ਉੱਤਰ ਪ੍ਰਦੇਸ਼ ''ਚ ਬਿਜਲੀ ਡਿੱਗਣ ਨਾਲ 5 ਲੋਕਾਂ ਦੀ ਮੌਤ, 12 ਹੋਰ ਝੁਲਸੇ

Thursday, Jul 02, 2020 - 04:54 PM (IST)

ਉੱਤਰ ਪ੍ਰਦੇਸ਼ ''ਚ ਬਿਜਲੀ ਡਿੱਗਣ ਨਾਲ 5 ਲੋਕਾਂ ਦੀ ਮੌਤ, 12 ਹੋਰ ਝੁਲਸੇ

ਬਲੀਆ- ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ 'ਚ ਅਸਮਾਨੀ ਬਿਜਲੀ ਡਿੱਗਣ ਦੀਆਂ ਘਟਨਾਵਾਂ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਝੁਲਸ ਗਏ। ਜ਼ਿਲ੍ਹੇ ਦੇ ਦੋਕਟੀ ਥਾਣਾ ਖੇਤਰ ਦੇ 'ਬਾਬੂ ਕਾ ਸ਼ਿਵਪੁਰ' ਪਿੰਡ 'ਚ ਵੀਰਵਾਰ ਨੂੰ ਅਸਮਾਨੀ ਬਿਜਲੀ ਦੀ ਲਪੇਟ 'ਚ ਆ ਕੇ ਇਕ ਰਿਟਾਇਰਡ ਫੌਜੀ ਸਮੇਤ 2 ਵਿਅਕਤੀਆਂ ਦੀ ਮੌਤ ਹੋ ਗਈ। ਦੋਕਟੀ ਥਾਣਾ ਇੰਚਾਰਜ ਅਮਿਤ ਸਿੰਘ ਨੇ ਦੱਸਿਆ ਕਿ ਵੀਰਵਾਰ ਦੁਪਹਿਰ ਅਸਮਾਨੀ ਬਿਜਲੀ ਦੀ ਲਪੇਟ 'ਚ ਆ ਕੇ ਖੇਤ 'ਚ ਕੰਮ ਕਰ ਰਹੇ ਰਿਟਾਇਰਡ ਫੌਜੀ ਬਾਬੂਲਾਲ ਸਿੰਘ (70) ਅਤੇ ਨਿਰਮਲ ਵਰਮਾ (43) ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸਿਕੰਦਰਪੁਰ ਅਤੇ ਭੀਮਪੁਰਾ ਖੇਤਰਾਂ 'ਚ ਖਰਾਬ ਮੌਸਮ ਦਰਮਿਆਨ ਡਿੱਗੀ ਅਸਮਾਨੀ ਬਿਜਲੀ ਦੀ ਲਪੇਟ 'ਚ ਆਉਣ ਨਾਲ 2 ਜਨਾਨੀਆਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਝੁਲਸ ਗਏ।

ਪੁਲਸ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਸਿਕੰਦਰਪੁਰ ਥਾਣਾ ਖੇਤਰ ਦੇ ਮਹਿਥਾਪਾਰ ਪਿੰਡ 'ਚ ਬੁੱਧਵਾਰ ਸ਼ਾਮ ਅਸਮਾਨੀ ਬਿਜਲੀ ਦੀ ਲਪੇਟ 'ਚ ਆ ਕੇ ਖੇਤ 'ਚ ਕੰਮ ਕਰ ਰਹੇ 10 ਲੋਕ ਗੰਭੀਰ ਰੂਪ ਨਾਲ ਝੁਲਸ ਗਏ। ਉਨ੍ਹਾਂ ਨੂੰ ਸਿਕੰਦਰਪੁਰ ਸਥਿਤ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਸਵਿਤਾ (35) ਅਤੇ ਸ਼ੀਲਾ (19) ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਦੂਜੇ ਪਾਸੇ ਬੁੱਧਵਾਰ ਨੂੰ ਹੀ ਭੀਮਪੁਰਾ ਥਾਣਾ ਖੇਤਰ ਦੇ ਰਾਮਪੁਰ ਮੜਈ ਪਿੰਡ 'ਚ ਕਿਸਾਨ ਰਾਮਸਰੀਖਾ ਰਾਜਭਰ (28) ਦੀ ਵੀ ਅਸਮਾਨੀ ਬਿਜਲੀ ਦੀ ਲਪੇਟ 'ਚ ਆਉਣ ਨਾਲ ਖੇਤ 'ਚ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਖੇਜੁਰੀ ਥਾਣਾ ਖੇਤਰ ਦੇ ਹਥੌਜ ਪਿੰਡ 'ਚ ਬੁੱਧਵਾਰ ਨੂੰ ਝੋਨੇ ਦੀ ਰੋਪਾਈ ਕਰ ਰਹੀਆਂ ਤਿੰਨ ਕੁੜੀਆਂ ਸਮੇਤ ਚਾਰ ਲੋਕ ਖਰਾਬ ਮੌਸਮ ਦਰਮਿਆਨ ਡਿੱਗੀ ਅਸਮਾਨੀ ਬਿਜਲੀ ਦੀ ਲਪੇਟ 'ਚ ਆ ਕੇ ਝੁਲਸ ਗਏ, ਸਾਰਿਆਂ ਨੂੰ ਮਨੀਅਰ ਸਥਿਤ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।


author

DIsha

Content Editor

Related News