ਨੋਟਬੰਦੀ ਦੇ ਬਾਵਜੂਦ ਨਹੀਂ ਰੁਕਿਆ ਕਾਲੇ ਧਨ ਦਾ ਇਸਤੇਮਾਲ

12/09/2018 1:52:06 PM

ਨਵੀਂ ਦਿੱਲੀ (ਭਾਸ਼ਾ)— ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ਵਿਧਾਨ ਸਭਾ ਚੋਣਾਂ ਦੌਰਾਨ ਕਾਲੇ ਧਨ ਦੀ ਵੱਡੇ ਪੱਧਰ 'ਤੇ ਵਰਤੋਂ ਹੋਈ। ਅੰਕੜੇ ਦੱਸਦੇ ਹਨ ਕਿ ਨੋਟਬੰਦੀ ਦੇ ਬਾਵਜੂਦ ਚੋਣਾਂ ਦੌਰਾਨ ਕਾਲੇ ਧਨ ਵਿਚ ਕਮੀ ਆਉਣ ਦੀ ਬਜਾਏ ਇਜ਼ਾਫਾ ਹੀ ਹੋਇਆ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਇਨ੍ਹਾਂ ਸੂਬਿਆਂ 'ਚ ਪਿਛਲੀਆਂ ਚੋਣਾਂ ਦੀ ਤੁਲਨਾ ਵਿਚ ਜ਼ਬਤ ਕੀਤੀ ਗਈ ਗੈਰ-ਕਾਨੂੰਨੀ ਰਾਸ਼ੀ ਵਿਚ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਸਾਬਕਾ ਮੁੱਖ ਚੋਣ ਕਮਿਸ਼ਨਰ ਓ. ਪੀ. ਰਾਵਤ ਦੀ ਉਸ ਸ਼ੰਕਾ ਨੂੰ ਵੀ ਬਲ ਮਿਲਿਆ ਹੈ, ਜਿਸ ਵਿਚ ਉਨ੍ਹਾਂ ਨੇ ਨੋਟਬੰਦੀ ਤੋਂ ਚੋਣਾਂ ਵਿਚ ਕਾਲੇ ਧਨ 'ਤੇ ਨਕਲੇ ਕੱਸਣ ਦੇ ਸਰਕਾਰ ਦੇ ਦਾਅਵੇ 'ਤੇ ਸਵਾਲ ਖੜ੍ਹੇ ਕੀਤੇ ਸਨ। 

ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਸੇਵਾ ਮੁਕਤ ਹੋਏ ਰਾਵਤ ਨੇ ਵੀ ਕਿਹਾ ਸੀ ਕਿ ਨੋਟਬੰਦੀ ਦੇ ਬਾਵਜੂਦ 5 ਸੂਬਿਆਂ ਦੀਆਂ ਚੋਣਾਂ ਵਿਚ ਕਾਲੇ ਧਨ ਦੀ ਬਰਾਮਦਗੀ 'ਚ ਵਾਧਾ ਦਰਜ ਕੀਤਾ ਗਿਆ ਹੈ। ਚੋਣਾਂ ਦੌਰਾਨ ਗੈਰ-ਕਾਨੂੰਨੀ ਧਨ, ਸ਼ਰਾਬ ਅਤੇ ਕੀਮਤੀ ਗਹਿਣਿਆਂ ਦੇ ਮਿਲਣ ਸਬੰਧੀ ਚੋਣ ਕਮਿਸ਼ਨ ਦੇ ਅੰਕੜੇ ਦਰਸਾਉਂਦੇ ਹਨ ਕਿ ਇਨ੍ਹਾਂ ਸੂਬਿਆਂ ਵਿਚ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਅਦ ਲੱਗਭਗ 168 ਕਰੋੜ ਰੁਪਏ ਨਕਦ ਬਰਾਮਦ ਹੋਏ। ਸ਼ੁੱਕਰਵਾਰ 7 ਦਸੰਬਰ ਨੂੰ 5 ਸੂਬਿਆਂ 'ਚ ਵੋਟਿੰਗ ਸੰਪੰਨ ਹੋਣ ਤੋਂ ਬਾਅਦ ਕਮਿਸ਼ਨ ਵਲੋਂ ਜਾਰੀ ਅੰਕੜਿਆਂ ਮੁਤਾਬਕ ਜ਼ਬਤ ਕੀਤੇ ਗਏ 168 ਕਰੋੜ ਰੁਪਏ 'ਚ ਹੈਰਾਨੀਜਨਕ ਰੂਪ ਨਾਲ ਇਕੱਲੇ ਤੇਲੰਗਾਨਾ ਦੀ ਹਿੱਸੇਦਾਰੀ 115.19 ਕਰੋੜ ਰੁਪਏ ਦੀ ਰਹੀ।

ਕਮਿਸ਼ਨ ਦੀ ਰਿਪੋਰਟ ਮੁਤਾਬਕ ਤੇਲੰਗਾਨਾ 'ਚ ਪੈਸਾ ਅਤੇ ਸ਼ਰਾਬ ਪਾਣੀ ਵਾਂਗ ਵਹਾਇਆ ਗਿਆ। ਇਸ ਛੋਟੇ ਜਿਹੇ ਨਵੇਂ ਬਣੇ ਸੂਬੇ ਨੇ ਗੈਰ-ਕਾਨੂੰਨੀ ਰੂਪ ਨਾਲ ਧਨ ਦੀ ਵਰਤੋਂ ਦੇ ਮਾਮਲੇ ਵਿਚ ਹੋਰ 4 ਸੂਬਿਆਂ ਨੂੰ ਕਾਫੀ ਪਿੱਛੇ ਛੱਡ ਦਿੱਤਾ। ਤੇਲੰਗਾਨਾ ਵਿਚ 115.19 ਕਰੋੜ ਰੁਪਏ ਦੇ ਕਾਲੇ ਧਨ ਦੀ ਬਰਾਮਦਗੀ ਤੋਂ ਇਲਾਵਾ 12.26 ਕਰੋੜ ਰੁਪਏ ਦੀ ਕੀਮਤ ਦੀ 5.45 ਲੱਖ ਲੀਟਰ ਸ਼ਰਾਬ ਅਤੇ 17.66 ਕਿਲੋਗ੍ਰਾਮ ਸੋਨੇ ਸਮੇਤ 6.79 ਕਰੋੜ ਰੁਪਏ ਕੀਮਤ ਦੀ ਬੇਸ਼ਕੀਮਤੀ ਧਾਤੂਆਂ ਦੇ ਗਹਿਣੇ ਜ਼ਬਤ ਕੀਤੇ ਗਏ। 


Tanu

Content Editor

Related News