ਦਰਦ : ਦੂਜੀਆਂ ਜ਼ੁਬਾਨਾਂ ਦੇ ਮੁਕਾਬਲੇ ਸੁੰਗੜ ਰਹੀ ਹੈ ਉਰਦੂ : ਗੁਲਾਮ ਨਬੀ ਆਜ਼ਾਦ

03/31/2022 8:28:57 PM

ਨਵੀਂ ਦਿੱਲੀ (ਨਵੋਦਿਆ ਟਾਈਮਸ) : ਦੂਜੀਆਂ ਜ਼ੁਬਾਨਾਂ ਦੇ ਮੁਕਾਬਲੇ ਉਰਦੂ ਦੇ ਸੁੰਗੜਨ ਦਾ ਦਰਦ ਬੁੱਧਵਾਰ ਨੂੰ ਇਕ ਸਮਾਗਮ ਵਿਚ ਸਪੱਸ਼ਟ ਨਜ਼ਰ ਆਇਆ। ਦਿੱਲੀ ਦੇ ਇਸਲਾਮਿਕ ਕਲਚਰਲ ਸੈਂਟਰ ਵਿਚ ਉਰਦੂ ਜਰਨਲਿਜ਼ਮ ਬਾਈਸੈਂਟੇਨਰੀ ਸੈਲੀਬ੍ਰੇਸ਼ਨਜ਼ ਕਮੇਟੀ ਵੱਲੋਂ ਆਯੋਜਿਤ ਪੁਰਸਕਾਰ ਸਮਾਗਮ ਵਿਚ ਬੁੱਧਵਾਰ ਨੂੰ ਕਾਂਗਰਸੀ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਇਕ ਪਾਸੇ ਉਰਦੂ ਸੁੰਗੜ ਰਹੀ ਹੈ ਤਾਂ ਦੂਜੇ ਪਾਸੇ ਅੰਗਰੇਜ਼ੀ ਆਪਣੇ ਸਿਖਰ ’ਤੇ ਹੈ। ਲੋਕ ਬੱਚਿਆਂ ਨੂੰ ਅੰਗਰੇਜ਼ੀ ਵਿਚ ਸਿੱਖਿਆ ਦੇਣੀ ਚੰਗਾ ਸਮਝਦੇ ਹਨ ਪਰ ਇਸ ਨਾਲ ਉਰਦੂ ਖਤਮ ਹੋ ਰਹੀ ਹੈ। ਜੇ ਦੇਸ਼ ਦੇ ਕੁਝ ਸੂਬਿਆਂ ਦੀ ਗੱਲ ਕਰੀਏ ਤਾਂ ਤਮਿਲ, ਤੇਲਗੂ, ਮਲਿਆਲਮ ਤੇ ਮਰਾਠੀ ਵਰਗੀਆਂ ਖੇਤਰੀ ਭਾਸ਼ਾਵਾਂ ਨੂੰ ਉੱਥੋਂ ਦੇ ਲੋਕਾਂ ਨੇ ਬਚਾਅ ਕੇ ਰੱਖਿਆ ਹੋਇਆ ਹੈ।

ਉਰਦੂ ਪੱਤਰਕਾਰਤਾ ਦੇ 200 ਸਾਲ ਪੂਰੇ ਹੋਣ ’ਤੇ ਆਯੋਜਿਤ ਹੋਇਆ ਸਨਮਾਨ ਸਮਾਗਮ
ਇਸੇ ਤਰ੍ਹਾਂ ਉਰਦੂ ਨੂੰ ਵੀ ਬਚਾਈ ਰੱਖਣ ਦੀ ਲੋੜ ਹੈ। ਹਿੰਦੁਸਤਾਨ ਵਿਚ ਉਰਦੂ ਬੋਲਣ, ਪੜ੍ਹਨ ਵਾਲਿਆਂ ਦੀ ਗਿਣਤੀ ਨੂੰ ਘਟਣ ਤੋਂ ਰੋਕਣ ਦੀ ਲੋੜ ਹੈ। ਆਜ਼ਾਦ ਨੇ ਕਿਹਾ ਕਿ ਉਨ੍ਹਾਂ 10ਵੀਂ ਜਮਾਤ ਤਕ ਉਰਦੂ ਪੜ੍ਹੀ ਅਤੇ ਉਰਦੂ ਲਾਇਬ੍ਰੇਰੀ ’ਚ ਵੀ ਜਾਂਦੇ ਸਨ ਪਰ ਹੁਣ ਉਰਦੂ ਲਾਇਬ੍ਰੇਰੀ ਵਿਚ ਜਾਣ ਵਾਲੇ ਲੋਕ ਵੀ ਘੱਟ ਹੋ ਰਹੇ ਹਨ। ਉਨ੍ਹਾਂ ਕਿਹਾ ਕਿ 1947 ਵਿਚ ਆਜ਼ਾਦੀ ਦੇ ਸੰਗਰਾਮ ਨੂੰ ਸਾਰੀਆਂ ਭਾਸ਼ਾਵਾਂ ਵਿਚ ਲਾਜ਼ਮੀ ਵਿਸ਼ਾ ਨਾ ਬਣਾਉਣਾ ਵੱਡੀ ਗਲਤੀ ਸੀ, ਜਿਸ ਨਾਲ ਲੋਕਾਂ ਨੂੰ ਇਕ-ਦੂਜੇ ਦੀ ਦੇਸ਼-ਭਗਤੀ ਅਤੇ ਦੇਸ਼ ਪ੍ਰਤੀ ਉਨ੍ਹਾਂ ਦੇ ਯੋਗਦਾਨ ’ਤੇ ਸਵਾਲ ਉਠਾਉਣ ਦਾ ਮੌਕਾ ਮਿਲਿਆ। ਸਮਾਗਮ ਵਿਚ ਮੁੱਖ ਮਹਿਮਾਨ ਸਾਬਕਾ ਉਪ-ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਕਿਹਾ ਕਿ ਉਰਦੂ ਹੁਣ ਸਿਰਫ ਹਿੰਦੁਸਤਾਨ ਜਾਂ ਉਪ-ਮਹਾਦੀਪ ਦੀ ਜ਼ੁਬਾਨ ਨਹੀਂ ਹੈ, ਸਗੋਂ ਇਹ ਸੰਸਾਰਕ ਭਾਸ਼ਾ ਬਣ ਗਈ ਹੈ।

