ਼ੁਰੂ ਹੋ ਗਈ। ਚਾਰਧਾਮ ਦੇਵਸਥਾਨਮ ਬੋਰਡ ਦੇ ਮੀਡੀਆ ਪ੍ਰਭਾਰੀ ਹਰੀਸ਼ ਗੌੜ ਨੇ ਕਿਹਾ ਕਿ ਹਾਲਾਂਕਿ ਬਦਰੀਨਾਥ ਦੀ ਯਾਤਰਾ ਅਜੇ ਸ਼ੁਰੂ ਨਹੀਂ ਹੋ ਸਕੀ ਕਿਉਂਕਿ ਰਾਸ਼ਟਰੀ ਰਾਜ ਮਾਰਗ ਦਾ ਪੀਪਲਕੋਟੀ-ਜੋਸ਼ੀਨਾਥ-ਬਦਰੀਨਾਥ ਹਿੱਸਾ ਕਈ ਸਥਾਨਾਂ 'ਤੇ ਜ਼ਮੀਨ ਖਿਸਖਣ ਕਾਰਨ ਬੰਦ ਹੋ ਗਿਆ ਹੈ। ਜਿਵੇਂ ਹੀ ਬਾਰਿਸ਼ ਰੁਕੇਗੀ ਅਤੇ ਮੌਸਮ ਵਿੱਚ ਸੁਧਾਰ ਹੋਇਆ, ਕੇਦਾਰਨਾਥ ਦੇ ਰਸਤੇ ਵਿੱਚ ਵੱਖ-ਵੱਖ ਪੜਾਅਵਾਂ 'ਤੇ ਇੰਤਜ਼ਾਰ ਕਰ ਰਹੇ ਤੀਰਥਯਾਤਰੀ ਮੰਦਰ ਦੇ ਦਰਸ਼ਨ ਲਈ ਸੋਨਪ੍ਰਯਾਗ ਪੁੱਜਣ ਲੱਗੇ। ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਵੀ ਬੁੱਧਵਾਰ ਨੂੰ ਕੇਦਾਰਨਾਥ ਮੰਦਰ ਵਿੱਚ ਪਵਿੱਤਰ ਸ਼ਿਵਲਿੰਗ ਦੇ ਦਰਸ਼ਨ ਕਰਨ ਵਾਲੇ 4,475 ਭਗਤਾਂ ਵਿੱਚ ਸ਼ਾਮਲ ਸਨ। ਗੌੜ ਨੇ ਕਿਹਾ ਕਿ ਕੁਲ 1,433 ਤੀਰਥ ਯਾਤਰੀਆਂ ਨੇ ਗੰਗੋਤਰੀ ਦੀ ਯਾਤਰਾ ਕੀਤੀ ਜਦੋਂ ਕਿ 2,444 ਤੀਰਥ ਯਾਤਰੀਆਂ ਨੇ ਯਮੁਨੋਤਰੀ ਦੀ ਯਾਤਰਾ ਕੀਤੀ।
ਇਹ ਵੀ ਪੜ੍ਹੋ - ਦਿਵਾਲੀ ਤੋਂ ਪਹਿਲਾਂ ਅਹਿਮਦਾਬਾਦ 'ਚ ਅੱਤਵਾਦੀ ਹਮਲੇ ਦਾ ਅਲਰਟ
ਜ਼ਿਕਰਯੋਗ ਹੈ ਕਿ ਉਤਰਾਖੰਡ ਵਿੱਚ 17 ਤੋਂ 19 ਅਕਤੂਬਰ ਤੱਕ ਭਾਰੀ ਮੀਂਹ ਦੀ ਮੌਸਮ ਵਿਭਾਗ ਦੀ ਚਿਤਾਵਨੀ ਤੋਂ ਬਾਅਦ ਤੀਰਥ ਯਾਤਰੀਆਂ ਦੀ ਸੁਰੱਖਿਆ ਲਈ 18 ਅਕਤੂਬਰ ਨੂੰ ਚਾਰਧਾਮ ਯਾਤਰਾ ਅਸਥਾਈ ਰੂਪ ਨਾਲ ਰੋਕ ਦਿੱਤੀ ਗਈ ਸੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।