ਅੱਜ ਤੋਂ ਕਸ਼ਮੀਰ ਦੌਰੇ 'ਤੇ 17 ਦੇਸ਼ਾਂ ਦੇ ਰਾਜਦੂਤ

01/09/2020 9:13:02 AM

ਕਸ਼ਮੀਰ— ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ ਦੇ ਬਾਅਦ ਪਾਕਿਸਤਾਨ ਨੇ ਭਾਰਤ ਨੂੰ ਕੌਮਾਂਤਰੀ ਮੰਚਾਂ 'ਤੇ ਘੇਰਨ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਅਤੇ ਭਾਰਤ 'ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣ ਦਾ ਦੋਸ਼ ਲਗਾਇਆ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੰਯੁਕਤ ਰਾਸ਼ਟਰ ਸੰਘ ਦੇ ਮੰਚ 'ਤੇ ਵੀ ਇਸ ਨੂੰ ਚੁੱਕਿਆ ਪਰ ਹਰ ਵਾਰ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ।

ਹੁਣ ਵਿਦੇਸ਼ੀ ਡਿਪਲੋਮੈਟਾਂ ਦਾ ਇਕ ਦਲ ਕਸ਼ਮੀਰ ਜਾ ਰਿਹਾ ਹੈ। ਜੰਮੂ-ਕਸ਼ਮੀਰ ਤੋਂ ਧਾਰਾ 370 ਹਟਣ ਦੇ ਬਾਅਦ ਵਿਦੇਸ਼ੀ ਰਾਜਦੂਤਾਂ ਦਾ ਇਹ ਪਹਿਲਾ ਅਧਿਕਾਰਕ ਕਸ਼ਮੀਰ ਦੌਰਾ ਹੈ। ਸਰਕਾਰ ਵਲੋਂ ਭੇਜੇ ਜਾ ਰਹੇ ਇਸ ਦਲ 'ਚ ਅਮਰੀਕਾ, ਵੀਅਤਨਾਮ, ਦੱਖਣੀ ਕੋਰੀਆ ਸਣੇ 17 ਦੇਸ਼ਾਂ ਦੇ ਡਿਪਲੋਮੈਟ ਸ਼ਾਮਲ ਹਨ। ਹਾਲਾਂਕਿ ਯੂਰਪੀ ਯੂਨੀਅਨ ਦੇ ਡਿਪਲੋਮੈਟ ਇਸ ਵਾਰ ਕਸ਼ਮੀਰ ਨਹੀਂ ਜਾ ਰਹੇ। ਉਨ੍ਹਾਂ ਨੂੰ ਬਾਅਦ 'ਚ ਕਸ਼ਮੀਰ ਲੈ ਜਾਇਆ ਜਾਵੇਗਾ।

ਇਸ ਦਲ 'ਚ ਬ੍ਰਾਜ਼ੀਲ, ਉਜ਼ਬੇਕਿਸਤਾਨ, ਨਾਈਜਰ, ਨਾਈਜੀਰੀਆ, ਮੋਰੱਕੋ, ਗੁਆਨਾ, ਅਰਜਨਟੀਨਾ, ਫਿਲਪੀਨਜ਼, ਨਾਰਵੇ, ਮਾਲਦੀਵ, ਫਿਜ਼ੀ, ਟੋਂਗੋ, ਪੇਰੂ ਤੇ ਬੰਗਲਾਦੇਸ਼ ਦੇ ਡਿਪਲੋਮੈਟ ਸ਼ਾਮਲ ਹਨ। ਵਿਦੇਸ਼ੀ ਡਿਪਲੋਮੈਟਾਂ ਦਾ ਇਹ ਦਲ ਦੋ ਦਿਨ ਕਸ਼ਮੀਰ 'ਚ ਰਹੇਗਾ। ਦੱਸਿਆ ਜਾ ਰਿਹਾ ਹੈ ਕਿ ਭਾਰਤ ਸਰਕਾਰ ਯੂਰਪੀ ਯੂਨੀਅਨ ਦੇ ਵੀ ਸੰਪਰਕ 'ਚ ਹੈ ਪਰ ਉਨ੍ਹਾਂ ਵਲੋਂ ਇਸ ਟੂਰ ਦਾ ਹਿੱਸਾ ਬਣਨ ਲਈ ਸਹਿਮਤੀ ਨਹੀਂ ਮਿਲ ਸਕੀ। ਭਾਰਤ ਸਰਕਾਰ ਦੇ ਸੂਤਰਾਂ ਦੀ ਮੰਨੀਏ ਤਾਂ ਯੂਰਪੀ ਯੂਨੀਅਨ ਦੇ ਡਿਪਲੋਮੈਟ ਵੱਖਰੇ ਸਮੂਹ 'ਚ ਜਾਣਾ ਚਾਹੁੰਦੇ ਹਨ, ਜੋ ਅਜੇ ਸੰਭਵ ਨਹੀਂ ਹੈ।
 

ਯੂਰਪੀ ਯੂਨੀਅਨ ਨੇ ਅਕਤੂਬਰ 'ਚ ਕੀਤਾ ਸੀ ਦੌਰਾ—
ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਅਤੇ ਪੂਰੇ ਰਾਜ ਦਾ ਦਰਜਾ ਖਤਮ ਕੀਤੇ ਜਾਣ ਦੇ ਬਾਅਦ ਇਹ ਕਿਸੇ ਵਿਦੇਸ਼ੀ ਦਲ ਦਾ ਦੂਜਾ ਕਸ਼ਮੀਰ ਦੌਰਾ ਹੈ। ਇਸ ਤੋਂ ਪਹਿਲਾਂ ਅਕਤੂਬਰ ਮਹੀਨੇ 'ਚ ਯੂਰਪੀ ਸੰਸਦ ਦੇ 27 ਮੈਂਬਰੀ ਵਫਦ ਨੇ ਵੀ ਕਸ਼ਮੀਰ ਦਾ ਦੌਰਾ ਕੀਤਾ ਸੀ।


Related News