ਪੀ.ਐਮ. ਮੋਦੀ ਸਾਹਮਣੇ ਅਮਰੀਕੀ ਐਮ.ਪੀ. ਨੇ ਨਹਿਰੂ ਦੇ ਗਾਏ ਸੋਹਲੇ

09/23/2019 8:36:02 PM

ਟੈਕਸਾਸ - ਅਮਰੀਕਾ ਦੇ ਟੈਕਸਾਸ ਰਾਜ ਦੇ ਹਿਊਸਟਨ ਸ਼ਹਿਰ ’ਚ ਹੋਏ ‘ਹਾਓਡੀ ਮੋਦੀ’ ਪ੍ਰੋਗਰਾਮ ’ਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੀ ਤਰ੍ਹਂ ਛਾਏ ਰਹੇ। ਲਗਭਗ 50 ਹਜ਼ਾਰ ਤੋਂ ਜ਼ਿਆਦਾ ਅਮਰੀਕੀ ਭਾਰਤੀਆਂ ਨੇ ਨਰਿੰਦਰ ਮੋਦੀ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦਾ ਭਾਸ਼ਣ ਸੁਣਿਆ। ਇਸ ਪ੍ਰੋਗਰਾਮ ਦੀ ਖਾਸ ਗੱਲ ਰਹੀ ਕਿ ਖੁਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਇਸ ’ਚ ਸ਼ਾਮਲ ਹੋਏ। ਮੋਦੀ ਅਤੇ ਟਰੰਪ ਨੇ ਇਕ ਦੂਜੇ ਨੂੰ ਗਲੇ ਲਗਾਇਆ ਅਤੇ ਇਕ ਦੂਜੇ ਦੇ ਨਾਲ ਆਪਣੀ ਦੋਸਤੀ ਦੀਅਂ ਗੱਲਾਂ ਵੀ ਦੱਸੀਆਂ।

ਹਾਓਡੀ ਮੋਦੀ ਪ੍ਰੋਗਰਾਮ ’ਚ ਮੋਦੀ ਦੇ ਸਵਾਗਤ ਪ੍ਰੋਗਰਾਮ, ਜੋਸ਼ੀਲੇ ਨਾਅਰਿਆਂ ਅਤੇ ਭਾਸ਼ਣਾਂ ਵਿਚਾਲੇ ਇਕ ਪਲ ਅਜਿਹਾ ਵੀ ਆਇਆ ਜਦ ਭਾਰਤ ਦੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਵੀ ਜ਼ਿਕਰ ਹੋਇਆ। ਦਰਅਸਲ ਅਮਰੀਕੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰਿਪ੍ਰੈਜ਼ੇਂਟੇਟਿਵ ’ਚ ਬਹੁਮਤ ਦੇ ਨੇਤਾ ਅਤੇ ਡੈਮੋਕ੍ਰੇਟ ਸੰਸਦੀ ਮੈਂਬਰ ਸਟੇਨੀ ਐੱਚ ਹੋਅਰ ਜਦ ਮੋਦੀ ਦੇ ਸਵਾਗਤ ’ਚ ਭਾਸ਼ਣ ਦੇ ਰਹੇ ਸਨ। ਉਦੋਂ ਉਨ੍ਹਾਂ ਨੇ ਗਾਂਧੀ ਅਤੇ ਨਹਿਰੂ ਦੀ ਧਰਮ ਨਿਰਪੱਖ ਸੋਚ ਦੀ ਗੱਲ ਕੀਤੀ। ਸਟੇਨੀ ਹੋਅਰ ਨੇ ਆਖਿਆ ਕਿ ਅਮਰੀਕਾ ਦੀ ਤਰ੍ਹਾਂ ਭਾਰਤ ਵੀ ਆਪਣੀਆਂ ਪਰੰਪਰਾਵਾਂ ’ਤੇ ਮਾਣ ਕਰਦਾ ਹੈ। ਜਿਸ ਨਾਲ ਉਹ ਆਪਣੇ ਭਵਿੱਖ ਨੂੰ ਗਾਂਧੀ ਦੀ ਸਿੱਖਿਆ ਅਤੇ ਨਹਿਰੂ ਦੀ ਉਸ ਸੋਚ, ਜਿਸ ’ਚ ਭਾਰਤ ਧਰਮ ਨਿਰਪੱਖ ਲੋਕਤੰਤਰ ਬਣਾਉਣ ਦੀ ਗੱਲ ਹੈ, ਉਸ ਦਾ ਬਚਾਅ ਕਰ ਸਕੇ, ਜਿਥੇ ਹਰੇਕ ਵਿਅਕਤੀ ਅਤੇ ਉਸ ਦੇ ਮਨੁੱਖੀ ਅਧਿਕਾਰਾਂ ਦਾ ਸਨਮਾਨ ਕੀਤਾ ਜਾਵੇਗਾ।