ਪੰਜਾਬ ਕੇਸਰੀ ਸਮੂਹ ਦੇ ਐਡੀਟਰ ਇਨ ਚੀਫ ਸ਼੍ਰੀ ਵਿਜੇ ਕੁਮਾਰ ਚੋਪੜਾ ਹੋਏ ਸਨਮਾਨਿਤ
ਪੁਰਸਕਾਰ ਸਮਾਗਮ ਵਿਚ ਹਾਮਿਦ ਅੰਸਾਰੀ ਤੇ ਗੁਲਾਮ ਨਬੀ ਆਜ਼ਾਦ ਨੇ ਹਿੰਦ ਸਮਾਚਾਰ ਸਮੂਹ ਤੇ ਪੰਜਾਬ ਕੇਸਰੀ ਦੇ ਐਡੀਟਰ ਇਨ ਚੀਫ ਸ਼੍ਰੀ ਵਿਜੇ ਕੁਮਾਰ ਚੋਪੜਾ ਨੂੰ ਉਰਦੂ ਦੇ ਖੇਤਰ ਵਿਚ ਦਹਾਕਿਆਂ ਤੋਂ ਸ਼ਾਨਦਾਰ ਪੱਤਰਕਾਰਤਾ ਕਰਨ ਲਈ ਸਨਮਾਨਿਤ ਕੀਤਾ। ਯਾਦ ਰਹੇ ਕਿ ਪੰਜਾਬ ਕੇਸਰੀ ਸਮੂਹ ਦਾ ਹਿੰਦ ਸਮਾਚਾਰ ਅਖਬਾਰ ਉਰਦੂ ਭਾਸ਼ਾ ਵਿਚ ਪਿਛਲੇ 74 ਸਾਲਾਂ ਤੋਂ ਲਗਾਤਾਰ ਪ੍ਰਕਾਸ਼ਿਤ ਹੋ ਰਿਹਾ ਹੈ। ਸਮਾਗਮ ਵਿਚ ਅਹਿਮਦ ਸਈਦ ਮਲੀਹਾਬਾਦੀ, ਅਹਿਮਦ ਇਬਰਾਹਿਮ ਅਲਬੀ, ਐੱਸ. ਐੱਮ. ਅਸ਼ਰਫ ਸ਼ਰੀਫ ਤੇ ਇਜ਼ਰਾਲ ਸਿੱਦੀਕੀ ਸਮੇਤ 20 ਪੱਤਰਕਾਰਾਂ ਨੂੰ ਉਰਦੂ ਪੱਤਰਕਾਰਤਾ ਦੇ ਖੇਤਰ ਵਿਚ ਲੰਬੇ ਸਮੇਂ ਤੋਂ ਕੰਮ ਕਰਨ ਲਈ ਸਨਮਾਨਿਤ ਕੀਤਾ ਗਿਆ।

ਪੁਰਸਕਾਰ ਸਮਾਗਮ ਦਾ ਸੰਚਾਲਨ ਕਰ ਰਹੇ ਮਾਸੂਮ ਮੋਰਾਦਾਬਾਦੀ ਨੇ ਕਿਹਾ ਕਿ ਇਹ ਪੁਰਸਕਾਰ ਸਮਾਗਮ ਇਸ ਕੜੀ ਦਾ ਪਹਿਲਾ ਪ੍ਰੋਗਰਾਮ ਹੈ। ਉਰਦੂ ਪੱਤਰਕਾਰਤਾ ਦੇ 200 ਸਾਲ ਪੂਰੇ ਹੋਣ ਦੇ ਸਿਲਸਿਲੇ ’ਚ ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਇਸੇ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ। ਪੁਰਸਕਾਰ ਸਮਾਗਮ ਦੀ ਸ਼ੁਰੂਆਤ ਵਿਚ ਉਰਦੂ ਪੱਤਰਕਾਰਤਾ ਦੇ ਇਤਿਹਾਸ ਨੂੰ ਬਿਆਨ ਕਰਦੀ ਇਕ ਡਾਕੂਮੈਂਟਰੀ ਦਾ ਵੀ ਪ੍ਰਸਾਰਣ ਕੀਤਾ ਗਿਆ। ਇਸ ਮੌਕੇ ’ਤੇ ਉਰਦੂ ਜ਼ੁਬਾਨ ਨੂੰ ਪਸੰਦ ਕਰਨ ਵਾਲੇ, ਉਰਦੂ ਪੱਤਰਕਾਰ ਤੇ ਸਿੱਖਿਆ ਮਾਹਿਰਾਂ ਸਮੇਤ ਹੋਰ ਲੋਕ ਮੌਜੂਦ ਰਹੇ ।


Anuradha

Content Editor

Related News