PM ਮੋਦੀ ਨੇ 'ਡੀਪਫੇਕ' ਨੂੰ ਦੱਸਿਆ ਵੱਡੀ ਚਿੰਤਾ ਦਾ ਵਿਸ਼ਾ, ਮੀਡੀਆ ਨੂੰ ਕੀਤੀ ਇਹ ਅਪੀਲ
Friday, Nov 17, 2023 - 05:57 PM (IST)
ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ 'ਡੀਪਫੇਕ' ਬਣਾਉਣ ਏ.ਆਈ. ਦੀ ਵਰਤੋਂ ਚਿੰਤਾਜਨਕ ਹੈ। ਉਨ੍ਹਾਂ ਮੀਡੀਆ ਨੂੰ ਇਸ ਦੀ ਦੁਰਵਰਤੋਂ ਅਤੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣ ਦੀ ਵੀ ਅਪੀਲ ਕੀਤੀ। ਇੱਥੇ ਪਾਰਟੀ ਹੈੱਡਕੁਆਰਟਰ ਵਿਖੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਦੀਵਾਲੀ ਮੀਟਿੰਗ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਗਰਬਾ ਸਮਾਰੋਹ ਵਿਚ ਗਾਉਂਦੇ ਹੋਏ ਇਕ ਵੀਡੀਓ ਦੇਖਿਆ ਹੈ, ਜਦੋਂ ਕਿ ਉਨ੍ਹਾਂ ਨੇ ਆਪਣੇ ਸਕੂਲ ਦੇ ਦਿਨਾਂ ਤੋਂ ਅਜਿਹਾ ਨਹੀਂ ਕੀਤਾ ਸੀ। ਉਨ੍ਹਾਂ ਨੇ ਮਜ਼ਾਕੀਆ ਲਹਿਜੇ ਵਿਚ ਕਿਹਾ, ਇੱਥੇ ਤੱਕ ਕਿ ਜੋ ਲੋਕ ਉਨ੍ਹਾਂ ਨੂੰ ਪਿਆਰ ਕਰਦੇ ਹਨ, ਉਹ ਵੀ ਵੀਡੀਓ ਨੂੰ ਇਕ-ਦੂਜੇ ਨਾਲ ਸਾਂਝਾ ਕਰ ਰਹੇ ਹਨ। ਉਨ੍ਹਾਂ ਕਿਹਾ,"ਸਾਡੇ ਵਰਗੇ ਵਿਭਿੰਨ ਸਮਾਜ ਵਿਚ 'ਡੀਪਫੇਕ' ਇਕ ਵੱਡਾ ਸੰਕਟ ਪੈਦਾ ਕਰ ਸਕਦਾ ਹੈ ਅਤੇ ਸਮਾਜ ਵਿਚ ਅਸੰਤੋਸ਼ ਦੀ ਅੱਗ ਨੂੰ ਵੀ ਭੜਕਾ ਸਕਦਾ ਹੈ, ਕਿਉਂਕਿ ਲੋਕ ਮੀਡੀਆ ਨਾਲ ਸਬੰਧਤ ਕਿਸੇ ਵੀ ਚੀਜ਼ 'ਤੇ ਉਸੇ ਤਰ੍ਹਾਂ ਭਰੋਸਾ ਕਰਦੇ ਹਨ ਜਿਵੇਂ ਆਮ ਤੌਰ 'ਤੇ ਭਗਵੇਂ ਕੱਪੜੇ ਪਹਿਨਣ ਵਾਲੇ ਵਿਅਕਤੀ ਨੂੰ ਸਨਮਾਨ ਦਿੰਦੇ ਹਨ।'' ਉਨ੍ਹਾਂ ਕਿਹਾ,''ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਬਣਾਏ 'ਡੀਪਫੇਕ' ਕਾਰਨ ਇਕ ਨਵਾਂ ਸੰਕਟ ਪੈਦਾ ਹੋ ਰਿਹਾ ਹੈ। ਸਮਾਜ ਦਾ ਇਕ ਬਹੁਤ ਵੱਡਾ ਤਬਕਾ ਹੈ ਜਿਸ ਕੋਲ ਸਮਾਨਾਂਤਰ ਤਸਦੀਕ ਪ੍ਰਣਾਲੀ ਨਹੀਂ ਹੈ।'' ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਜਿੱਥੇ ਉਨ੍ਹਾਂ ਨੇ ਕੁਝ ਗੱਲਾਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ, ਉਨ੍ਹਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਉਨ੍ਹਾਂ ਨੂੰ ਮੀਡੀਆ ਦੇ ਸਹਿਯੋਗ ਦੀ ਲੋੜ ਹੈ। ਇਹ 'ਡੀਪ ਫੇਕ' ਤਕਨਾਲੋਜੀ ਸ਼ਕਤੀਸ਼ਾਲੀ ਕੰਪਿਊਟਰਾਂ ਅਤੇ ਸਿੱਖਿਆ ਦੀ ਵਰਤੋਂ ਕਰਕੇ ਵੀਡੀਓਜ਼, ਚਿੱਤਰਾਂ, ਆਡੀਓ 'ਚ ਹੇਰਾਫੇਰੀ ਕਰਨ ਦਾ ਇਕ ਤਰੀਕਾ ਹੈ।
