ਸੰਘਣੀ ਧੁੰਦ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ, 7 ਲਾਸ਼ਾਂ ਹੋਈਆਂ ਬਰਾਮਦ
Wednesday, Dec 16, 2020 - 11:28 AM (IST)
ਸੰਭਲ- ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ 'ਚ ਅੱਜ ਯਾਨੀ ਬੁੱਧਵਾਰ ਨੂੰ ਧੁੰਦ ਕਾਰਨ ਵੱਡਾ ਹਾਦਸਾ ਹੋ ਗਿਆ। ਜਾਣਕਾਰੀ ਅਨੁਸਾਰ ਧੁੰਦ ਕਾਰਨ ਇਕ ਰੋਡਵੇਜ਼ ਬੱਸ ਤੇਜ਼ ਰਫ਼ਤਾਰ ਕੰਟਨੇਰ ਨਾਲ ਟਕਰਾ ਗਈ। ਹਾਦਸੇ 'ਚ ਇਕ ਦਰਜਨ ਯਾਤਰੀਆਂਦੀ ਮੌਤ ਹੋਣ ਦਾ ਖ਼ਦਸ਼ਾ ਹੈ। ਪੁਲਸ ਹੁਣ ਤੱਕ 7 ਲਾਸ਼ਾਂ ਕੱਢ ਚੁਕੀ ਹੈ। ਦੱਸਿਆ ਜਾ ਰਿਹਾ ਹੈ ਕਿ ਮੌਤਾਂ ਦਾ ਅੰਕੜਾ ਹਾਲੇ ਵੱਧ ਸਕਦਾ ਹੈ। ਖ਼ਬਰ ਅਨੁਸਾਰ, ਸੰਭਲ ਦੇ ਧਨਾਰੀ ਥਾਣਾ ਇਲਾਕੇ ਦੇ ਮੁਰਾਦਾਬਾਦ-ਆਗਰਾ ਹਾਈਵੇਅ 'ਤੇ ਸੰਘਣੀ ਧੁੰਦ ਕਾਰਨ ਇਹ ਹਾਦਸਾ ਹੋਇਆ। ਰੋਡਵੇਜ਼ ਦੀ ਬੱਸ ਦੂਜੇ ਪਾਸੇ ਆ ਰਹੇ ਤੇਜ਼ ਰਫ਼ਤਾਰ ਕੰਟੇਨਰ ਨਾਲ ਟਕਰਾ ਗਈ। ਟੱਕਰ ਕਾਫ਼ੀ ਜ਼ਬਰਦਸਤ ਸੀ। ਹਾਦਸੇ ਤੋਂ ਬਾਅਦ ਰੋਲਾ ਸੁਣ ਕੇ ਸਥਾਨਕ ਲੋਕ ਮੌਕੇ 'ਤੇ ਆ ਗਏ। ਪੁਲਸ ਨੂੰ ਖ਼ਬਰ ਦਿੱਤੀ ਗਈ, ਜਿਸ ਤੋਂ ਬਾਅਦ ਬੱਸ ਤੋਂ ਮ੍ਰਿਤਕਾਂ ਅਤੇ ਜ਼ਖਮੀਆਂ ਨੂੰ ਕੱਢਣ ਦਾ ਕੰਮ ਸ਼ੁਰੂ ਕੀਤਾ ਗਿਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਐੱਸ.ਪੀ. ਚਕਰੇਸ਼ ਮਿਸ਼ਰ ਸਮੇਤ ਰੈਸਕਿਊ ਟੀਮ ਮੌਕੇ 'ਤੇ ਪਹੁੰਚੀ।
ਐੱਸ.ਪੀ. ਚਕਰੇਸ਼ ਮਿਸ਼ਰ ਨੇ ਦੱਸਿਆ ਕਿ ਹੁਣ ਤੱਕ ਬੱਸ 'ਚੋਂ 7 ਲਾਸ਼ਾਂ ਕੱਢੀਆਂ ਜਾ ਚੁਕੀਆਂ ਹਨ। ਹਾਲਾਂਕਿ ਮੌਤ ਦਾ ਅੰਕੜਾ ਹਾਲੇ ਵੱਧ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਹਾਦਸੇ 'ਚ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਇਕ ਦਰਜਨ ਤੋਂ ਵੱਧ ਸਕਦੀ ਹੈ। ਉੱਥੇ ਹੀ 25 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਸੂਚਨਾ ਹੈ। ਪੁਲਸ ਨੇ ਦੱਸਿਆ ਕਿ ਸੰਘਣੀ ਧੁੰਦ ਕਾਰਨ ਇਹ ਹਾਦਸਾ ਹੋਇਆ ਹੈ। ਬੱਸ 'ਚੋਂ ਜ਼ਖਮੀਆਂ ਅਤੇ ਮ੍ਰਿਤਕ ਲੋਕਾਂ ਦੀਆਂ ਲਾਸ਼ਾਂ ਬਾਹਰ ਕੱਢਣ ਦਾ ਕੰਮ ਜਾਰੀ ਹੈ।