ਅਫ਼ਸੋਸਜਨਕ: ਮਾਂ ਨੇ ਹੀ ਲਈ ਆਪਣੇ 2 ਮਾਸੂਮ ਬੱਚਿਆਂ ਦੀ ਜਾਨ,ਵਜ੍ਹਾ ਜਾਣ ਆਵੇਗਾ ਤਰਸ

Saturday, Oct 17, 2020 - 01:28 PM (IST)

ਅਫ਼ਸੋਸਜਨਕ: ਮਾਂ ਨੇ ਹੀ ਲਈ ਆਪਣੇ 2 ਮਾਸੂਮ ਬੱਚਿਆਂ ਦੀ ਜਾਨ,ਵਜ੍ਹਾ ਜਾਣ ਆਵੇਗਾ ਤਰਸ

ਜਾਲੌਨ- ਉੱਤਰ ਪ੍ਰਦੇਸ਼ ਦੇ ਜਾਲੌਨ ਜ਼ਿਲ੍ਹੇ 'ਚ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਜਨਾਨੀ ਨੇ ਮਾਨਸਿਕ ਤੌਰ 'ਤੇ ਬੀਮਾਰ ਆਪਣੇ 2 ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਪੁਲਸ ਘਟਨਾ ਦਾ ਕਾਰਨ ਆਰਥਿਕ ਸੰਕਟ ਅਤੇ ਬੱਚਿਆਂ ਦਾ ਬੀਮਾਰ ਹੋਣਾ ਦੱਸ ਰਹੀ ਹੈ। ਜਾਲੌਨ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਯਸ਼ਵੀਰ ਸਿੰਘ ਦੇ ਜਨਸੰਪਰਕ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ,''ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਏਟ ਕਸਬੇ ਦੇ ਗੜ੍ਹੀ ਮੁਹੱਲੇ 'ਚ ਸ਼ਬਾਨਾ (39) ਨਾਮੀ ਜਨਾਨੀ ਦੀ ਲਾਸ਼ ਬੰਦ ਕਮਰੇ 'ਚ ਫਾਹੇ ਨਾਲ ਲਟਕੀ ਮਿਲੀ। ਉਸ ਦੀ ਧੀ ਰੋਸ਼ਨੀ (20) ਦੀ ਲਾਸ਼ ਫਰਸ਼ ਅਤੇ ਬੇਟੇ ਆਸ਼ਿਕ (15) ਦੀ ਲਾਸ਼ ਮੰਜੇ 'ਤੇ ਪਈ ਸੀ।'' ਉਨ੍ਹਾਂ ਨੇ ਦੱਸਿਆ ਕਿ ਰੋਸ਼ਨੀ ਅਤੇ ਆਸ਼ਿਕ ਮਾਨਸਿਕ ਅਤੇ ਸਰੀਰਕ ਰੂਪ ਨਾਲ ਬੀਮਾਰ ਚੱਲ ਰਹੇ ਸਨ।

ਕੋਂਚ ਦੇ ਪੁਲਸ ਡਿਪਟੀ ਸੁਪਰਡੈਂਟ ਰਾਹੁਲ ਪਾਂਡੇ ਨੇ ਦੱਸਿਆ,''ਜਨਾਨੀ ਦਾ ਪਤੀ ਮੁਸਤਾਕ ਪੇਸ਼ੇ ਤੋਂ ਟਰੱਕ ਚਾਲਕ, ਘਟਨਾ ਦੇ ਸਮੇਂ ਉਹ ਕੰਮ 'ਤੇ ਘਰੋਂ ਬਾਹਰ ਸੀ। ਸ਼ਾਮ ਨੂੰ ਮੁਸਤਾਕ ਨੇ ਬਜ਼ਾਰ ਤੋਂ ਖਰੀਦ ਕੇ ਕੁਝ ਫਲ ਆਪਣੇ ਮੁਹੱਲੇ ਦੇ ਰਹਿਣ ਵਾਲੇ ਨੌਜਵਾਨ ਸ਼ਰੀਫ ਹੱਥ ਘਰ ਭੇਜੇ, ਉਦੋਂ ਘਟਨਾ ਦਾ ਖੁਲਾਸਾ ਹੋਇਆ ਅਤੇ ਪੁਲਸ ਨੂੰ ਸੂਚਨਾ ਦਿੱਤੀ ਗਈ।'' ਰਾਹੁਲ ਪਾਂਡੇ ਨੇ ਦੱਸਿਆ,''ਪਹਿਲੀ ਨਜ਼ਰ ਅਜਿਹਾ ਲੱਗਦਾ ਹੈ ਕਿ ਧੀ ਅਤੇ ਪੁੱਤਰ ਦਾ ਕਤਲ ਕਰਨ ਤੋਂ ਬਾਅਦ ਜਨਾਨੀ ਨੇ ਬੰਦ ਕਮਰੇ 'ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਤਿੰਨਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜਿਆ ਗਿਆ ਹੈ ਅਤੇ ਫੋਰੈਂਸਿਕ ਟੀਮ ਨੇ ਹਾਦਸੇ ਵਾਲੀ ਜਗ੍ਹਾ ਤੋਂ ਸਬੂਤ ਜੁਟਾਏ ਹਨ।'' ਜਨਾਨੀ ਦੇ ਪਤੀ ਮੁਸਤਾਕ ਦੇ ਹਵਾਲੇ ਤੋਂ ਪੁਲਸ ਨੇ ਦੱਸਿਆ,''ਆਰਥਿਕ ਸੰਕਟ ਅਤੇ ਬੱਚਿਆਂ ਦੀ ਮਾਨਸਿਕ ਬੀਮਾਰੀ ਤੋਂ ਪਰੇਸ਼ਾਨ ਹੋ ਕੇ ਜਨਾਨੀ ਨੇ ਇੰਨਾ ਵੱਡਾ ਕਦਮ ਚੁੱਕਿਆ ਹੋਵੇਗਾ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।''


author

DIsha

Content Editor

Related News