ਇਹ ਵੀ ਪੜ੍ਹੋ : ਹਰਿਆਣਾ : ਨੂਹ 'ਚ ਪੂਜਾ ਲਈ ਜਾ ਰਹੀਆਂ ਔਰਤਾਂ 'ਤੇ ਪਥਰਾਅ, ਤਿੰਨ ਜ਼ਖ਼ਮੀ
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲੇ ਕੁਝ ਵਿਵਾਦਿਤ ਟਿੱਪਣੀਆਂ ਵਾਲੀਆਂ ਫ਼ਿਲਮਾਂ ਆਉਂਦੀਆਂ ਸਨ ਅਤੇ ਚਲੀ ਜਾਂਦੀਆਂ ਸਨ ਪਰ ਹੁਣ ਇਹ ਇਕ ਵੱਡਾ ਮੁੱਦਾ ਬਣਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਫ਼ਿਲਮਾਂ ਦਾ ਪ੍ਰਦਰਸ਼ਨ ਵੀ ਇਸ ਆਧਾਰ 'ਤੇ ਮੁਸ਼ਕਲ ਹੋ ਜਾਂਦਾ ਹੈ ਕਿ ਉਨ੍ਹਾਂ ਨੇ ਸਮਾਜ ਦੇ ਕੁਝ ਤਬਕਿਆਂ ਦਾ ਅਪਮਾਨ ਕੀਤਾ ਹੈ, ਭਾਵੇਂ ਹੀ ਉਨ੍ਹਾਂ ਨੂੰ ਬਣਾਉਣ 'ਚ ਭਾਰੀ ਰਾਸ਼ੀ ਖਰਚ ਕੀਤੀ ਗਈ ਹੋਵੇ। ਪੀ.ਐੱਮ. ਮੋਦੀ ਨੇ ਸੁਝਾਅ ਦਿੱਤਾ ਕਿ ਜਿਸ ਤਰ੍ਹਾਂ ਸਿਗਰੇਟ ਵਰਗੇ ਉਤਪਾਦ ਸਿਹਤ ਸੰਬੰਧੀ ਚਿਤਾਵਨੀਆਂ ਨਾਲ ਆਉਂਦੇ ਹਨ, ਉਸੇ ਤਰ੍ਹਾਂ 'ਡੀਪਫੇਕ' ਦੇ ਮਾਮਲਿਆਂ 'ਚ ਵੀ ਹੋਣਾ ਚਾਹੀਦਾ। ਸਾਲ 2047 ਤੱਕ 'ਵਿਕਸਿਤ ਭਾਰਤ' ਬਣਾਉਣ ਦੇ ਆਪਣੇ ਸੰਕਲਪ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਿਰਫ਼ ਸ਼ਬਦ ਨਹੀਂ ਹਨ ਸਗੋਂ ਜ਼ਮੀਨੀ ਹਕੀਕਤ ਹੈ। ਉਨ੍ਹਾਂ ਕਿਹਾ ਕਿ 'ਵੋਕਲ ਫਾਰ ਲੋਕਲ' ਮੁਹਿੰਮ ਨੂੰ ਲੋਕਾਂ ਦਾ ਸਮਰਥਨ ਮਿਲਿਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਇਕ ਹਫ਼ਤੇ 'ਚ ਲਗਭਗ 4.5 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋਇਆ ਹੈ, ਜਿਸ 'ਚ ਦੀਵਾਲੀ ਅਤੇ ਛਠ ਨਾਲ ਸੰਬੰਧਤ ਖਰੀਦਦਾਰੀ ਸ਼ਾਮਲ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਭਾਰਤ ਦੀਆਂ ਉਪਲੱਬਧੀਆਂ ਨੇ ਲੋਕਾਂ 'ਚ ਵਿਸ਼ਵਾਸ ਪੈਦਾ ਕੀਤਾ ਕਿ ਦੇਸ਼ ਹੁਣ ਰੁਕਣ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਲਗਭਗ 130 ਦੇਸ਼ਾਂ ਨੇ ਭਾਰਤ ਵਲੋਂ ਆਯੋਜਿਤ ਇਕ 'ਗਲੋਬਲ ਸਾਊਥ ਸਿਖਰ ਸੰਮੇਲਨ' 'ਚ ਹਿੱਸਾ ਲਿਆ। ਉਨ੍ਹਾਂ ਨੇ ਇਸ ਨੂੰ ਵੱਡੀ ਉਪਲੱਬਧੀ ਦੱਸਿਆ। 'ਦੀਵਾਲੀ ਮਿਲਨ' ਪ੍ਰੋਗਰਾਮ 'ਚ ਹਿੱਸਾ ਲੈਣ ਤੋਂ ਪਹਿਲਾਂ ਉਨ੍ਹਾਂ ਨੇ ਇਸ ਸੰਮੇਲਨ ਨੂੰ ਸੰਬੋਧਨ ਕੀਤਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8