ਜਿਹੜੇ ਵੇਲੇ ਸਟੇਨੀ ਹੋਅਰ ਇਹ ਗੱਲ ਆਖ ਰਹੇ ਸਨ ਉਸ ਸਮੇਂ ਨਰਿੰਦਰ ਮੋਦੀ ਵੀ ਉਨ੍ਹਾਂ ਦੇ ਨਾਲ ਹੀ ਖੜ੍ਹੇ ਸਨ। ਸ਼ੋਸ਼ਲ ਮੀਡੀਆ ’ਤੇ ਸਟੇਨੀ ਹੋਅਰ ਦੇ ਭਾਸ਼ਣ ਦਾ ਇਹ ਹਿੱਸਾ (ਅੰਸ਼) ਵਾਇਰਲ ਹੋ ਰਿਹਾ ਹੈ। ਲੋਕ ਲਗਾਤਾਰ ਉਨ੍ਹਾਂ ਦੀ ਚਰਚਾ ਕਰ ਰਹੇ ਹਨ। ਇਕ ਟਵਿੱਟਰ ਯੂਜ਼ਰ ਨੇ ਟਵੀਟ ਕਰਦੇ ਲਿੱਖਿਆ ਕਿ, ‘ਕੀ ਹਾਊਸ ਮੋਜ਼ਿਓਰਿਟੀ ਦੇ ਨੇਤਾ ਸਟੇਨੀ ਹੋਅਰ ਨੂੰ ਠੀਕ ਨਾਲ ਸਮਝਾਇਆ ਗਿਆ ਸੀ? ਉਨ੍ਹਾਂ ਦੀ ਹਿੰਮਤ ਕਿਵੇਂ ਹੋਈ ਅਜਿਹੇ ਸ਼ਖਸ਼ ਦਾ ਨਾਂ ਲੈਣ ਦੀ ਜਿਹੜਾ ਭਾਰਤ ’ਚ ਹੁਣ ਹੋਣ ਵਾਲੀ ਹਰ ਗਲਤ ਚੀਜ਼ ਲਈ ਜ਼ਿੰਮੇਵਾਰ ਹੈ। ਮੈਂ ਉਮੀਦ ਕਰਦਾ ਹਾਂ ਕਿ ਅਗਲੇ ਪ੍ਰੋਗਰਾਮ ’ਚ ਸਾਨੂੰ ਸਾਵਰਕਰ ਦਾ ਨਾਂ ਸੁਣਨ ਨੂੰ ਮਿਲੇਗਾ।’

ਇਕ ਹੋਰ ਯੂਜ਼ਰ ਨੇ ਟਵੀਟ ਕਰਦੇ ਲਿੱਖਿਆ ਕਿ ‘ਸਟੇਨੀ ਹੇਅਰ ’ਤੇ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਗਿ੍ਰਫਤਾਰੀ ਦਾ ਖਤਰਾ ਵਧ ਸਕਦਾ ਹੈ ਅਤੇ ਇਸ ਤੋਂ ਬਾਅਦ ਇਕ ਹੋਰ ਯੂਜ਼ਰ ਨੇ ਟਵੀਟ ਕੀਤਾ ਕਿ ਹਾਓਡੀ ਮੋਦੀ ਪ੍ਰੋਗਰਾਮ ’ਚ ਭਾਸ਼ਣ ਦਿੰਦੇ ਹੋਏ ਸਟੇਨੀ ਹੋਅ ਨੇ ਨਹਿਰੂ ਅਤੇ ਉਨ੍ਹਾਂ ਦੀਆਂ ਨੀਤੀਆਂ ਦੀ ਤਰੀਫ ਕੀਤੀ। ਮੋਦੀ ਅਤੇ ਉਨ੍ਹਾਂ ਦੇ ਸਹਿਯੋਗੀ ਨਹਿਰੂ-ਗਾਂਧੀ ਨਾਲ ਚਾਹੁੰਣ ਜਿੰਨੀ ਮਰਜ਼ੀ ਨਫਰਤ ਕਰ ਲੈਣ। ਉਹ ਉਨ੍ਹਾਂ ਦੀ ਥਾਂ ਸਾਵਰਕਰ ਅਤੇ ਦੀਨ ਦਿਆਲ ਨੂੰ ਨਹੀਂ ਦੇ ਸਕਦੇ। ਇਸ ਤੋਂ ਇਲਾਵਾ ਸਟੇਨੀ ਹੇਅਰ ਨੇ ਆਪਣੇ ਭਾਸ਼ਣ ’ਚ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਦੀ ਵੀ ਗੱਲ ਕੀਤੀ ਅਤੇ ਆਖਿਆ ਕਿ ਸਮੇਂ  ਦੇ ਨਾਲ ਰਿਸ਼ਤੇ ਹੋਰ ਮਜ਼ਬੂਤ ਹੁੰਦੇ ਗਏ ਹਨ।


Khushdeep Jassi

Content Editor

Related News